ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ ਹੈ। ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਮੰਨਿਆ ਜਾਂਦਾ ਹੈ। ਸਵਾ ਕੁ ਦੋ ਸੌ ਸਾਲ ਪਹਿਲਾਂ 1789 ਵਿਚ ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ ਸਨ। ਟਰੰਪ ਇਸ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਅੱਜ ਜਦੋਂ ਦੁਨੀਆ ਵਿਚ ਦੋ ਵੱਡੀਆਂ ਲੜਾਈਆਂ ਲੱਗੀਆਂ ਹੋਈਆਂ ਹਨ ਤੇ ਅਮਰੀਕਾ ਇਨ੍ਹਾਂ ਦੋਹਾਂ ਲੜਾਈਆਂ ਨਾਲ ਜੁੜਿਆ ਹੋਇਆ ਹੈ, ਤਾਂ ਉਸ ਸਮੇਂ ਵਿਗੜੇ ਹੋਏ ਕੌਮਾਂਤਰੀ ਹਾਲਾਤ ਨੂੰ ਸਾਜ਼ਗਾਰ ਬਣਾਉਣ ਦੀ ਵੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ। ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਸਮੇਂ ਵਾਰ-ਵਾਰ ਇਹ ਕਿਹਾ ਸੀ ਕਿ ਉਹ ਇਨ੍ਹਾਂ ਦੋਹਾਂ ਜੰਗਾਂ ਨੂੰ ਖ਼ਤਮ ਕਰਾਉਣ ਵਿਚ ਸਹਾਈ ਹੋਣਗੇ। ਚਾਹੇ ਇਸ ਸਮੇਂ ਇਹ ਗੱਲ ਤਾਂ ਦੂਰ ਦੀ ਕੌਡੀ ਜਾਪਦੀ ਹੈ, ਪਰ ਜਿੰਨੇ ਸਾਧਨ ਇਸ ਦੇਸ਼ ਕੋਲ ਹਨ, ਜੇ ਉਸ ਦਾ ਮੁਖੀ ਸੁਚੇਤ ਰੂਪ ਵਿਚ ਅਜਿਹੀ ਨੀਤੀ ‘ਤੇ ਚੱਲੇ ਤਾਂ ਇਨ੍ਹਾਂ ਯੁੱਧਾਂ ‘ਤੇ ਉਸ ਦਾ ਪ੍ਰਭਾਵ ਪੈਣ ਦੀ ਉਮੀਦ ਜ਼ਰੂਰ ਉਜਾਗਰ ਹੁੰਦੀ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਵਲੋਂ ਅਖ਼ਤਿਆਰ ਕੀਤੀਆਂ ਜਾਂਦੀਆਂ ਨੀਤੀਆਂ ਦਾ ਦੁਨੀਆ ਭਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਅਸਰ ਜ਼ਰੂਰ ਪੈਂਦਾ ਹੈ। ਆਰਥਿਕ ਤੌਰ ‘ਤੇ ਉਹ ਸਭ ਤੋਂ ਵੱਡਾ ਦੇਸ਼ ਹੈ ਤੇ ਕੌਮਾਂਤਰੀ ਤਿਜਾਰਤ ਵਿਚ ਉਸ ਦੀ ਕਰੰਸੀ ਡਾਲਰ ਦੀ ਅੱਜ ਵੀ ਵੱਡੀ ਅਹਮੀਅਤ ਮੰਨੀ ਜਾਂਦੀ ਹੈ। ਹਾਲੇ ਵੀ ਵਪਾਰਕ ਲੈਣ-ਦੇਣ ਵਿਚ ਉਸ ਦੇ ਡਾਲਰ ਦੀ ਚਮਕ ਬਣੀ ਹੋਈ ਹੈ। ਟਰੰਪ ਨੇ ‘ਅਮਰੀਕਾ ਫਸਟ’ ਦਾ ਨਾਅਰਾ ਲਗਾਈ ਰੱਖਿਆ ਹੈ। ਜੇਕਰ ਉਹ ਕੌਮਾਂਤਰੀ ਤਿਜਾਰਤ ਵਿਚ ਆਪਣੇ ਦੇਸ਼ ਦੇ ਉਤਪਾਦਾਂ ਨੂੰ ਵੀ ਪਹਿਲ ਦੇਣ ਦੀ ਨੀਤੀ ਅਪਣਾਉਂਦੇ ਹਨ, ਵਿਦੇਸ਼ੀ ਵਸਤਾਂ ‘ਤੇ ਵਧੇਰੇ ਟੈਕਸ ਲਗਾਉਣ ਦੀ ਨੀਤੀ ਅਪਣਾਉਂਦੇ ਹਨ ਤਾਂ ਵੀ ਇਸ ਨਾਲ ਬਹੁਤੇ ਦੇਸ਼ਾਂ ਦੀ ਆਰਥਿਕਤਾ ‘ਤੇ ਉਲਟ ਅਸਰ ਪਵੇਗਾ। ਇਸੇ ਹੀ ਤਰ੍ਹਾਂ ਅਮਰੀਕਾ ਵਿਚ ਸੈਂਕੜੇ ਵਰ੍ਹਿਆਂ ਤੋਂ ਪਰਵਾਸੀ ਆਉਂਦੇ ਰਹੇ ਹਨ। ਉਹ ਇੱਥੋਂ ਦੇ ਨਾਗਰਿਕ ਬਣਦੇ ਰਹੇ ਹਨ। ਇਸੇ ਲਈ ਹੀ ਅੱਜ ਇਸ ਵਿਚ ਅਫਰੀਕੀ-ਅਮਰੀਕੀ, ਯੂਰਪੀਅਨ-ਅਮਰੀਕੀ, ਏਸ਼ੀਆਈ ਅਰਬ-ਅਮਰੀਕੀ ਅਤੇ ਮੁਸਲਿਮ-ਅਮਰੀਕੀ ਨਾਗਰਿਕਾਂ ਦਾ ਜਮਾਵੜਾ ਹੈ। ਟਰੰਪ ਦੀ ਨੀਤੀ ਦੁਨੀਆ ਭਰ ‘ਚੋਂ ਕਿਸੇ ਨਾ ਕਿਸੇ ਕਾਰਨ ਇਥੇ ਆਉਂਦੇ ਪਰਵਾਸੀਆਂ ਨੂੰ ਨਿਰ-ਉਤਸ਼ਾਹਿਤ ਕਰਨ ਵਾਲੀ ਹੈ। ਕੱਲ੍ਹ ਨੂੰ ਇਸ ਦਿਸ਼ਾ ਵਿਚ ਬਣਾਏ ਜਾਣ ਵਾਲੇ ਕਾਨੂੰਨਾਂ ਦਾ ਵੀ ਦੁਨੀਆ ਭਰ ਵਿਚ ਵੱਡੀ ਪੱਧਰ ‘ਤੇ ਅਸਰ ਵੇਖਿਆ ਜਾ ਸਕੇਗਾ। ਪਿਛਲੇ ਸਮੁੱਚੇ ਵਿਹਾਰ ਨੂੰ ਵੇਖਦਿਆਂ ਟਰੰਪ ਦੀ ਸੋਚ ਬਾਰੇ ਅੰਦਾਜ਼ਾ ਲਗਾ ਸਕਣਾ ਮੁਸ਼ਕਿਲ ਹੈ। ਉਸ ਦੇ ਕੰਮਾਂ ਅਤੇ ਸਰਗਰਮੀਆਂ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ।
ਟਰੰਪ ਦਾ ਹੁਣ ਤੱਕ ਦਾ ਸਿਆਸੀ ਸਫ਼ਰ ਵੀ ਬੇਹੱਦ ਘਟਨਾਵਾਂ ਭਰਪੂਰ ਅਤੇ ਅਜੀਬ ਰਿਹਾ ਹੈ। ਉਹ ਅਮਰੀਕਾ ਦਾ ਇਕ ਧਨਾਢ ਵਿਅਕਤੀ ਮੰਨਿਆ ਜਾਂਦਾ ਹੈ। ਇਸ ਖੇਤਰ ਵਿਚ ਉਹ ਦਹਾਕਿਆਂ ਤੋਂ ਬੇਹੱਦ ਚਰਚਿਤ ਨਾਂਅ ਰਿਹਾ ਹੈ। ਅਜਿਹਾ ਧਨ ਕੁਬੇਰ ਆਮ ਮਨੁੱਖ ਅਤੇ ਸਿਆਸਤ ਨੂੰ ਕਿੰਨਾ ਕੁ ਸਮਝ ਸਕਣ ਦੇ ਸਮਰੱਥ ਹੋ ਸਕਦਾ ਹੈ, ਇਸ ਬਾਰੇ ਹਾਲੇ ਵੀ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। 8 ਸਾਲ ਪਹਿਲਾਂ ਵੀ ਉਹ ਰਿਪਬਲਿਕਨ ਪਾਰਟੀ ਵਲੋਂ ਦੇਸ਼ ਦਾ 45ਵਾਂ ਰਾਸ਼ਟਰਪਤੀ ਬਣਿਆ ਸੀ। ਚਾਹੇ ਉਸ ਸਮੇਂ ਠੋਸ ਪ੍ਰਾਪਤੀਆਂ ਉਸ ਦੇ ਜ਼ਿੰਮੇ ਨਹੀਂ ਆਈਆਂ, ਪਰ ਉਹ ਬੇਹੱਦ ਚਰਚਾ ਵਿਚ ਰਿਹਾ ਸੀ। ਅਗਲੀ ਰਾਸ਼ਟਰਪਤੀ ਦੀ ਚੋਣ ਵਿਚ ਡੈਮੋਕਰੇਟਿਕ ਪਾਰਟੀ ਦੇ ਜੋਅ ਬਾਈਡਨ ਕੋਲੋਂ ਹਾਰ ਜਾਣ ਤੋਂ ਬਾਅਦ ਉਸ ਨੇ ਇਕ ਤਰ੍ਹਾਂ ਨਾਲ ਨਤੀਜਿਆਂ ਨੂੰ ਨਕਾਰਦੇ ਹੋਏ ਆਪਣੇ ਸਾਥੀਆਂ ਨੂੰ ਅਮਰੀਕੀ ਸੰਸਦ ਭਵਨ (ਕੈਪੀਟਲ) ਵੱਲ ਮਾਰਚ ਕਰਨ ਦੀ ਅਪੀਲ ਕੀਤੀ ਸੀ। ਸੰਸਦ ਭਵਨ ਵਿਚ ਹੀ ਉਸ ਦੇ ਹਮਾਇਤੀਆਂ ਅਤੇ ਸੁਰੱਖਿਆ ਬਲਾਂ ਦੀਆਂ ਝੜਪਾਂ ਹੋਈਆਂ ਸਨ। ਉਸ ਤੋਂ ਪਿੱਛੋਂ ਟਰੰਪ ਨੇ ਚੋਣ ਨਤੀਜਿਆਂ ਨੂੰ ਅਦਾਲਤ ਵਿਚ ਵੀ ਚੁਣੌਤੀ ਦਿੱਤੀ ਸੀ। ਉਸ ‘ਤੇ ਅਜਿਹੇ ਹਮਲੇ ਕਰਨ ਦੇ ਵੱਡੇ ਦੋਸ਼ ਵੀ ਲੱਗਦੇ ਰਹੇ ਹਨ। ਕਿਸੇ ਵੀ ਰਾਸ਼ਟਰਪਤੀ ਵਲੋਂ ਚੋਣ ਹਾਰ ਜਾਣ ਤੋਂ ਬਾਅਦ ਮੁੜ ਦੁਬਾਰਾ ਅਗਲੀ ਚੋਣ ਵਿਚ ਜਿੱਤ ਪ੍ਰਾਪਤ ਕਰਨ ਦੀ ਮਿਸਾਲ ਅਮਰੀਕੀ ਸਿਆਸਤ ਵਿਚ ਘੱਟ ਹੀ ਮਿਲਦੀ ਹੈ। ਇਸ ਤੋਂ ਪਹਿਲਾਂ ਗਰੋਵਰ ਕਲੀਵਲੈਂਡ ਹੀ ਸਾਲ 1885 ਤੋਂ 1889 ਅਤੇ ਫਿਰ 1893 ਤੋਂ 1897 ਤੱਕ ਅਮਰੀਕੀ ਰਾਸ਼ਟਰਪਤੀ ਰਹੇ ਸੀ। ਟਰੰਪ ਦੇ ਮੁਕਾਬਲੇ ਵਿਚ ਉਤਰੀ ਡੈਮੋਕਰੇਟਕ ਪਾਰਟੀ ਦੀ ਕਮਲਾ ਹੈਰਿਸ ਨੇ ਇਸ ਦੌੜ ਵਿਚ ਸਖ਼ਤ ਮੁਕਾਬਲਾ ਜ਼ਰੂਰ ਕੀਤਾ, ਪਰ ਪਹਿਲਾਂ ਦੂਸਰੀ ਵਾਰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨੇ ਗਏ ਜੋਅ ਬਾਈਡਨ ਦੀ ਚੋਣ ਪ੍ਰਚਾਰ ਵਿਚ ਨਿਰਾਸ਼ਾਜਨਕ ਕਾਰਗੁਜ਼ਾਰੀ ਕਰਕੇ ਉਸ ਦੀ ਥਾਂ ‘ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਚੋਣ ਲੜਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਉਸ ਕੋਲ ਪ੍ਰਚਾਰ ਲਈ ਸਿਰਫ਼ 4 ਕੁ ਮਹੀਨੇ ਹੀ ਬਚੇ ਸਨ।
ਕਮਲਾ ਹੈਰਿਸ ਨੇ ਆਪਣੇ ਮੁਲਕ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਅਤੇ ਕੌਮਾਂਤਰੀ ਮੰਚ ‘ਤੇ ਤਵਾਜ਼ਨ ਵਾਲੀਆਂ ਨੀਤੀਆਂ ਅਪਣਾਉਣ ਦੀ ਗੱਲ ਕੀਤੀ ਸੀ, ਪਰ ਟਰੰਪ ਦੇ ‘ਅਮਰੀਕਾ ਫਸਟ’ ਦੇ ਨਾਅਰੇ ਨੇ ਵੋਟਰਾਂ ਉੱਤੇ ਜਾਦੂਈ ਅਸਰ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੰਪ ਦੇ ਪਹਿਲੇ ਕਾਰਜਕਾਲ ਵਿਚ ਬੜੇ ਬਿਹਤਰ ਸੰਬੰਧ ਰਹੇ ਹਨ। ਮੋਦੀ ਨੇ ਇਸ ਜਿੱਤ ‘ਤੇ ਵਧਾਈ ਦਿੰਦਿਆਂ ਇਹ ਕਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਕਾਰਜਕਾਲ ਵਿਚ ਭਾਰਤ-ਅਮਰੀਕਾ ਦਰਮਿਆਨ ਵਪਾਰਕ ਸੰਬੰਧਾਂ ਨੂੰ ਅਤੇ ਰਣਨੀਤਕ ਸਾਂਝੇਦਾਰੀ ਨੂੰ ਜਿਸ ਤਰ੍ਹਾਂ ਮਜ਼ਬੂਤ ਕੀਤਾ ਸੀ, ਭਾਰਤ ਉਨ੍ਹਾਂ ਤੋਂ ਮੁੜ ਉਸੇ ਤਰ੍ਹਾਂ ਦੀ ਆਸ ਰੱਖੇਗਾ। ਅੱਜ ਜਦੋਂ ਕਿ ਭਾਰਤ ਨੂੰ ਵੀ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਟਰੰਪ ਦੀ ਜਿੱਤ ਉਸ ਲਈ ਇਕ ਚੰਗਾ ਸੰਦੇਸ਼ ਸਾਬਤ ਹੋ ਸਕਦੀ ਹੈ।
Check Also
ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ …