ਮਿਲਾਨ : ਵਿਦੇਸ਼ਾਂ ਵਿਚ ਵਸਦੇ ਕਈ ਪੰਜਾਬੀ ਅਜਿਹੇ ਕੰਮ ਕਰ ਜਾਂਦੇ ਹਨ, ਜਿਨ੍ਹਾਂ ਕਾਰਨ ਸਮੁੱਚੇ ਭਾਈਚਾਰੇ ਦਾ ਸਿਰ ਝੁਕਦਾ ਹੈ ਤੇ ਉਨ੍ਹਾਂ ਦੀ ਭਰੋਸੇਯੋਗਤਾ ਘੱਟਦੀ ਹੈ। ਇਟਲੀ ਵਿਚ ਇਕ ਪੰਜਾਬੀ ਜੋੜੇ ਨੇ ਅਜਿਹਾ ਹੀ ਕਾਰਾ ਕੀਤਾ ਹੈ। ਇਸ ਜੋੜੇ ਨੇ ਇਕ ਇਤਾਲਵੀ ਬਜ਼ੁਰਗ ਔਰਤ ਨੂੰ ਆਪਣੀ ਗਰੀਬੀ ਦਾ ਹਵਾਲਾ ਦੇ ਕੇ ਉਸ ਨਾਲ ਸਾਂਝ ਪਾਈ ਤੇ ਫਿਰ ਉਸ ਤੋਂ ਕਰੀਬ 300 ਮਿਲੀਅਨ ਯੂਰੋ ਧੋਖੇ ਨਾਲ ਲੈ ਲਏ। ਹੁਣ ਅਦਾਲਤ ਨੇ ਉਨ੍ਹਾਂ ਨੂੰ ਢਾਈ ਸਾਲ ਦੀ ਕੈਦ ਤੇ ਵੱਡਾ ਜੁਰਮਾਨਾ ਕੀਤਾ ਹੈ।
ਕਾਸਤੇਲ ਗੋਫਰੇਦੋ ਦੀ ਰਹਿਣ ਵਾਲੀ ਇਕ 80 ਸਾਲਾ ਇਟਾਲੀਅਨ ਬਜ਼ੁਰਗ ਮਹਿਲਾ ਦਾ ਪਤੀ 40 ਸਾਲ ਪਹਿਲਾਂ ਹੀ ਮਰ ਚੁੱਕਾ ਸੀ। ਉਸਦਾ ਕੋਈ ਵੀ ਬੱਚਾ ਤੇ ਰਿਸ਼ਤੇਦਾਰ ਨਹੀਂ ਸੀ। ਉਸਦੀ ਮੁਲਾਕਾਤ ਜੈ ਸਿੰਘ ਤੇ ਜਸਵੰਤ ਕੌਰ ਦੇ ਪਰਿਵਾਰ ਨਾਲ ਹੋਈ, ਜਿਨ੍ਹਾਂ ਨਾਲ ਉਸਦੀ ਨੇੜਤਾ ਕਾਫੀ ਵਧ ਗਈ। ਜੈ ਸਿੰਘ ਤੇ ਜਸਵੰਤ ਕੌਰ ਨੇ ਆਪਣੇ ਬੱਚੇ ਨੂੰ ਅੱਗੇ ਕਰਕੇ ਆਪਣੇ ਆਪ ਨੂੰ ਗਰੀਬ ਤੇ ਮਜਬੂਰ ਦੱਸਿਆ। ਬਜ਼ੁਰਗ ਔਰਤ ਨੂੰ ਇਨ੍ਹਾਂ ‘ਤੇ ਤਰਸ ਆ ਗਿਆ ਤੇ ਉਨ੍ਹਾਂ ਦੀ ਮੱਦਦ ਦੀ ਕੋਸ਼ਿਸ਼ ਕੀਤੀ। ਉਸ ਨੇ ਪਰਿਵਾਰ ਲਈ ਇਕ ਘਰ ਖਰੀਦਣ ਦਾ ਮਨ ਬਣਾਇਆ, ਜਿਸ ਵਿਚ ਉਹ ਵੀ ਇਸ ਪੰਜਾਬੀ ਪਰਿਵਾਰ ਨਾਲ ਰਹਿ ਸਕੇ। ਉਸ ਨੇ ਇਸ ਦੀ ਮਲਕੀਅਤ ਦੇ ਸਾਰੇ ਹੱਕ ਪਰਿਵਾਰ ਨੂੰ ਦੇ ਦਿੱਤੇ। ਇਸ ਤੋਂ ਬਾਅਦ ਪੰਜਾਬੀ ਪਰਿਵਾਰ ਕਈ ਵਾਰ ਔਰਤ ਕੋਲੋਂ ਵੱਡੀ ਰਕਮ ਦੀ ਮੰਗ ਕਰਦਾ ਰਿਹਾ। ਬਜ਼ੁਰਗ ਔਰਤ ਕਈ ਵਾਰ ਬੈਂਕ ਵਿਚੋਂ ਪੈਸੇ ਲੈਣ ਲਈ ਗਈ। ਇਕ ਵਾਰ ਜਦੋਂ ਉਸ ਨੇ ਬੈਂਕ ਤੋਂ ਵੱਡੀ ਰਕਮ 20-30 ਹਜ਼ਾਰ ਯੂਰੋ ਇਕੋ ਵਾਰ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਬੈਂਕ ਦੇ ਡਾਇਰੈਕਟਰ ਨੂੰ ਕੁਝ ਸ਼ੱਕ ਹੋ ਗਿਆ ਤੇ ਉਸ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਬਾਅਦ ਵਿਚ ਪੁਲਿਸ ਤਫਤੀਸ਼ ‘ਚ ਸਾਰਾ ਮਾਮਲਾ ਸਾਹਮਣੇ ਆਇਆ ਕਿਵੇਂ ਇਹ ਪਰਿਵਾਰ ਬਜ਼ੁਰਗ ਔਰਤ ਨੂੰ ਬਲੈਕਮੇਲ ਕਰਕੇ ਲੁੱਟ ਰਿਹਾ ਸੀ। ਅਦਾਲਤ ਨੇ ਹੁਣ ਇਸ ਭਾਰਤੀ ਜੋੜੇ ਨੂੰ ਦੋ ਸਾਲ ਛੇ ਮਹੀਨੇ ਜੇਲ੍ਹ ਦੀ ਸਜ਼ਾ (ਇਕੱਲੇ-ਇਕੱਲੇ ਨੂੰ), 2 ਹਜ਼ਾਰ ਯੂਰੋ ਜੁਰਮਾਨਾ ਤੇ ਮਕਾਨ ਦੀ ਕੀਮਤ 210 ਮਿਲੀਅਨ ਯੂਰੋ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …