Breaking News
Home / ਦੁਨੀਆ / ਪਰਦੇਸ ‘ਚ ਟੁੱਟਦੇ ਸੁਪਨਿਆਂ ਨੂੰ ਅਫੀਮ ਦਾ ਸਹਾਰਾ

ਪਰਦੇਸ ‘ਚ ਟੁੱਟਦੇ ਸੁਪਨਿਆਂ ਨੂੰ ਅਫੀਮ ਦਾ ਸਹਾਰਾ

ਇਟਲੀ ‘ਚ ਭਾਰਤੀ ਕਾਮਿਆਂ ਦਾ ਸ਼ੋਸ਼ਣ; 13-13 ਘੰਟੇ ਕੰਮ ਕਰਨ ਕਾਰਨ ਹੋਏ ਨਸ਼ਿਆਂ ਦੇ ਆਦੀ
ਰੋਮ/ਬਿਊਰੋ ਨਿਊਜ਼ : ਤਿੰਨ ਵਰ੍ਹਿਆਂ ਤੱਕ ਅਮਨਦੀਪ (ਅਸਲ ਨਾਂ ਨਹੀਂ) ਆਪਣੇ ਦਿਨ ਦੀ ਸ਼ੁਰੂਆਤ ਅਫ਼ੀਮ ਨਾਲ ਕਰਦਾ ਅਤੇ ਰਾਤ ਪੈਣ ‘ਤੇ ਹੈਰੋਇਨ ਸੁੜ੍ਹਾਕਦਾ। ਉਹ ਰੋਜ਼ਾਨਾ 13 ਘੰਟੇ ਖੇਤਾਂ ਵਿੱਚ ਹੱਡ-ਭੰਨਵੀਂ ਮਿਹਨਤ ਕਰਦਾ ਸੀ। ਇਟਲੀ ਵਿੱਚ ਰੋਮ ਦੇ ਦੱਖਣ ਵਿਚ ਪੌਨਟਾਈਨ ਮਾਰਸ਼ਸ ਵਿੱਚ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਹਜ਼ਾਰਾਂ ਭਾਰਤੀ ਕਾਮੇ ਸ਼ਿਕਾਰ ਹੋ ਰਹੇ ਹਨ। 30 ਸਾਲਾ ਅਮਨਦੀਪ ਨੇ ‘ਥੌਮਸਨ ਰਾਇਟਰਜ਼ ਫਾਊਂਡੇਸ਼ਨ’ ਨੂੰ ਦੱਸਿਆ, ‘ਗਰਮੀ ਵਿਚ ਦਿਨ ਬਹੁਤ ਤਪਦਾ ਹੈ। ਤੁਹਾਡੀ ਪਿੱਠ ਬੁਰੀ ਤਰ੍ਹਾਂ ਦਰਦ ਕਰਦੀ ਹੈ। ਮਾੜੀ ਜਿਹੀ ਅਫੀਮ ਤੁਹਾਨੂੰ ਥੱਕਣ ਨਹੀਂ ਦਿੰਦੀ। ਜ਼ਿਆਦਾ ਖਾਣ ਨਾਲ ਨੀਂਦ ਆ ਜਾਂਦੀ ਹੈ। ਮੈਂ ਕੇਵਲ ਕੰਮ ਕਰਨ ਵਾਸਤੇ ਥੋੜ੍ਹੀ ਜਿਹੀ ਖਾਂਦਾ ਸੀ।’
ਜਾਣਕਾਰੀ ਮੁਤਾਬਕ ਤਕਰੀਬਨ 30 ਹਜ਼ਾਰ ਭਾਰਤੀ, ਮੁੱਖ ਤੌਰ ‘ਤੇ ਪੰਜਾਬ ਦੇ ਸਿੱਖ, ਪੌਨਟਾਈਨ ਮਾਰਸ਼ਸ ਵਿੱਚ ਰਹਿੰਦੇ ਹਨ। ਇਟਲੀ ਦੇ ਫਾਸ਼ੀਵਾਦੀ ਹਕੂਮਤ ਨੇ ਸਾਲ 1930 ਵਿਚ ਇਸ ਖੇਤਰ ‘ਚ ਖੇਤੀ ਕਰਾਉਣੀ ਸ਼ੁਰੂ ਕੀਤੀ ਸੀ। ਏਜੰਟਾਂ ਵੱਲੋਂ ਚੰਗੀ ਨੌਕਰੀ ਦੇ ਸਬਜ਼ਬਾਗ ਦਿਖਾ ਕੇ ਲਿਆਂਦੇ ਭਾਰਤੀ ਕਾਮਿਆਂ ਤੋਂ ਇੱਥੇ ਪਿਛਲੇ ਇਕ ਦਹਾਕੇ ਤੋਂ ਬਿਨਾਂ ਉਜਰਤ ਦੇ ਕਰਜ਼ੇ ਉਤਾਰਨ ਬਦਲੇ ਕੰਮ ਲਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਇਸ ਨੂੰ ਕਰਜ਼ ਗੁਲਾਮੀ ਵਜੋਂ ਜਾਣਿਆ ਜਾਂਦਾ ਹੈ। ਵਾਕ ਫਰੀ ਫਾਊਂਡੇਸ਼ਨ ਨੇ 2016 ਵਿੱਚ ਦੱਸਿਆ ਸੀ ਕਿ ਇਕ ਅੰਦਾਜ਼ੇ ਮੁਤਾਬਕ ਆਲਮੀ ਪੱਧਰ ‘ਤੇ ਤਕਰੀਬਨ 46 ਕਰੋੜ ਲੋਕ ਗੁਲਾਮ ਹਨ।
ਭਾਰਤੀ ਕਾਮੇ ਇਟਲੀ ਵਿਚ ਪਿੰਡਾਂ ਤੇ ਸਮੁੰਦਰ ਕੰਢੇ ਵਸੇ ਕਸਬਿਆਂ ਵਿੱਚ ਰਹਿੰਦੇ ਹਨ, ਜਿਥੇ ਰੋਮ ਵਾਸੀ ਛੁੱਟੀਆਂ ਮਨਾਉਣ ਆਉਂਦੇ ਹਨ, ਪਰ ਉਹ ਇਕੱਲਤਾ ਦਾ ਜੀਵਨ ਜਿਉਂਦੇ ਹਨ। ਇਨ੍ਹਾਂ ਵਿਚੋਂ ਕੋਈ ਟਾਵਾਂ ਹੀ ਥੋੜ੍ਹੀ ਬਹੁਤ ਇਟਾਲੀਅਨ ਬੋਲਣੀ ਜਾਣਦੈ। ਉਹ ਇਕੱਠੇ ਖੇਤਾਂ ਅਤੇ ਸਬਜ਼ੀਆਂ ਉਗਾਉਣ ਵਾਲੇ ਪੋਲੀਹਾਊਸਾਂ ਵਿੱਚ ਦਿਨ ਕਟੀ ਕਰਦੇ ਹਨ। ਕਾਮਿਆਂ, ਡਾਕਟਰਾਂ, ਪੁਲਿਸ ਤੇ ਅਧਿਕਾਰਾਂ ਬਾਰੇ ਜਥੇਬੰਦੀਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਬਹੁਤ ਘੱਟ ਮਿਹਨਤਾਨਾ, ਰਹਿਣ ਸਹਿਣ ਦੇ ਮਾੜੇ ਹਾਲਾਤ ਅਤੇ ਦਿਨ ਵਿਚ ਕਈ ਘੰਟੇ ਕੰਮ ਕਰਨਾ ਪੈਣ ਕਾਰਨ ਨਸ਼ੇ ਲੈਣ ਵਾਲੇ ਕਾਮਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜ਼ਿਆਦਾਤਰ ਪੋਸਤ ਦੇ ਡੋਡੇ ਚੱਬਦੇ ਹਨ, ਜਿਨ੍ਹਾਂ ਵਿਚ ਮਾਰਫੀਨ ਦੀ ਮਾਤਰਾ ਘੱਟ ਹੁੰਦੀ ਹੈ, ਪਰ ਕਈ ਅਮਨਦੀਪ ਵਰਗੇ ਵਧਦੇ ਵਧਦੇ ਹੈਰੋਇਨ ਦੇ ਆਦੀ ਵੀ ਹੋ ਜਾਂਦੇ ਹਨ। 2016 ਵਿੱਚ ਦੋ ਨਸ਼ਾ ਛੁਡਾਊ ਕੇਂਦਰਾਂ ਵਿੱਚ 20 ਭਾਰਤੀ ਭਰਤੀ ਹੋਏ ਸਨ ਅਤੇ ਇਸ ਵਾਰ ਇਹ ਗਿਣਤੀ ਵਧਣ ਦੇ ਆਸਾਰ ਹਨ। ਗੌਰਤਲਬ ਹੈ ਕਿ ਅਮਨਦੀਪ 2008 ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਇਟਲੀ ਆਇਆ ਸੀ। ਉਸ ਨੇ ਇਕ ਏਜੰਟ ਨੂੰ ਜਹਾਜ਼ ਦੀ ਟਿਕਟ ਤੇ ਯਾਤਰਾ ਦਸਤਾਵੇਜ਼ਾਂ ਲਈ 13 ਹਜ਼ਾਰ ਡਾਲਰ ਦਿੱਤੇ ਸਨ। ਅਮਨਦੀਪ ਨੇ ਅੱਧੀ ਰਾਸ਼ੀ ਦਿੱਤੀ ਤੇ ਬਾਕੀ ਲਈ ਏਜੰਟ ਤੋਂ ਕਰਜ਼ਾ ਲੈ ਲਿਆ ਸੀ, ਜਿਸ ਨੂੰ ਮੋੜਨ ਵਾਸਤੇ ਉਸ ਨੂੰ ਸੱਤ ਮਹੀਨੇ ਮੁਫ਼ਤ ਵਿਚ ਕੰਮ ਕਰਨਾ ਪਿਆ।
ਆਪਣਿਆਂ ਵੱਲੋਂ ਹੀ ਕੀਤੀ ਜਾਂਦੀ ਹੈ ਜ਼ਿਆਦਾ ਲੁੱਟ
ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਘੰਟੇ ਦੇ ਮਹਿਜ਼ 3-5 ਯੂਰੋ ਦਿੱਤੇ ਜਾਂਦੇ ਹਨ, ਜੋ ਘੱਟੋ-ਘੱਟ ਉਜਰਤ (8 ਯੂਰੋ) ਤੋਂ ਬਹੁਤ ਘੱਟ ਹੈ। ਕਾਮਿਆਂ ਦੀ ਨਿਗਰਾਨੀ ਲਈ ਗੈਂਗਮਾਸਟਰ ਰੱਖੇ ਜਾਂਦੇ ਹਨ, ਜੋ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਮੈਂਬਰ ਹੁੰਦੇ ਹਨ। ਇਹ ਫਾਰਮ ਮਾਲਕ ਤੇ ਮਜ਼ਦੂਰਾਂ ਵਿਚਾਲੇ ਕੜੀ ਦਾ ਕੰਮ ਕਰਦੇ ਹਨ। ਸਥਾਨਕ ਇੰਡੀਅਨ ਕਮਿਊਨਿਟੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ, ‘ਜੇਕਰ ਫਾਰਮ ਮਾਲਕ 4 ਯੂਰੋ ਦਿੰਦਾ ਹੈ ਤਾਂ ਗੈਂਗਮਾਸਟਰ ਵੱਲੋਂ 3.80 ਯੂਰੋ ਹੀ ਦਿੱਤੇ ਜਾਂਦੇ ਹਨ ਤੇ ਬਾਕੀ ਆਪਣੀ ਜੇਬ ਵਿੱਚ ਪਾ ਲਏ ਜਾਂਦੇ ਹਨ।’ ਕੰਮ ਨਾ ਮਿਲਣ ਡਰੋਂ ਜ਼ਿਆਦਾਤਰ ਮਜ਼ਦੂਰਾਂ ਵੱਲੋਂ ਹੱਕਾਂ ਲਈ ਆਵਾਜ਼ ਨਹੀਂ ਉਠਾਈ ਜਾਂਦੀ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …