Breaking News
Home / ਸੰਪਾਦਕੀ / ਪੰਜਾਬ ‘ਚ ਦਰਿੰਦਗੀ ਤੇ ਦਹਿਸ਼ਤ ਦਾ ਮਾਹੌਲ

ਪੰਜਾਬ ‘ਚ ਦਰਿੰਦਗੀ ਤੇ ਦਹਿਸ਼ਤ ਦਾ ਮਾਹੌਲ

ਪੰਜਾਬ ‘ਚ ਆਰੋਪੀਆਂ ‘ਤੇ ਪੁਲਿਸ ਦੀ ਢਿੱਲੀ ਪਕੜ ਦੇ ਚਲਦੇ ਸ਼ਰਾਰਤੀ ਅਨਸਰਾਂ ਨੇ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਰਾਜ ‘ਚ ਨਿੱਤ ਦਿਨ ਫਿਰੌਤੀ ਦੇ ਲਈ ਅਗਵਾ ਅਤੇ ਹੱਤਿਆਵਾਂ ਦਾ ਗ੍ਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਨਾਬਾਲਿਗਾਂ ਨੂੰ ਪੈਸਿਆਂ ਦੇ ਲਈ ਸ਼ਰਾਰਤੀ ਅਨਸਰ ਆਪਣਾ ਸ਼ਿਕਾਰ ਬਣਾ ਰਹੇ ਹਨ। ਵਪਾਰੀ ਵਰਗ ਵੀ ਇਸ ਤੋਂ ਬਚ ਨਹੀਂ ਸਕਿਆ, ਲੰਘੇ ਦਿਨੀਂ ਫਾਜ਼ਿਲਕਾ ਜ਼ਿਲ੍ਹਾ ਅਧੀਨ ਆਉਂਦੀ ਮੂਣਕ ਮੰਡੀ ਦੇ ਬਾਹਰ ਇਕ ਫਰਨੀਚਰ ਵਪਾਰੀ ਨੂੰ ਨਕਲੀ ਪੁਲਿਸ ਵਾਲੇ ਬਣ ਕੇ ਆਏ ਅਗਵਾਕਾਰ ਪੁਛਗਿੱਛ ਦੇ ਬਹਾਨੇ ਚੁੱਕ ਕੇ ਲੈ ਗਏ। ਵਪਾਰੀ ਦੇ ਮੋਬਾਇਲ ਤੋਂ ਹੀ ਉਸ ਦੀ ਪਤਨੀ ਨੂੰ ਫੋਨ ਕਰਕੇ ਪੱਚੀ ਲੱਖ ਰੁਪਏ ਦੀ ਮੰਗ ਕੀਤੀ ਸੀ ਪ੍ਰੰਤੂ ਸੌਦਾ 12 ਲੱਖ ਰੁਪਏ ‘ਚ ਤਹਿ ਹੋਣ ਤੋਂ ਬਾਅਦ ਵਪਾਰੀ ਨੂੰ ਛੱਡਿਆ ਗਿਆ। ਕੁਝ ਦਿਨ ਪਹਿਲਾਂ ਅਬੋਹਰ ‘ਚ ਇਕ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੇ ਫਿਰੌਤੀ ਮੰਗੀ ਪ੍ਰੰਤੂ ਬਾਵਜੂਦ ਇਸ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਗਈ। ਹਾਲਾਂਕਿ ਇਸ ਮਾਮਲੇ ‘ਚ ਪੁਲਿਸ ਨੇ ਹਤਿਆਰਿਆਂ ਨੂੰ ਫੜ ਲਿਆ ਹੈ। ਦੂਜੇ ਪਾਸੇ ਅਣਖ ਖ਼ਾਤਰ ਕਤਲਾਂ ਦਾ ਜਗੀਰੂ ਮਾਨਸਿਕਤਾ ਵਾਲਾ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲੰਘੇ ਕੁਝ ਦਿਨ ਪਹਿਲਾਂ ਮਾਨਸਾ ਸ਼ਹਿਰ ਵਿਚ ਨਾਬਾਲਗ ਦਲਿਤ ਲੜਕੇ ਜਸਪ੍ਰੀਤ ਸਿੰਘ ਨੂੰ ਜਿਊਂਦਾ ਸਾੜਨ ਦੇ ਦਰਦਨਾਕ ਮਾਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਸਪ੍ਰੀਤ ਦੇ ਭਰਾ ਨੇ ਦੋ ਸਾਲ ਪਹਿਲਾਂ ਗੁਆਂਢ ਵਿਚ ਰਹਿੰਦੀ ਲੜਕੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਵਿਆਹ ਤੋਂ ਬਾਅਦ ਉਹ ਬੁਢਲਾਡੇ ਰਹਿ ਰਹੇ ਸਨ। ਲੜਕੀ ਦੇ ਪਰਿਵਾਰ ਵਾਲੇ ਇਸ ਬਿਨਾ ਮਨਜ਼ੂਰੀ ਵਾਲੇ ਵਿਆਹ ਨੂੰ ਮਨੋ ਸਵੀਕਾਰ ਨਾ ਕਰ ਸਕੇ ਪਰ ਅੱਖੋਂ ਓਹਲੇ ਰਹਿਣ ਕਰਕੇ ਮਸਲਾ ਦਬਿਆ ਰਿਹਾ। ਹੁਣ ਜਦੋਂ ਇਸ ਜੋੜੇ ਦੇ ਬੱਚਾ ਹੋਇਆ ਤਾਂ ਛੋਟੇ ਭਰਾ ਵੱਲੋਂ ਆਖੀਆਂ ਕੁਝ ਗੱਲਾਂ ਨੇ ਪਹਿਲਾਂ ਹੀ ਮਨ ਵਿਚ ਸੁਲਗ਼ਦੀ ਨਫ਼ਰਤ ਨੂੰ ਹੋਰ ਹਵਾ ਦੇ ਦਿੱਤੀ। ਲੜਕੀ ਦੇ ਭਰਾ ਅਤੇ ਉਸ ਦੇ ਕੁਝ ਸਾਥੀਆਂ ਨੇ ਜਸਪ੍ਰੀਤ ਦੇ ਹੱਥ ਪੈਰ ਬੰਨ੍ਹ ਕੇ ਨਾ ਕੇਵਲ ਕੁੱਟਮਾਰ ਕੀਤੀ ਬਲਕਿ ਤੇਲ ਛਿੜਕ ਕੇ ਜਿਊਂਦਾ ਜਲਾ ਦਿੱਤਾ।
ਅਣਖ ਖ਼ਾਤਰ ਕਤਲਾਂ ਦਾ ਵੱਡਾ ਹਿੱਸਾ ਅੰਤਰਜਾਤੀ ਪ੍ਰੇਮ ਵਿਆਹਾਂ ਨਾਲ ਜੁੜਿਆ ਹੁੰਦਾ ਹੈ। ਇਹ ਮਾਮਲਾ ਦੋ ਬਾਲਗਾਂ ਨੂੰ ਆਪਣਾ ਜੀਵਨ ਸਾਥੀ ਚੁਣੇ ਜਾਣ ਦੀ ਆਜ਼ਾਦੀ ਦੇਣ ਦੀ ਬਜਾਇ ਹਰ ਫ਼ੈਸਲਾ ਪਰਿਵਾਰ ਵੱਲੋਂ ਕਰਨ ਦੀ ਮਾਨਸਿਕਤਾ ਨਾਲ ਸਬੰਧਿਤ ਹੈ। ਇਸ ਦਾ ਇਕ ਪੱਖ ਜਾਤ ਦੇ ਉੱਚੇ ਜਾਂ ਨੀਵੇਂ ਹੋਣ ਦੇ ਵਰਣ ਵੰਡ ਪ੍ਰਣਾਲੀ ਦੇ ਬ੍ਰਾਹਮਣਵਾਦੀ ਸਿਧਾਂਤ ਨਾਲ ਜੁੜਿਆ ਹੋਇਆ ਹੈ ਪਰ ਡਾ. ਅੰਬੇਡਕਰ ਅਨੁਸਾਰ ਇਹ ਮੁੱਦਾ ਢਾਂਚਾਗਤ ਤੌਰ ਉੱਤੇ ਬਹੁਤ ਗੁੰਝਲਦਾਰ ਹੈ ਕਿਉਂਕਿ ਨਾ ਕੇਵਲ ਅਖੌਤੀ ਉੱਚ ਜਾਤਾਂ ਬਲਕਿ ਅਖੌਤੀ ਨੀਵੀਆਂ ਜਾਤਾਂ ਅੰਦਰ ਵੀ ਦਰਜਾਬੰਦੀ ਬਹੁਤ ਕਠੋਰ ਹੈ। ਪਿੱਤਰ ਸੱਤਾ ਦੇ ਦਾਬੇ ਕਾਰਨ ਲੜਕੀਆਂ ਨੂੰ ਤਾਂ ਆਪਣਾ ਜੀਵਨ ਸਾਥੀ ਖੁਦ ਚੁਣਨ ਦੀ ਆਜ਼ਾਦੀ ਦੇਣਾ ਦੂਰ ਦੀ ਗੱਲ ਲੱਗਦੀ ਹੈ। ਉਨ੍ਹਾਂ ਬਾਰੇ ਫ਼ੈਸਲਾ ਕਰਨ ਦਾ ਹੱਕ ਅਜੇ ਤੱਕ ਮਾਪਿਆਂ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਜਿਸ ਨੇ ਵੀ ਖ਼ੁਦ ਆਪਣੇ ਜੀਵਨ ਦਾ ਫ਼ੈਸਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਰਿਵਾਰ ਅਤੇ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਇਸ ਸਭ ਦੇ ਚਲਦੇ ਪੰਜਾਬ ਵਿਚ ਜਾਤੀ ਦੇ ਨਾਂ ‘ਤੇ ਵੀ ਅਕਸਰ ਦਲਿਤਾਂ ਨਾਲ ਧੱਕਾ ਅਤੇ ਕੁੱਟਮਾਰ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਪਿੰਡ ਚੰਗਾਲੀਵਾਲਾ ‘ਚ ਵੀ ਇਕ ਦਲਿਤ ਵਿਅਕਤੀ ਜਗਮੇਲ ਸਿੰਘ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਣ ਅਤੇ ਪਲਾਸ ਨਾਲ ਉਸ ਦੀਆਂ ਲੱਤਾਂ ਦਾ ਮਾਸ ਨੋਚ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ, ਇਸ ਮਾਰਕੁੱਟ ਦੇ ਚਲਦਿਆਂ ਜਦੋਂ ਜਗਮੇਲ ਸਿੰਘ ਨੇ ਪੀਣ ਲਈ ਪਾਣੀ ਮੰਗਿਆ ਤਾਂ ਆਰੋਪੀਆਂ ਵੱਲੋਂ ਉਸ ਨੂੰ ਪਿਸ਼ਾਬ ਪਿਲਾਇਆ ਗਿਆ ਸੀ। ਆਰੋਪੀਆਂ ਵੱਲੋਂ ਜਗਮੇਲ ਸਿੰਘ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਕਿ ਕੁੱਝ ਦਿਨਾਂ ਮਗਰੋਂ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਜਗਮੇਲ ਸਿੰਘ ਦੀ ਮੌਤ ਹੋ ਗਈ ਸੀ। ਇਸ ਦਰਦਨਾਕ ਹਾਦਸੇ ਤੋਂ ਬਾਅਦ ਐਸ ਸੀ ਕਮਿਸ਼ਨ ਅੱਗੇ ਆਪਣੇ ਦੁੱਖੜੇ ਰੋਂਦੇ ਹੋਏ ਜਗਮੇਲ ਸਿੰਘ ਦੇ ਭਰਾ ਗੁਰਤੇਜ ਸਿੰਘ ਨੇ ਆਖਿਆ ਕਿ ਇਨ੍ਹਾਂ ਆਰੋਪੀਆਂ ਨੇ ਦੋ ਸਾਲ ਪਹਿਲਾਂ ਮੇਰੀ ਵੀ ਬਾਂਹ ਤੋੜੀ ਸੀ। ਜੇਕਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਜਗਮੇਲ ਸਿੰਘ ਨਾਲ ਇਹ ਹਾਦਸਾ ਨਾ ਵਾਪਰਦਾ ਅਤੇ ਜਗਮੇਲ ਸਿੰਘ ਅੱਜ ਸਾਡੇ ਵਿਚਕਾਰ ਜਿਊਂਦਾ ਹੁੰਦਾ।
ਪੰਜਾਬ ਦੇ ਸਭ ਤੋਂ ਸੰਘਣੀ ਅਬਾਦੀ ਵਾਲੇ ਜ਼ਿਲ੍ਹਾ ਲੁਧਿਆਣਾ ‘ਚ ਵੀ ਬੱਚਿਆਂ ਨੂੰ ਹਥਿਆਰ ਦਿਖਾ ਕੇ ਲੁੱਟਣ ਅਤੇ ਦੁਸ਼ਕਰਮ ਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਲੁਟੇਰੇ ਦਿਨ-ਦਿਹਾੜੇ ਘਰਾਂ ‘ਚ ਰਹਿਣ ਵਾਲੇ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜਿਸ ਤਰ੍ਹਾਂ ਇਹ ਜੁਰਮ ਰਾਜ ‘ਚ ਵਧ ਰਿਹਾ ਹੈ ਉਸ ਨਾਲ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਸਾਰਿਆਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਸਾਰੇ ਹੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਬੱਚਿਆਂ ਦੇ ਸਵੇਰੇ ਸਕੂਲ ਜਾਣ ਤੋਂ ਬਾਅਦ ਘਰ ਵਾਪਸ ਪਰਤਣ ਤੱਕ ਮਾਤਾ-ਪਿਤਾ ਨੂੰ ਚਿੰਤਾ ਸਤਾਉਂਦੀ ਰਹਿੰਦੀ ਹੈ। ਦਹਿਸ਼ਤ ਦੇ ਅਜਿਹੇ ਮਾਹੌਲ ਨੂੰ ਦੇਖਦੇ ਹੋਏ ਕੁੱਝ ਮਾਤਾ-ਪਿਤਾ ਨੇ ਤਾਂ ਬੱਚਿਆਂ ਨੂੰ ਖੁਦ ਹੀ ਸਕੂਲਾਂ ‘ਚ ਛੱਡਣ ਅਤੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਕਿ ਅਜਿਹਾ ਕੰਮ ਕਰਨ ਵਾਲੇ ਜ਼ਿਆਦਾਤਰ ਨਸ਼ੇੜੀ ਹਨ। ਇਹ ਗੈਂਗਸਟਰਾਂ ਨਾਲ ਜੁੜੇ ਹੋੲੋ ਵੀ ਹੋ ਸਕਦੇ ਹਨ ਜੋ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਆਮ ਨਾਗਰਿਕ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਪਰਾਧੀਆਂ ‘ਤੇ ਸ਼ਿਕੰਜਾ ਕਸੇ ਅਤੇ ਸਖਤ ਕਦਮ ਚੁੱਕੇ ਤਾਂ ਜੋ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਤਾਂ ਜੋ ਪੰਜਾਬ ਦੀ ਜਨਤਾ ਆਪਣੇ ਆਪ ਸੁਰੱਖਿਅਤ ਮਹਿਸੂਸ ਕਰ ਸਕੇ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …