-1.9 C
Toronto
Thursday, December 4, 2025
spot_img
Homeਦੁਨੀਆਭਾਰਤ ਅਤੇ ਪਾਕਿ ਦੇ ਵਿਗੜਦੇ ਰਿਸ਼ਤਿਆਂ ਦਾ ਪ੍ਰਭਾਵ ਧਾਰਮਿਕ ਯਾਤਰਾਵਾਂ 'ਤੇ ਵੀ...

ਭਾਰਤ ਅਤੇ ਪਾਕਿ ਦੇ ਵਿਗੜਦੇ ਰਿਸ਼ਤਿਆਂ ਦਾ ਪ੍ਰਭਾਵ ਧਾਰਮਿਕ ਯਾਤਰਾਵਾਂ ‘ਤੇ ਵੀ ਪਿਆ

ਇਕ ਵਰ੍ਹੇ ਤੋਂ ਧਾਰਮਿਕ ਸਮਾਰੋਹਾਂ ਵਿਚ ਸ਼ਾਮਿਲ ਨਹੀਂ ਹੋ ਸਕੇ ਭਾਰਤ-ਪਾਕਿ ਦੇ ਨਾਗਰਿਕ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ ਤੇ ਪਾਕਿਸਤਾਨ ਵਿਚਾਲੇ ਵਿਗੜਦੇ ਤੇ ਠੰਢੇ ਪੈ ਰਹੇ ਰਿਸ਼ਤਿਆਂ ਦਾ ਸਿੱਧਾ ਪ੍ਰਭਾਵ ਦੋਵੇਂ ਦੇਸ਼ਾਂ ਵਿਚਾਲੇ ਚਲਣ ਵਾਲੇ ਵਪਾਰ, ਨਾਗਰਿਕਾਂ ਦੀ ਆਵਾਜਾਈ, ਬੱਸ ਤੇ ਰੇਲ ਸੇਵਾਵਾਂ ਸਮੇਤ ਧਾਰਮਿਕ ਯਾਤਰਾਵਾਂ ‘ਤੇ ਵੀ ਪਿਆ ਹੈ। ਇਨ੍ਹਾਂ ਦੇ ਇਲਾਵਾ ਅਟਾਰੀ-ਵਾਹਗਾ ਸਰਹੱਦ ‘ਤੇ ਰੋਜ਼ਾਨਾ ਸ਼ਾਮ ਸੁਰੱਖਿਆ ਬਲਾਂ ਦੁਆਰਾ ਰਿਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ) ਦੌਰਾਨ ਕੀਤੀ ਜਾਣ ਵਾਲੀ ਸਾਂਝੀ ਪਰੇਡ ‘ਤੇ ਵੀ ਭਾਰਤ-ਪਾਕਿ ਦੇ ਵਿਗੜਦੇ ਰਿਸ਼ਤਿਆਂ ਤੇ ਕੋਰੋਨਾ ਨੇ ਆਪਣਾ ਅਸਰ ਵਿਖਾਇਆ ਹੈ। ਮੌਜੂਦਾ ਸਮੇਂ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ-ਭਾਰਤ ਵਪਾਰ ਪੂਰੀ ਤਰ੍ਹਾਂ ਨਾਲ ਬੰਦ ਹੈ ਅਤੇ ਸਿਰਫ਼ ਪਾਕਿ ਰਾਹੀਂ ਅਫ਼ਗਾਨ-ਭਾਰਤ ਵਿਚਾਲੇ ਹੀ ਵਪਾਰ ਜਾਰੀ ਹੈ।
ਕਰੋਨਾ ਮਹਾਂਮਾਰੀ ਕਾਰਨ ਸਰਹੱਦ ਦੇ ਬੰਦ ਹੋਣ ਕਾਰਨ ਜਿੱਥੇ ਪਾਕਿ ਸ਼ਰਧਾਲੂ ਇਸ ਵਰ੍ਹੇ ਦੌਰਾਨ ਭਾਰਤ ਵਿਚ ਹੋਣ ਵਾਲੇ ਸੂਫ਼ੀ ਸੰਤਾਂ ਦੇ ਵੱਖ-ਵੱਖ ਉਰਸ ਸਮਾਗਮਾਂ ਵਿਚ ਸ਼ਿਰਕਤ ਨਹੀਂ ਕਰ ਸਕੇ, ਉੱਥੇ ਹੀ ਭਾਰਤੀ ਹਿੰਦੂ ਜਥੇ ਸ੍ਰੀ ਕਟਾਸਰਾਜ ਤੀਰਥ ਤੇ ਸਿੱਖ ਜਥੇ ਵਿਸਾਖੀ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ, ਬਰਸੀ ਮਹਾਰਾਜਾ ਰਣਜੀਤ ਸਿੰਘ, ਕਰਤਾਰਪੁਰ ਲਾਂਘੇ ਦੀ ਵਰ੍ਹੇਗੰਢ ਸਮੇਤ ਹੋਰਨਾਂ ਦਿਹਾੜਿਆਂ ‘ਤੇ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹੇ।
ਦੱਸਣਯੋਗ ਹੈ ਕਿ ਪਾਕਿ ਤੋਂ ਸੈਂਕੜੇ ਸ਼ਰਧਾਲੂ ਹਰ ਸਾਲ ਫਰਵਰੀ ਮਹੀਨੇ ਵਿਚ ਅਜਮੇਰ ਸ਼ਰੀਫ਼ ਦੇ ਹਜ਼ੂਰ ਖ਼ਵਾਜਾ ਮੋਇਨੂਦੀਨ ਚਿਸ਼ਤੀ, ਜੂਨ ਵਿਚ ਦਿੱਲੀ ਵਿਖੇ ਹਜ਼ਰਤ ਅਮੀਰ ਖੁਸਰੇ ਦੇ ਉਰਸ, ਸਰਹਿੰਦ ਸ਼ਰੀਫ਼ ਵਿਖੇ ਅਕਤੂਬਰ ਵਿਚ ਹਜ਼ਰਤ ਮੁਜਾਦੀਦ ਅਲਫ਼-ਸਾਨੀ ਦੇ ਉਰਸ, ਆਗਰਾ ਵਿਖੇ ਹਾਫ਼ਿਜ਼ ਹਜ਼ਰਤ ਅਬਦੁੱਲਾ ਸ਼ਾਹ ਦੇ ਉਰਸ ਤੇ ਦਸੰਬਰ ਵਿਚ ਦਿੱਲੀ ਵਿਖੇ ਹਜ਼ਰਤ ਖ਼ਜ਼ਾਨਾ ਨਿਜ਼ਾਮੂਦੀਨ ਆਲੀਆ ਦੇ ਉਰਸ ਵਿਚ ਵੱਡੀ ਗਿਣਤੀ ‘ਚ ਸ਼ਾਮਲ ਹੁੰਦੇ ਹਨ। ਜਦਕਿ ਇਸ ਵਰ੍ਹੇ ਦੌਰਾਨ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਕਿਸੇ ਵੀ ਸਮਾਰੋਹ ਵਿਚ ਸ਼ਿਰਕਤ ਨਹੀਂ ਕਰ ਸਕੇ।
ਇਸ ਵਾਰ ਪਾਕਿ ਵਲੋਂ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਵਾਰ ਫਿਰ ਤੋਂ ਭਾਰਤੀ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਆਉਣ ਲਈ 5 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ।
ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤੀ ਜਥਾ 27 ਨਵੰਬਰ ਨੂੰ ਵਿਸ਼ੇਸ਼ ਬੱਸਾਂ ਤੇ ਭਾਰੀ ਸੁਰੱਖਿਆ ਹੇਠ ਵਾਹਗਾ ਤੋਂ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ ਤੇ 30 ਨਵੰਬਰ ਨੂੰ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਬਾਅਦ ਇਕ ਦਸੰਬਰ ਨੂੰ ਵਾਪਸ ਪਰਤੇਗਾ। ਪਾਕਿ ਵਲੋਂ ਲਗਪਗ 500 ਸਿੱਖ ਸ਼ਰਧਾਲੂਆਂ ਦੇ ਵਾਹਗਾ ਰਾਹੀਂ ਸੜਕ ਰਸਤੇ ਪਾਕਿ ਪਹੁੰਚਣ ਅਤੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਭਾਰਤ ਸਰਕਾਰ ਨੇ ਕਰੋਨਾ ਵਾਇਰਸ ਦੇ ਖ਼ਤਰੇ ਦਾ ਹਵਾਲਾ ਦਿੰਦਿਆਂ ਪਿਛਲੇ ਅੱਠ ਮਹੀਨਿਆਂ ਤੋਂ ਬੰਦ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਅਜੇ ਤੱਕ ਕੋਈ ਸਹਿਮਤੀ ਨਹੀਂ ਜਤਾਈ ਹੈ।

RELATED ARTICLES
POPULAR POSTS