8 C
Toronto
Friday, December 19, 2025
spot_img
Homeਸੰਪਾਦਕੀਪੰਜਾਬੀਆਂ ਦੀ ਵਿਦੇਸ਼ਾਂ ਪ੍ਰਤੀ ਲਾਲਸਾ

ਪੰਜਾਬੀਆਂ ਦੀ ਵਿਦੇਸ਼ਾਂ ਪ੍ਰਤੀ ਲਾਲਸਾ

ਪਿਛਲੇ ਦਿਨੀਂ ਕੈਨੇਡਾ ਨੇ ਭਾਰਤ ਵਿੱਚੋਂ ਪ੍ਰਾਪਤ ਹੋਈਆਂ ਕੁੱਲ ਵੀਜ਼ਾ ਅਰਜ਼ੀਆਂ ਵਿੱਚੋਂ 74 ਫ਼ੀਸਦੀ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਰਜ਼ੀਆਂ ਵਿਦਿਆਰਥੀਆਂ ਦੀਆਂ ਸਨ ਜੋ ਕੈਨੇਡਾ ਵਿਚ ਪੜ੍ਹਨ ਜਾਣਾ ਚਾਹੁੰਦੇ ਸਨ ਅਤੇ ਅਗਲੀ ਜ਼ਿੰਦਗੀ ਉੱਥੇ ਹੀ ਬਿਤਾਉਣ ਦੇ ਸੁਪਨੇ ਵੇਖ ਰਹੇ ਸਨ। ਪੰਜਾਬ ਦੇ ਲੋਕਾਂ, ਖ਼ਾਸ ਤੌਰ ‘ਤੇ ਨੌਜਵਾਨਾਂ ਦੇ ਦਿਲਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਦੀ ਲਾਲਸਾ ਹਮੇਸ਼ਾ ਉੱਸਲਵੱਟੇ ਲੈਂਦੀ ਰਹਿੰਦੀ ਹੈ ਅਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁਝ ਦਾਅ ‘ਤੇ ਲਗਾ ਕੇ ਵਿਦੇਸ਼ ਜਾਣ ਦਾ ਕੋਈ ਵੀ ਢੰਗ-ਤਰੀਕਾ ਅਪਣਾਉਣ ਲਈ ਤਿਆਰ ਰਹਿੰਦੇ ਹਨ, ਭਾਵੇਂ ਉਹ ਕਾਨੂੰਨੀ ਹੋਵੇ ਜਾਂ ਗ਼ੈਰ-ਕਾਨੂੰਨੀ, ਸੁਰੱਖਿਅਤ ਹੋਵੇ ਜਾਂ ਜੋਖ਼ਮ ਭਰਿਆ।
ਕੈਨੇਡਾ ਨੇ ਬਹੁਤੇ ਨੌਜਵਾਨਾਂ ਦਾ ਸੁਪਨਾ ਤੋੜ ਦਿੱਤਾ ਹੈ ਅਤੇ ਅਮਰੀਕਾ ਪਹਿਲਾਂ ਹੀ ਪਰਵਾਸੀਆਂ ਦੇ ਮਗਰ ਪਿਆ ਹੋਇਆ ਹੈ। ਯੂਰਪੀ ਦੇਸ਼ਾਂ ਤੇ ਇੰਗਲੈਂਡ ਵਿਚ ਪਰਵਾਸ ਪਹਿਲਾਂ ਤੋਂ ਹੀ ਔਖਾ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਪਰਵਾਸੀਆਂ ਖ਼ਾਸ ਤੌਰ ‘ਤੇ ਵਿਦਿਆਰਥੀਆਂ ਲਈ ਆਪਣੇ ਬੂਹੇ ਭੀੜੇ ਕਰ ਰੱਖੇ ਹਨ। ਬਿਹਤਰ ਭਵਿੱਖ ਦੀ ਆਸ ਰੱਖੀ ਬੈਠੇ ਨੌਜਵਾਨਾਂ ਲਈ ਪਰਵਾਸ ਕਰਨ ਲਈ ਇਹ ਦੌਰ ਕੋਈ ਬਹੁਤਾ ਵਧੀਆ ਨਹੀਂ ਹੈ। ਵਿਦੇਸ਼ ਜਾਣ ਦੀ ਲਾਲਸਾ ਕਾਰਨ ਕਈ ਲੋਕ ਫ਼ਰਜ਼ੀ ਏਜੰਟਾਂ ਦੇ ਹੱਥੀਂ ਚੜ੍ਹ ਕੇ ਆਪਣੇ ਪੈਸੇ, ਜ਼ਮੀਨਾਂ ਅਤੇ ਭਵਿੱਖ ਖ਼ਰਾਬ ਕਰ ਲੈਦੇ ਹਨ। ਕਈਆਂ ਦੀ ਤਾਂ ਜ਼ਿੰਦਗੀ ਵੀ ਦਾਅ ਉੱਤੇ ਲੱਗ ਜਾਂਦੀ ਹੈ। ਇਹ ਨਕਲੀ ਏਜੰਟ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਬਾਹਰ ਲੈ ਕੇ ਜਾਣ ਦਾ ਲਾਲਚ ਦੇ ਕੇ ਜੰਗਲਾਂ ਵਿਚ ਛੱਡ ਦਿੰਦੇ ਹਨ ਅਤੇ ਅਜਿਹੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਦੇ ਅਸੀਂ ਗਵਾਹ ਵੀ ਬਣਦੇ ਹਾਂ। ਇਸ ਮੁੱਦੇ ਉੱਤੇ ਕਈ ਦਸਤਾਵੇਜ਼ੀ ਅਤੇ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ। ਪੰਜਾਬੀਆਂ ਵਿਚ ਪਰਵਾਸ ਦੀ ਇੱਛਾ ਹਮੇਸ਼ਾ ਤੋਂ ਹੀ ਪ੍ਰਬਲ ਰਹੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਦੇ ਛੋਟੇ ਕਸਬਿਆਂ ਵਿਚ ਵੀ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀਆਂ ਦੁਕਾਨਾਂ ਦੀ ਗਿਣਤੀ ਬਹੁਤ ਹੁੰਦੀ ਸੀ। ਫ਼ਰਜ਼ੀ ਵਿਆਹਾਂ ਰਾਹੀਂ ਵੀ ਬਹੁਤ ਸਾਰੇ ਲੋਕ ਵਿਦੇਸ਼ ਪੁੱਜ ਗਏ ਸਨ। ਹੁਣ ਸਮਾਂ ਹੋਰ ਤਰ੍ਹਾਂ ਦਾ ਹੈ। ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਹੁਣ ਜ਼ਿਆਦਾ ਹੈ ਪਰ ਹਾਲੇ ਵੀ ਅਜਿਹੇ ਬਹੁਤ ਲੋਕ ਹਨ ਜੋ ਗ਼ੈਰ-ਕਾਨੂੰਨੀ ਤਰੀਕਿਆਂ ਰਾਹੀਂ ਬਾਹਰ ਪਹੁੰਚਣ ਲਈ ਲੱਖਾਂ ਰੁਪਏ ਚੁੱਕੀ ਫਿਰਦੇ ਹਨ। ਹਾਲਾਂਕਿ ਇਹ ਵਰਤਾਰਾ ਸਮਾਜਿਕ, ਆਰਥਿਕ ਅਤੇ ਮਾਨਸਿਕ ਪੱਧਰ ਉੱਤੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਾਲੇ ਵੀ ਕਈ ਮੁੰਡੇ-ਕੁੜੀਆਂ ਵਿਦੇਸ਼ ‘ਚ ਸੈੱਟ ਹੋਣਾ ਚਾਹੁੰਦੇ ਹਨ।
ਵਿਦੇਸ਼ ‘ਚ ਸੈੱਟ ਹੋਣ ਦਾ ਮੁੱਖ ਕਾਰਨ ਆਰਥਿਕਤਾ ਹੈ। ਚੰਗਾ ਭਵਿੱਖ ਅਤੇ ਪੈਸਾ ਕਮਾਉਣਾ ਵਿਦੇਸ਼ ਵਸਣ ਦੇ ਕਾਰਨਾਂ ਵਿਚ ਪ੍ਰਮੁੱਖ ਹੈ। ਇਸ ਪੱਖੋਂ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਜਿਨ੍ਹਾਂ ਮੁੰਡੇ-ਕੁੜੀਆਂ ਨੂੰ ਮੌਜੂਦਾ ਸਮੇਂ ਵਿਚ ਪੰਜਾਬ ‘ਚ ਹੀ ਨੌਕਰੀਆਂ ਮਿਲ ਗਈਆਂ ਜਾਂ ਮਿਲ ਰਹੀਆਂ ਹਨ, ਖ਼ਾਸ ਤੌਰ ‘ਤੇ ਸਰਕਾਰੀ ਨੌਕਰੀਆਂ, ਉਨ੍ਹਾਂ ਨੇ ਵਿਦੇਸ਼ ਜਾਣ ਦਾ ਸੁਪਨਾ ਤਿਆਗ ਦਿੱਤਾ ਹੈ। ਕਈ ਮੁੰਡੇ-ਕੁੜੀਆਂ ਨੇ ਤਾਂ ਵਿਦੇਸ਼ ਤੋਂ ਆ ਕੇ ਸਰਕਾਰੀ ਨੌਕਰੀਆਂ ਜੁਆਇਨ ਕੀਤੀਆਂ ਹਨ। ਇਸ ਵਰਤਾਰੇ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਕ ਹੋਰ ਮੁੱਦਾ ਅਹਿਮ ਹੈ। ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਦਸਤਾਵੇਜ਼ੀਕਰਨ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਇਨ੍ਹਾਂ ਦੀ ਰਜਿਸਟ੍ਰੇਸ਼ਨ ਅਤੇ ਖ਼ਾਸ ਨੰਬਰ ਜਾਰੀ ਕਰ ਕੇ ਇਨ੍ਹਾਂ ਨੂੰ ਵੱਡੇ ਅੱਖਰਾਂ ਵਿਚ ਦੁਕਾਨ ਦੇ ਬਾਹਰ ਲਗਾਇਆ ਜਾਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਤਾਂ ਇਹੀ ਪਤਾ ਨਹੀਂ ਲੱਗਦਾ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ! ਵੈਸੇ, ਕੁਝ ਏਜੰਟ ਜਾਂ ਏਜੰਸੀਆਂ ਤਾਂ ਕਿਸੇ ਹੱਦ ਤੱਕ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ ਤੇ ਸਰਕਾਰ ਤੋਂ ਲਾਇਸੈਂਸ-ਪ੍ਰਾਪਤ ਕੀਤੇ ਹੋਏ ਹਨ ਪਰ ਬਹੁਤੇ ਇਸਦੀ ਆੜ ਵਿਚ ਠੱਗੀ ਮਾਰ ਜਾਂਦੇ ਹਨ।
ਇਕ ਸਮਾਂ ਸੀ ਜਦੋਂ ਪਿੰਡਾਂ ਦੇ ਪਿੰਡ ਜਵਾਨ ਮੁੰਡਿਆਂ ਤੋਂ ਸੱਖਣੇ ਹੋ ਗਏ ਸਨ। ਲੋਕ ਵਿਦੇਸ਼ ਜਾ ਵਸੇ ਸਨ, ਖ਼ਾਸ ਤੌਰ ‘ਤੇ ਦੁਆਬਾ ਇਲਾਕਾ। ਪਿੱਛੇ ਜਾਂ ਤਾਂ ਘਰਾਂ ਨੂੰ ਤਾਲੇ ਲੱਗ ਗਏ ਸਨ ਜਾਂ ਬੁੱਢੇ ਮਾਂ-ਬਾਪ ਹੀ ਰਹਿ ਗਏ ਸਨ। ਹਾਲਾਂਕਿ ਬਾਹਰ ਵਸੇ ਲੋਕਾਂ ਦਾ ਆਪਣੇ ਪਿੰਡਾਂ ਨਾਲ ਮੋਹ ਕੌਣ ਤੋੜ ਸਕਦਾ ਹੈ? ਹੱਡ ਭੰਨਵੀਆਂ ਕਮਾਈਆਂ ਨਾਲ ਇਨ੍ਹਾਂ ਲੋਕਾਂ ਨੇ ਆਪਣੇ ਪਿੰਡਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਵੀ ਪਾਈਆਂ ਪਰ ਉੱਥੇ ਰਹਿਣ ਦਾ ਸਬੱਬ ਨਹੀਂ ਬਣਿਆ। ਅਜਿਹੇ ਕਾਫ਼ੀ ਮਕਾਨ ਖੰਡਰ ਬਣ ਕੇ ਰਹਿ ਜਾਂਦੇ ਸਨ ਪਰ ਇਨ੍ਹਾਂ ਵੱਡੀਆਂ-ਵੱਡੀਆਂ ਕੋਠੀਆਂ ਨੂੰ ਵੇਖ ਕੇ ਨਵੀਂ ਉਮਰ ਦੇ ਮੁੰਡੇ ਜ਼ਰੂਰ ਵਿਦੇਸ਼ ਜਾਣ ਦੀ ਲਾਲਸਾ ਪਾਲ ਬੈਠਦੇ ਹਨ। ਜ਼ਿਆਦਾਤਰ ਇਹੀ ਲੋਕ ਗ਼ਲਤ ਏਜੰਟਾਂ ਦੇ ਧੱਕੇ ਚੜ੍ਹਦੇ ਹਨ। ਹਰ ਰੋਜ਼ ਅਖ਼ਬਾਰਾਂ ਵਿਚ ਅਜਿਹੇ ਨੌਜਵਾਨਾਂ ਦੀ ਖੱਜਲ-ਖੁਆਰੀ ਦੀਆਂ ਖ਼ਬਰਾਂ ਪੜ੍ਹ ਕੇ, ਉਨ੍ਹਾਂ ਦਾ ਹਸ਼ਰ ਦੇਖ ਕੇ ਅਤੇ ਪਿੱਛੇ ਰਹਿ ਗਏ ਉਨ੍ਹਾਂ ਦੇ ਕਰਜ਼ਾਈ ਮਾਪਿਆਂ ਦੀ ਮਜਬੂਰੀ ਵੇਖ ਕੇ ਮਨ ਦੁਖੀ ਹੁੰਦਾ ਹੈ। ਹੈਰਾਨੀ ਤਾਂ ਇਹ ਹੈ ਕਿ ਉਨ੍ਹਾਂ ਦੇ ਕਰਜ਼ਾਈ ਹੋ ਚੁੱਕੇ ਮਾਪਿਆਂ ਦੀ ਮਾਨਸਿਕ ਪੀੜਾ ਬਾਰੇ ਪੜ੍ਹ ਕੇ ਵੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ ਮੱਠੀ ਨਹੀਂ ਹੁੰਦੀ। ਪਤਾ ਨਹੀਂ ਕਦੋਂ ਇਹ ਵਰਤਾਰਾ ਰੁਕੇਗਾ!
ਪਿਛਲੇ ਸਮੇਂ ਵਿਚ ਵਿਦੇਸ਼ ਜਾਣ ਲਈ ਕੀਤੇ ਵਿਆਹਾਂ ਵਿਚ ਧੋਖਿਆਂ ਦੇ ਮਾਮਲੇ ਵੀ ਵੇਖਣ ਨੂੰ ਮਿਲੇ ਹਨ। ਮੁੰਡੇ ਵਾਲੇ ਕੁੜੀ ਉੱਤੇ ਪੈਸਾ ਖ਼ਰਚ ਦਿੰਦੇ ਹਨ ਅਤੇ ਇਸ ਆਸ ਨਾਲ ਉਸ ਨੂੰ ਵਿਦੇਸ਼ ਭੇਜ ਦਿੰਦੇ ਹਨ ਕਿ ਉੱਥੇ ਪੱਕੀ ਹੋ ਕੇ ਉਹ ਉਨ੍ਹਾਂ ਦੇ ਮੁੰਡੇ ਨੂੰ ਵੀ ਬੁਲਾ ਲਵੇਗੀ ਪਰ ਕੁੜੀ ਮੁੱਕਰ ਜਾਂਦੀ ਹੈ ਅਤੇ ਮੁੰਡੇ ਵਾਲਿਆਂ ਕੋਲ ਰੋਣ-ਧੋਣ ਤੋਂ ਇਲਾਵਾ ਕੁਝ ਨਹੀਂ ਬਚਦਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਵਿਦੇਸ਼ ਜਾਣ ਲਈ ਲੋਕਾਂ ਨੇ ਕੀ-ਕੀ ਢੰਗ ਲੱਭ ਲਏ ਹਨ। ਇਸ ਤੋਂ ਪਹਿਲਾਂ ਨਕਲੀ ਵਿਆਹਾਂ ਦੀ ਵੀ ਪੰਜਾਬ ਵਿਚ ਖ਼ੂਬ ਚਰਚਾ ਰਹੀ ਹੈ ਜਾਂ ਕਈ ਵਿਦੇਸ਼ੀ ਲਾੜੇ ਇੱਧਰ ਵਿਆਹ ਕਰਾ ਕੇ ਨਾ ਤਾਂ ਮੁੜ ਪੰਜਾਬ ਆਏ ਤੇ ਨਾ ਉਨ੍ਹਾਂ ਨੇ ਕੁੜੀਆਂ ਸੱਦੀਆਂ। ਖ਼ੈਰ, ਇਹ ਵੱਖਰੇ ਮਸਲੇ ਹਨ ਪਰ ਜੁੜੇ ਪਰਵਾਸ ਨਾਲ ਹੀ ਹੋਏ ਹਨ। ਵਿਦੇਸ਼ ਜਾਣ ਦੀ ਲਾਲਸਾ ਨੇ ਪੰਜਾਬੀਆਂ ਦੀ ਚਰਚਾ ਵਿਸ਼ਵ ਪੱਧਰ ‘ਤੇ ਕਰਵਾਈ ਹੈ। ਅਖ਼ੀਰ ‘ਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਨੌਜਵਾਨ ਵਰਗ ਦੀ ਵਿਦੇਸ਼ ਵੱਲ ਦੌੜ ਨੂੰ ਰੋਕਣ ਲਈ ਸਾਨੂੰ ਆਪਣੇ ਦੇਸ਼ ਵਿਚ ਖੇਤੀ, ਸਨਅਤ, ਵਪਾਰ ਅਤੇ ਨੌਕਰੀਆਂ ਦੇ ਖੇਤਰਾਂ ਦਾ ਸਾਵਾਂ ਵਿਕਾਸ ਕਰਨਾ ਜ਼ਰੂਰੀ ਹੈ। ਸਭਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣੇ ਚਾਹੀਦੇ ਹਨ। ਬੇਮਤਲਬ ਅਤੇ ਫਾਲਤੂ ਖ਼ਰਚਿਆਂ ਲਈ ਸਮਾਜਿਕ ਜਾਗਰੂਕਤਾ ਜ਼ਰੂਰੀ ਹੈ। ਬੱਚਤ ਦੀਆਂ ਆਦਤਾਂ ਬਚਪਨ ਤੋਂ ਹੀ ਪੈਦਾ ਕੀਤੀਆਂ ਜਾਣ। ਵਿਦੇਸ਼ ਜਾਣ ਦੀ ਮਜਬੂਰੀ ਨਾ ਹੋਵੇ, ਵਿਕਲਪ ਹੋਵੇ। ਕੌਣ ਚਾਹੁੰਦਾ ਹੈ ਕਿ ਉਹ ਆਪਣਾ ਘਰ, ਪਰਿਵਾਰ ਅਤੇ ਮਾਂ-ਪਿਓ ਨੂੰ ਛੱਡ ਕੇ ਬੇਗਾਨੀ ਧਰਤੀ ਉੱਤੇ ਜਾਵੇ? ਸਾਰੇ ਆਪਣੀ ਜਨਮ ਭੂਮੀ ‘ਤੇ ਰਹਿ ਕੇ ਆਪਣਾ ਜੀਵਨ ਖ਼ੁਸ਼ਹਾਲੀ ਨਾਲ ਬਤੀਤ ਕਰਨ। ਅਸਲ ਤਰੱਕੀ ਤਾਂ ਇਹੀ ਹੁੰਦੀ ਹੈ!
– ਰਾਜਵਿੰਦਰ ਸਿੰਘ
(‘ਪੰਜਾਬੀ ਜਾਗਰਣ’ ਵਿਚੋਂ ਧੰਨਵਾਦ ਸਹਿਤ)

RELATED ARTICLES
POPULAR POSTS