Breaking News
Home / ਸੰਪਾਦਕੀ / ਰੱਬ ਆਸਰੇ ਕਰੋਨਾ ਨਾਲ ਦੋ-ਚਾਰ ਹੋ ਰਹੇ ਭਾਰਤੀ ਲੋਕ

ਰੱਬ ਆਸਰੇ ਕਰੋਨਾ ਨਾਲ ਦੋ-ਚਾਰ ਹੋ ਰਹੇ ਭਾਰਤੀ ਲੋਕ

ਭਾਰਤ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਮੰਗਲਵਾਰ ਦੇ ਆਪਣੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਦੇਸ਼ ਦੇ ਗ਼ਰੀਬਾਂ, ਪਰਵਾਸੀ ਮਜ਼ਦੂਰਾਂ, ਦਲਿਤਾਂ ਅਤੇ ਹੋਰ ਲੋਕਾਂ ਨੂੰ ਰਾਹਤ ਦੇਣ ਬਾਰੇ ਕੋਈ ਐਲਾਨ ਕਰਨਗੇ ਪਰ ਪ੍ਰਧਾਨ ਮੰਤਰੀ ਨੇ 19 ਦਿਨਾਂ ਲਈ ਹੋਰ ਲੌਕਡਾਊਨ ਜਾਰੀ ਰੱਖਣ ਦਾ ਆਦੇਸ਼ ਦਿੰਦਿਆਂ ਕਿਹਾ ਕਿ 20 ਅਪਰੈਲ ਨੂੰ ਹਾਲਾਤ ਬਾਰੇ ਮੁੜ ਵਿਚਾਰ ਕੀਤੀ ਜਾਏਗੀ। ਇਸ ਮਹੀਨੇ ਵਿਚ ਚੌਥੀ ਵਾਰ ਦੇਸ਼ ਨੂੰ ਸੰਬੋਧਿਤ ਹੁੰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਕਿ ਇਕ ਹਫ਼ਤੇ ਲਈ ਜ਼ਿਆਦਾ ਸਖ਼ਤੀ ਵਰਤੀ ਜਾਏਗੀ ਅਤੇ ਉਸ ਤੋਂ ਬਾਅਦ ਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿਚਲੇ ਹਾਲਾਤ ਦੀ ਪਰਖ-ਪੜਚੋਲ ਕਰਕੇ ਉਨ੍ਹਾਂ ਜ਼ਿਲ੍ਹਿਆਂ, ਜਿੱਥੇ ਹਾਲਾਤ ਸੁਧਰ ਰਹੇ ਹੋਣਗੇ, ‘ਚੋਂ ਪਾਬੰਦੀਆਂ ਘੱਟ ਕੀਤੀਆਂ ਜਾ ਸਕਦੀਆਂ ਹਨ। ਇਹ ਵੀ ਕਿਹਾ ਗਿਆ ਕਿ ਸਰਕਾਰ ਬੁੱਧਵਾਰ ਕਰੋਨਾਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਅਤੇ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਜਾਣ ਵਾਲੀਆਂ ਹੋਰ ਪਹਿਲਕਦਮੀਆਂ ਸਬੰਧੀ ਦਸਤਾਵੇਜ਼ ਜਾਰੀ ਕਰੇਗੀ। ਪ੍ਰਧਾਨ ਮੰਤਰੀ ਅਨੁਸਾਰ ਸਰਕਾਰ ਕਿਸਾਨਾਂ ਅਤੇ ਗ਼ਰੀਬਾਂ ‘ਤੇ ਇਸ ਮਹਾਮਾਰੀ ਦਾ ਅਸਰ ਘਟਾਉਣ ਲਈ ਕੰਮ ਕਰ ਰਹੀ ਹੈ। ਲੋਕਾਂ ਨੂੰ ਲੌਕਡਾਊਨ ਨੂੰ ਗੰਭੀਰਤਾ ਨਾਲ ਲੈਣ ਅਤੇ ਧੀਰਜ ਰੱਖਣ ਲਈ ਵੀ ਕਿਹਾ ਗਿਆ।
ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਭਾਰਤੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਈ ਲੋਕਾਂ ਨੂੰ ਖਾਣਾ ਵੀ ਨਹੀਂ ਮਿਲ ਰਿਹਾ; ਕੁਝ ਲੋਕ ਆਪਣੇ ਪਰਿਵਾਰਾਂ ਤੋਂ ਬਹੁਤ ਦੂਰ ਹਨ ਅਤੇ ਕਈਆਂ ਨੂੰ ਆਪਣੇ ਰੁਜ਼ਗਾਰ ਦਾ ਫ਼ਿਕਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਤੁਹਾਡੇ ਸਾਹਮਣੇ ਆਪਣਾ ਸਿਰ ਨਿਵਾਉਂਦਾ ਹਾਂ।” ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਦੇਸ਼ ਵਿਚ 600 ਹਸਪਤਾਲ ਅਤੇ 1 ਲੱਖ ਬੈੱਡ ਕਰੋਨਾਵਾਇਰਸ ਦੇ ਮਰੀਜ਼ਾਂ ਵਾਸਤੇ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਣਕ ਦੀ ਵਾਢੀ ਅਤੇ ਖਰੀਦ ਬਿਨਾ ਕਿਸੇ ਅੜਿੱਕੇ ਦੇ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਲੋਕਾਂ ਨੂੰ ਕੇਂਦਰੀ ਸਰਕਾਰ ਦੀ ਐਪ ‘ਅਰੋਗਿਆ ਸੇਤੂ’ ਵਰਤਣ ਦੀ ਵੀ ਸਲਾਹ ਦਿੱਤੀ ਗਈ।
ਪ੍ਰਧਾਨ ਮੰਤਰੀ ਦੇ ਪਿਛਲੇ ਭਾਸ਼ਣਾਂ ਅਤੇ ਇਸ ਭਾਸ਼ਣ ਵਿਚਕਾਰ ਇਸ ਦੇਸ਼ ਦੇ ਲੋਕਾਂ ਨੇ ਬਹੁਤ ਕੁਝ ਵੇਖਿਆ ਹੈ। ਹਜ਼ਾਰਾਂ ਪਰਵਾਸੀ ਮਜ਼ਦੂਰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਆਪਣੇ ਘਰਾਂ ਨੂੰ ਜਾਣ ਲਈ ਇਕੱਠੇ ਹੋਏ। ਉਨ੍ਹਾਂ ਨੂੰ ਥਾਂ ਥਾਂ ‘ਤੇ ਸਖ਼ਤੀ ਨਾਲ ਰੋਕ ਕੇ ਅਜਿਹੀਆਂ ਹਾਲਤਾਂ ਵਿਚ ਰੱਖਿਆ ਗਿਆ ਜਿਨ੍ਹਾਂ ਵਿਚ ਨਾ ਤਾਂ ਲੋੜੀਂਦੀਆਂ ਸਹੂਲਤਾਂ ਸਨ ਅਤੇ ਨਾ ਹੀ ਖਾਣ ਲਈ ਖਾਣਾ। ਸੈਂਕੜੇ ਲੋਕ ਕਈ ਸੌ ਮੀਲ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਅੱਪੜੇ। ਦੇਸ਼ ਵਿਚ ਕਈ ਥਾਵਾਂ ‘ਤੇ ਵੱਡੀ ਘੱਟਗਿਣਤੀ ਦੇ ਲੋਕਾਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰਕੇ ਉਨ੍ਹਾਂ ‘ਤੇ ਏਦਾਂ ਨਿਸ਼ਾਨਾ ਸਾਧਿਆ ਗਿਆ ਜਿਵੇਂ ਉਹ ਹੀ ਇਹ ਮਹਾਮਾਰੀ ਫੈਲਾਉਣ ਦੇ ਦੋਸ਼ੀ ਹੋਣ। ਲੱਖਾਂ ਬਿਮਾਰਾਂ ਨੂੰ ਲੋੜੀਂਦੀ ਡਾਕਟਰੀ ਸਹੂਲਤ ਨਹੀਂ ਮਿਲ ਰਹੀ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਨਾ ਤਾਂ ਅਜਿਹੇ ਤੱਥਾਂ ਦਾ ਕੋਈ ਜ਼ਿਕਰ ਸੀ ਅਤੇ ਨਾ ਹੀ ਅਜਿਹੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਵਾਲੀ ਕੋਈ ਗੱਲ। ਇਹ ਉਪਦੇਸ਼ਾਤਮਿਕ ਭਾਸ਼ਣ ਸੀ। ਇਸ ਵਿਚ ਨਾ ਤਾਂ ਕਰੋਨਾਵਾਇਰਸ ਕਾਰਨ ਵਾਪਰ ਰਹੇ ਮਨੁੱਖੀ ਦੁਖਾਂਤ ਦੀ ਕੋਈ ਝਲਕ ਸੀ ਅਤੇ ਨਾ ਹੀ ਉਸ ਨਾਲ ਨਜਿੱਠਣ ਲਈ ਠੋਸ ਆਰਥਿਕ ਨੀਤੀਆਂ ਦਾ ਕੋਈ ਐਲਾਨ। ਜਿਵੇਂ ਪ੍ਰਧਾਨ ਮੰਤਰੀ ਦੇ ਜਨਤਕ ਕਰਫ਼ਿਊ ਅਤੇ ਤਿੰਨ ਹਫ਼ਤਿਆਂ ਦੇ ਲੌਕਡਾਊਨ ਦੇ ਐਲਾਨਾਂ ਬਾਅਦ ਵਾਪਰਿਆ ਸੀ, ਓਦਾਂ ਹੀ ਮੰਗਲਵਾਰ ਸ਼ਾਮ ਮੁੰਬਈ ਦੇ ਬਾਂਦਰਾ ਡਿਪੂ ‘ਤੇ ਹਜ਼ਾਰਾਂ ਪਰਵਾਸੀ ਮਜ਼ਦੂਰ ਇਕੱਠੇ ਹੋ ਗਏ। ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਿਲ ਹੈ ਕਿ ਦੇਸ਼ ਦੀ ਇਹ ਹਕੀਕਤ ਸਾਡੇ ਆਗੂਆਂ ਨੂੰ ਦਿਖਾਈ ਕਿਉਂ ਨਹੀਂ ਦਿੰਦੀ। ਪ੍ਰਧਾਨ ਮੰਤਰੀ, ਉਨ੍ਹਾਂ ਦੇ ਸਲਾਹਕਾਰ ਅਤੇ ਸ਼ੁਭਚਿੰਤਕ ਸ਼ਾਇਦ ਇਹ ਸੋਚਦੇ ਹੋਣ ਕਿ ਇਸ ਭਾਸ਼ਣ ਨਾਲ ਪ੍ਰਧਾਨ ਮੰਤਰੀ ਦਾ ਵੱਡੇ ਫ਼ੈਸਲੇ ਲੈਣ ਵਾਲੇ ਤਾਕਤਵਰ ਆਗੂ ਵਾਲਾ ਅਕਸ ਹੋਰ ਮਜ਼ਬੂਤ ਹੋਇਆ ਹੈ ਪਰ ਇਸ ਵਿਚ ਲੱਖਾਂ ਲੋਕਾਂ ਦੀ ਚੀਕ-ਪੁਕਾਰ ਦੀਆਂ ਧੁਨੀਆਂ ਸੁਣਾਈ ਨਹੀਂ ਦਿੱਤੀਆਂ। ਲੋਕਾਂ ਨੂੰ ਸਹੂਲਤਾਂ ਅਤੇ ਸਹਾਇਤਾ ਪਹੁੰਚਾਏ ਬਗ਼ੈਰ ਕੀਤੇ ਜਾ ਰਹੇ ਲੌਕਡਾਊਨਾਂ ਦੇ ਨਤੀਜੇ ਬਹੁਤ ਗੰਭੀਰ ਹੋ ਸਕਦੇ ਹਨ। ਅੱਜ ਦੇਸ਼ ਦੇ ਲੱਖਾਂ ਲੋਕ ਰੁਜ਼ਗਾਰਹੀਣ ਭਵਿੱਖ ਦੇ ਸਾਹਮਣੇ ਨਿਤਾਣੇ ਹੋਏ ਖਲੋਤੇ ਹਨ। ਹੋ ਸਕਦਾ ਹੈ ਕਿ ਅੱਜ ਜਾਰੀ ਕੀਤੇ ਜਾ ਰਹੇ ਸਰਕਾਰੀ ਦਸਤਾਵੇਜ਼ ਵਿਚ ਸੂਬਿਆਂ ਨੂੰ ਵਿੱਤੀ ਸਹਾਇਤਾ ਦੇਣ ਅਤੇ ਦੇਸ਼ ਦੇ ਗ਼ਰੀਬਾਂ ਤੇ ਦਬੇ-ਕੁਚਲੇ ਲੋਕਾਂ ਦੀ ਮਦਦ ਕਰਨ ਸਬੰਧੀ ਕੁਝ ਨੀਤੀਆਂ ਦਾ ਐਲਾਨ ਕੀਤਾ ਜਾਵੇ ਪਰ ਇਹ ਸਭ ਕੁਝ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚੋਂ ਗਾਇਬ ਸੀ।ਕਰੋਨਾਵਾਇਰਸ ਨਾਲ ਲੜਦਿਆਂ ਭਾਰਤ ਵਿਚ ਸਵਾ ਅਰਬ ਦੀ ਆਬਾਦੀ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਲੋੜਵੰਦਾਂ ਦੀ ਸਾਰ ਲੈਣ ਦੀ ਹੈ, ਜਿਹੜੇ ਨਿੱਤ ਦਿਨ ਦਿਹਾੜੀਆਂ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਨ। ਸਮੱਸਿਆ ਕਾਰਖਾਨਿਆਂ ਅਤੇ ਹੋਰ ਅਨੇਕਾਂ ਕਿੱਤਿਆਂ ‘ਚ ਲੱਗੇ ਉਨ੍ਹਾਂ ਮਜ਼ਦੂਰਾਂ ਦੀ ਵੀ ਹੈ, ਜੋ ਦੂਸਰੇ ਪ੍ਰਾਂਤਾਂ ਵਿਚ ਜਾ ਕੇ ਰੁਜ਼ਗਾਰ ਵਿਚ ਲੱਗੇ ਹੋਏ ਸਨ। ਇਕਦਮ ਅਜਿਹੇ ਕਰੋੜਾਂ ਵਿਅਕਤੀਆਂ ਦੀ ਜ਼ਿੰਦਗੀ ਦੇ ਖੜ੍ਹੇ ਹੋ ਜਾਣ ਨਾਲ ਵੱਡਾ ਮਨੁੱਖੀ ਸੰਤਾਪ ਪੈਦਾ ਹੋਇਆ ਹੈ, ਜਿਸ ਵਿਚੋਂ ਉਨ੍ਹਾਂ ਨੂੰ ਗੁਜ਼ਰਨਾ ਪੈ ਰਿਹਾ ਹੈ। ਹਾਲਾਂਕਿ ਲੱਖਾਂ ਹੀ ਅਜਿਹੇ ਵਿਅਕਤੀ ਆਪਣੇ ਘਰਾਂ ਤੋਂ ਦੂਰ ਬਣਾਈਆਂ ਰਿਹਾਇਸ਼ਾਂ ਵਿਚ ਰਹਿ ਰਹੇ ਹਨ ਜਾ ਇਧਰ-ਉਧਰ ਭਟਕ ਰਹੇ ਹਨ। ਉਨ੍ਹਾਂ ਨੂੰ ਰੋਜ਼ੀ-ਰੋਟੀ ਦੇਣੀ ਹਾਲ ਦੀ ਘੜੀ ਇਕ ਅਹਿਮ ਮਸਲਾ ਹੈ ਜਿਸ ਲਈ ਸਿਰਫ ਸਥਾਨਕ ਸਰਕਾਰਾਂ ਨੇ ਹੀ ਨਹੀਂ, ਸਗੋਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਵੀ ਆਪਣਾ ਬੜਾ ਕੰਮ ਕੀਤਾ ਹੈ। ਪਰ ਅਜਿਹੀ ਸਥਿਤੀ ਨੂੰ ਲਗਾਤਾਰ ਬਣਾਈ ਰੱਖਣਾ ਅਜਿਹੇ ਸੰਤਾਪ ਨੂੰ ਹੋਰ ਵੀ ਵੱਡਾ ਕਰਨ ਦੇ ਬਰਾਬਰ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਲੋੜਵੰਦ ਲੋਕਾਂ ਨੂੰ ਪੇਸ਼ ਆਉਂਦੀਆਂ ਕਠਿਨਾਈਆਂ ਦਾ ਜ਼ਿਕਰ ਵੀ ਕੀਤਾ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਜ਼ਿੰਦਗੀਆਂ ਬਚਾਉਣ ਨੂੰ ਪਹਿਲ ਦਿੱਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਦੁਨੀਆ ਦੇ ਵੱਡੇ ਤੇ ਸਮਰੱਥ ਦੇਸ਼ਾਂ ਦਾ ਜ਼ਿਕਰ ਕਰਦਿਆਂ ਵੀ ਕਿਹਾ ਹੈ ਕਿ ਭਾਰਤ ਨੇ ਸਮੇਂ ਸਿਰ ਇਸ ਮਹਾਂਮਾਰੀ ਸਬੰਧੀ ਪ੍ਰਬੰਧ ਕਰ ਕੇ ਇਸ ਦੇ ਸੰਤਾਪ ਨੂੰ ਘਟਾਇਆ ਹੈ। ਅੱਜ ਅਮਰੀਕਾ, ਇਟਲੀ, ਫਰਾਂਸ ਤੇ ਬਰਤਾਨੀਆ ਤੋਂ ਇਲਾਵਾ ਹੋਰ ਵੀ ਅਜਿਹੇ ਕਈ ਦੇਸ਼ਾਂ ਵਿਚ ਜਿਸ ਹੱਦ ਤੱਕ ਧੜਾਧੜ ਮੌਤਾਂ ਹੋ ਰਹੀਆਂ ਹਨ, ਉਹ ਦੁਖਦਾਈ ਤੇ ਖੌਫ਼ਨਾਕ ਹਨ। ਭਾਰਤ ਹਾਲੇ ਅਜਿਹੇ ਵੱਡੇ ਖੌਫ਼ ਤੋਂ ਬਚਿਆ ਨਜ਼ਰ ਆਉਂਦਾ ਹੈ। ਇਸ ਵਿਚ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਦੇ ਨੇੜੇ ਅਤੇ ਮੌਤਾਂ ਦੀ ਗਿਣਤੀ 339 ਤੱਕ ਹੀ ਸੀਮਤ ਹੈ। ਇਹ ਹੋਰ ਨਾ ਵਧਣ, ਇਸ ਲਈ ਸਰਕਾਰ ਵਲੋਂ ਵੱਡੇ ਤੇ ਸਖ਼ਤ ਕਦਮ ਚੁੱਕੇ ਗਏ ਹਨ। ਪਰ ਇਸ ਦੇ ਨਾਲ ਹੀ ਭੁੱਖਮਰੀ ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਤੇ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਕੁਝ ਕਦਮ ਹੋਰ ਚੁੱਕੇ ਜਾਣੇ ਬੇਹੱਦ ਜ਼ਰੂਰੀ ਹਨ। ਹਾੜ੍ਹੀ ਦੇ ਮੌਸਮ ਵਿਚ ਫ਼ਸਲ ਦੀ ਸਾਂਭ-ਸੰਭਾਲ ਤੇ ਸਹੀ ਢੰਗ ਨਾਲ ਮੰਡੀਕਰਨ ਕੀਤਾ ਜਾਣਾ ਹਰ ਹੀਲੇ ਜ਼ਰੂਰੀ ਹੈ। ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਨਾਗਰਿਕਾਂ ਨੂੰ ਹਰ ਥਾਂ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਾਈਆਂ ਜਾ ਸਕਣ। ਇਸ ਦੇ ਨਾਲ-ਨਾਲ ਕੁਝ ਅਜਿਹੀਆਂ ਸਨਅਤਾਂ ਨੂੰ ਵੀ ਚਾਲੂ ਕੀਤਾ ਜਾਣਾ ਜ਼ਰੂਰੀ ਹੈ, ਜੋ ਜ਼ਰੂਰੀ ਵਸਤਾਂ ਤਿਆਰ ਕਰਨ ਦੇ ਸਮਰੱਥ ਹੋਣ।ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਵਿਚ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਆਰਥਿਕ ਸਰਗਰਮੀਆਂ ਸ਼ੁਰੂ ਕਰਨ ਲਈ ਪਹਿਲਾਂ ਉਨ੍ਹਾਂ ਖੇਤਰਾਂ ਨੂੰ ਚੁਣਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿਚ ਇਸ ਮਹਾਂਮਾਰੀ ਦਾ ਅਸਰ ਨਹੀਂ ਹੈ। ਪੂਰੀ ਸਾਵਧਾਨੀ ਵਰਤ ਕੇ ਅਜਿਹਾ ਕੀਤਾ ਜਾ ਸਕਦਾ ਹੈ। ਬਾਅਦ ਵਿਚ ਪੂਰੀ ਦੇਖਭਾਲ ਤੋਂ ਬਾਅਦ ਅਜਿਹੀਆਂ ਸਰਗਰਮੀਆਂ ਦੂਜੇ ਖੇਤਰਾਂ ਵੱਲ ਵੀ ਵਧਾਈਆਂ ਜਾ ਸਕਦੀਆਂ ਹਨ। ਸਾਵਧਾਨੀ ਨਾਲ ਚੁੱਕੇ ਕਦਮ ਇਸ ਮਹਾਂਮਾਰੀ ਨੂੰ ਰੋਕਣ ਵਿਚ ਸਹਾਈ ਹੋ ਸਕਦੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਰਾਜਾਂ ਵਿਚ ਲੋੜੀਂਦੀ ਆਰਥਿਕ ਮਦਦ ਵੀ ਪਹੁੰਚਾਈ ਜਾਣੀ ਚਾਹੀਦੀ ਹੈ ਤਾਂ ਜੋ ਉਹ ਵੀ ਅਜੋਕੀਆਂ ਸਥਿਤੀਆਂ ਵਿਚ ਜੀਵਨ ਦੀ ਗਤੀ ਨੂੰ ਬਣਾਈ ਰੱਖਣ ਵਿਚ ਸਹਾਈ ਹੋ ਸਕਣ। ਆਣ ਪਈ ਇਸ ਵੱਡੀ ਆਫ਼ਤ ਦਾ ਮੁਕਾਬਲਾ ਦ੍ਰਿੜ੍ਹਤਾ, ਧੀਰਜ, ਦੂਰਦ੍ਰਿਸ਼ਟੀ ਅਤੇ ਆਪਸੀ ਮਿਲਵਰਤਣ ਨਾਲ ਹੀ ਕੀਤਾ ਜਾ ਸਕਦਾ ਹੈ। ਪਰ ਆਉਂਦੇ ਦਿਨਾਂ ਵਿਚ ਇਨ੍ਹਾਂ ਨੀਤੀਆਂ ਦੇ ਚਲਦਿਆਂ ਜੇ ਭਾਰਤ ਇਸ ਮਹਾਂਮਾਰੀ ਨੂੰ ਸੀਮਤ ਰੱਖਣ ਵਿਚ ਸਫਲ ਹੋ ਜਾਂਦਾ ਹੈ ਤਾਂ ਇਹ ਦੇਸ਼ ਦੀ ਵੱਡੀ ਪ੍ਰਾਪਤੀ ਹੋਏਗੀ। ਇਸ ਨੂੰ ਆਧਾਰ ਬਣਾ ਕੇ ਹੀ ਜਨਜੀਵਨ ਦੇ ਚਲ ਰਹੇ ਪਹੀਏ ਨੂੰ ਹੋਰ ਵਧੇਰੇ ਗਤੀ ਦਿੱਤੀ ਜਾ ਸਕੇਗੀ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …