Breaking News
Home / ਦੁਨੀਆ / ਭਾਰਤੀ ਮੂਲ ਦੇ ਬਰਤਾਨਵੀ ਇਤਿਹਾਸਕਾਰ ਬੌਬੀ ਸਿੰਘ ਬਾਂਸਲ ਦਾ ਦਾਅਵਾ

ਭਾਰਤੀ ਮੂਲ ਦੇ ਬਰਤਾਨਵੀ ਇਤਿਹਾਸਕਾਰ ਬੌਬੀ ਸਿੰਘ ਬਾਂਸਲ ਦਾ ਦਾਅਵਾ

ਸਿੱਖ ਵਿਰਾਸਤ ਨਾਲ ਜੁੜੀਆਂ ਜ਼ਿਆਦਾਤਰ ਥਾਵਾਂ ਪਾਕਿਸਤਾਨ ‘ਚ
ਪਿਸ਼ਾਵਰ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਬਰਤਾਨਵੀ ਇਤਿਹਾਸਕਾਰ ਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ 90 ਫ਼ੀਸਦੀ ਸਿੱਖ ਵਿਰਾਸਤ ਨਾਲ ਜੁੜੀਆਂ ਥਾਵਾਂ ਪਾਕਿਸਤਾਨ ਵਿਚ ਹਨ। ਬਾਂਸਲ ਪਾਕਿ ਸਥਿਤ ਸਿੱਖ ਵਿਰਾਸਤੀ ਥਾਵਾਂ ਬਾਰੇ ਕਾਫ਼ੀ ਜਾਣਕਾਰੀ ਰੱਖਦੇ ਹਨ। ਬੌਬੀ ਨੇ ਕਿਹਾ ਕਿ ਜ਼ਿਆਦਾਤਰ ਥਾਵਾਂ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਹਨ। ਉਨ੍ਹਾਂ ਨਾਲ ਹੀ ਇਨ੍ਹਾਂ ਥਾਵਾਂ ਨੂੰ ਧਾਰਮਿਕ ਸੈਰ-ਸਪਾਟੇ ਲਈ ਵਿਕਸਿਤ ਕਰਨ ਦੇ ਪੱਖ ਤੋਂ ਵੀ ਗੱਲ ਕੀਤੀ ਤੇ ਇਸ ਦੇ ਮਹੱਤਵ ਨੂੰ ਉਭਾਰਿਆ। ਪਿਸ਼ਾਵਰ ਮਿਊਜ਼ੀਅਮ ਦੇ ਵਿਕਟੋਰੀਆ ਯਾਦਗਾਰੀ ਹਾਲ ਵਿਚ ‘ਫਰੌਮ ਕਰਤਾਰਪੁਰ ਟੂ ਖ਼ੈਬਰ ਪਾਸ’ ਵਿਸ਼ੇ ‘ਤੇ ਵਿਚਾਰ ਰੱਖਦਿਆਂ ਯੂਕੇ ਦੇ ਇਤਿਹਾਸਕਾਰ ਨੇ ਸਰੋਤਿਆਂ ਨੂੰ ਸਿੱਖ ਵਿਰਾਸਤ ਨਾਲ ਜੁੜੇ ਕਈ ਕਿਲਿਆਂ, ਯੁੱਧ ਭੂਮੀਆਂ, ਦਰਗਾਹਾਂ, ਮਜ਼ਾਰਾਂ, ਗੁਰਦੁਆਰਿਆਂ ਤੇ ਹਵੇਲੀਆਂ ਬਾਰੇ ਜਾਣਕਾਰੀ ਦਿੱਤੀ। ਬਾਂਸਲ ਫਿਲਮਸਾਜ਼ ਵੀ ਹਨ। ਉਨ੍ਹਾਂ ਖ਼ੈਬਰ ਨਾਲ ਜੁੜੀਆਂ ਸਿੱਖ ਸ਼ਖ਼ਸੀਅਤਾਂ- ਜਨਰਲ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਬਾਰੇ ਵੀ ਗੱਲ ਕੀਤੀ ਤੇ ਦੱਸਿਆ ਕਿ ਇਨ੍ਹਾਂ ਦੀ ਮੌਤ ਖ਼ੈਬਰ ਵਿਚ ਹੀ ਹੋਈ ਸੀ ਤੇ ਉੱਥੇ ਦੋਵਾਂ ਦੀਆਂ ਮਜ਼ਾਰਾਂ ਹਨ। ‘ਜਮਰੂਦ ਕਿਲਾ’ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਕਿਉਂਕਿ ਇੱਥੇ ਨਲਵਾ ਦੀ ਮਜ਼ਾਰ ਹੈ। ਉਹ ਸਿੱਖ ਸਾਮਰਾਜ ਦੀ ਫ਼ੌਜ ਦੇ ਕਮਾਂਡਰ ਸਨ। ਬੌਬੀ ਨੇ ਕਿਹਾ ਕਿ ਲੋਕ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ ਤੇ ਇਸ ਥਾਂ ਨੂੰ ਵੀ ਵਿਕਸਿਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲੀ ਫੂਲਾ ਸਿੰਘ ਦੀ ਮਜ਼ਾਰ ਨੌਸ਼ਹਿਰਾ ਵਿਚ ਹੈ। ਇਸ ਤੋਂ ਇਲਾਵਾ ਭਾਈ ਬੀਬਾ ਸਿੰਘ ਮੰਦਰ ਦਾ ਜ਼ਿਕਰ ਵੀ ਬੌਬੀ ਨੇ ਕੀਤਾ ਹੈ।

Check Also

ਭਾਰਤ ’ਚ ਸਭ ਕੁਝ ਮੇਡ ਇਨ ਚਾਈਨਾ ਤਾਂ ਹੀ ਰੁਜ਼ਗਾਰ ਦੀ ਕਮੀ : ਰਾਹੁਲ ਗਾਂਧੀ

ਰਾਹੁਲ ਨੇ ਅਮਰੀਕਾ ’ਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਕੀਤੀ ਮੁਲਾਕਾਤ ਟੈਕਸਾਸ/ਬਿਊਰੋ ਨਿਊਜ਼ ਕਾਂਗਰਸ ਪਾਰਟੀ …