21.9 C
Toronto
Sunday, October 19, 2025
spot_img
Homeਦੁਨੀਆਲੱਦਾਖ਼ ਵਿੱਚ ਭਾਰਤੀ ਤੇ ਚੀਨੀ ਫੌਜ ਆਹਮੋ-ਸਾਹਮਣੇ

ਲੱਦਾਖ਼ ਵਿੱਚ ਭਾਰਤੀ ਤੇ ਚੀਨੀ ਫੌਜ ਆਹਮੋ-ਸਾਹਮਣੇ

ਚੀਨੀ ਸੈਨਿਕਾਂ ਦੀ ਭਾਰਤੀ ਇਲਾਕੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਨਾਕਾਮ
ਪੇਈਚਿੰਗ/ਬਿਊਰੋ ਨਿਊਜ਼
ਚੀਨੀ ਫ਼ੌਜੀਆਂ ਵੱਲੋਂ ਲੱਦਾਖ਼ ਵਿੱਚ ਪੈਂਗੌਂਗ ਝੀਲ ਦੇ ਕੰਢੇ ਉਤੇ ਦੋ ਥਾਈਂ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਸਰਹੱਦੀ ਰਾਖਿਆਂ ਵੱਲੋਂ ਨਾਕਾਮ ਕਰ ਦੇਣ ਤੇ ਇਸ ਮੌਕੇ ਦੋਵਾਂ ਧਿਰਾਂ ਦੀ ਹੋਈ ਝੜਪ ਤੋਂ ਬਾਅਦ ਲੇਹ ਦੇ ਚੁਸੂਲ ਸੈਕਟਰ ਵਿੱਚ ਦੋਵਾਂ ਫ਼ੌਜਾਂ ਦੇ ਸਰਹੱਦੀ ਅਧਿਕਾਰੀਆਂ ਦੀ ਮੀਟਿੰਗ (ਬੀਪੀਐਮ) ਹੋਈ।
ਸਰਕਾਰੀ ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸਰਹੱਦ ਉਤੇ ਅਮਨ ਬਣਾਈ ਰੱਖਣ ਲਈ ਵਿਚਾਰਾਂ ਕੀਤੀਆਂ ਗਈਆਂ।
ਦੂਜੇ ਪਾਸੇ ਚੀਨੀ ਵਿਦੇਸ਼ ਮੰਤਰਾਲੇ ਨੇ ਅਜਿਹੀ ਘਟਨਾ ਦੀ ਜਾਣਕਾਰੀ ਹੋਣ ਤੋਂ ਨਾਂਹ ਕੀਤੀ ਹੈ। ਰੱਖਿਆ ਮੰਤਰੀ ਅਰੁਣ ਜੇਤਲੀ ਨੇ ਵੀ ਇਸ ਬਾਰੇ ਟਿੱਪਣੀ ਤੋਂ ਨਾਂਹ ਕਰ ਦਿੱਤੀ। ਜਾਣਕਾਰੀ ਮੁਤਾਬਕ ਲੰਘੇ ਦਿਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਨੇ ਫਿੰਗਰ ਫੋਰ ਤੇ ਫਿੰਗਰ ਫਾਈਵ ਤੋਂ ਸਵੇਰੇ 6 ਤੋਂ 9 ਵਜੇ ਦੌਰਾਨ ਦੋ ਵਾਰ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮੁਸਤੈਦ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।
ਆਈਟੀਬੀਪੀ ਜਵਾਨਾਂ ਨੇ ਮਨੁੱਖੀ ਲੜੀ ਬਣਾ ਕੇ ਰਾਹ ਰੋਕੇ ਜਾਣ ‘ਤੇ ਚੀਨੀ ਫ਼ੌਜੀਆਂ ਨੇ ਉਨ੍ਹਾਂ ‘ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਦਾ ਭਾਰਤੀ ਜਵਾਨਾਂ ਨੇ ਵੀ ਢੁਕਵਾਂ ਜਵਾਬ ਦਿੱਤਾ। ਇਸ ਕਾਰਨ ਦੋਵੇਂ ਪਾਸਿਆਂ ਦੇ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਰਵਾਇਤੀ ਬੈਨਰ ਡਰਿੱਲ ਰਾਹੀਂ ਸਥਿਤੀ ਨੂੰ ਕਾਬੂ ਵਿੱਚ ਕੀਤਾ ਗਿਆ।
ਬੈਨਰ ਡਰਿੱਲ ਰਾਹੀਂ ਦੋਵਾਂ ਧਿਰਾਂ ਦੇ ਦਸਤੇ ਬੈਨਰ ਦਿਖਾ ਕੇ ਪਿੱਛੇ ਹਟਣ ਤੇ ਆਪਣੀਆਂ ਪਹਿਲੀਆਂ ਪੁਜ਼ੀਸ਼ਨਾਂ ‘ਤੇ ਜਾਣ ਦਾ ਐਲਾਨ ਕਰਦੇ ਹਨ।
ਇਸ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਭਾਰਤੀ ਰੱਖਿਆ ਮੰਤਰੀ ઠਅਰੁਣ ਜੇਤਲੀ ਨੇ ਕਿਹਾ, ”ਇਹ ਅਜਿਹਾ ਵਿਸ਼ਾ ਨਹੀਂ ਹੈ, ਜਿਸ ‘ਤੇ ਸਰਕਾਰ ਕੋਈ ਟਿੱਪਣੀ ਕਰੇ।” ਸੂਤਰਾਂ ਮੁਤਾਬਕ ਬੀਪੀਐਮ ਪਹਿਲਾਂ ਹੀ ਮਿਥੀ ਹੋਈ ਸੀ ਤੇ ਇਸ ਵਿੱਚ ਸਰਹੱਦ ‘ਤੇ ਅਮਨ ਬਣਾਈ ਰੱਖਣ ਸਮੇਤ ਹੋਰ ਮੁੱਦੇ ਵਿਚਾਰੇ ਗਏ।ਮੀਟਿੰਗ ਵਿੱਚ ਦੋਵੇਂ ਧਿਰਾਂ ਦੇ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਅਮਰੀਕਾ ਵੱਲੋਂ ਦੋਵੇਂ ਧਿਰਾਂ ਨੂੰ ਅਮਨ ਬਣਾਈ ਰੱਖਣ ਦੀ ਸਲਾਹ
ਵਾਸ਼ਿੰਗਟਨ: ਇਸ ਦੌਰਾਨ ਅਮਰੀਕਾ ਨੇ ਭਾਰਤ ਅਤੇ ਚੀਨ ਨੂੰ ਜ਼ਬਤ ਅਤੇ ਸਰਹੱਦ ਉਤੇ ਅਮਨ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। ਵਾਈਟ ਹਾਊਸ ਦੇ ਇਕ ਬੁਲਾਰੇ ਨੇ ਦੋਵਾਂ ਮੁਲਕਾਂ ਦਰਮਿਆਨ ਜਾਰੀ ਸਰਹੱਦੀ ਤਣਾਅ ‘ਤੇ ਚਿੰਤਾ ਜ਼ਾਹਰ ਕੀਤੀ ਹੈ।

 

RELATED ARTICLES
POPULAR POSTS