Breaking News
Home / ਕੈਨੇਡਾ / ਰੈਲੀ ‘ਚ ਲੋਕਾਂ ਦੀ ਅਵਾਜ਼ :ਵਰਕਰਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ, ਜਿੱਤੇ ਹੱਕ ਨਹੀਂ ਖੋਹਣ ਦਿਆਂਗੇ

ਰੈਲੀ ‘ਚ ਲੋਕਾਂ ਦੀ ਅਵਾਜ਼ :ਵਰਕਰਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ, ਜਿੱਤੇ ਹੱਕ ਨਹੀਂ ਖੋਹਣ ਦਿਆਂਗੇ

ਪਿਛਲੇ ਸਾਲ ਲਿਬਰਲ ਪਾਰਟੀ ਦੀ ਸਰਕਾਰ ਨੇ ਮਿਨੀਮਮ ਵੇਜ 11 ਡਾਲਰ 60 ਸੈਂਟ ਤੋਂ 15 ਡਾਲਰ ਤੱਕ ਵਧਾਉਣ ਦਾ ਕਾਨੂੰਨ ਪਾਸ ਕਰ ਦਿੱਤਾ ਸੀ। 14 ਡਾਲਰ 1 ਜਨਵਰੀ 2018 ਤੋਂ ਮਿਲਣੇ ਸ਼ੁਰੂ ਹੋ ਗਏ ਸਨ ਤੇ 15 ਡਾਲਰ 1 ਜਨਵਰੀ 2019 ਤੋਂ ਲਾਗੂ ਹੋਣੇ ਸਨ। 7 ਜੂਨ 2018 ਨੂੰ ਹੋਈਆਂ ਚੋਣਾਂ ਵਿਚ ਪੀ ਸੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਤੇ ਉਸ ਦੇ ਲੀਡਰ ਮਿਸਟਰ ਡੱਗ ਫੋਰਡ ਹੁਣ ਉਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਹਨ। ਡੱਗ ਫੋਰਡ ਦਾ ਇਹ ਨਿਰਣਾ ਹੈ ਕਿ ਮਿਨੀਮਮ ਵੇਜ 14 ਡਾਲਰ ਤੋਂ ਨਹੀ ਵਧਾਈ ਜਾਵੇਗੀ ਕਿਉਂਕਿ ਮਿਨੀਮਮ ਵੇਜ ਵਧਣ ‘ਤੇ ਕਾਰਪੋਰੇਟ ਜਗਤ ਵਲੋਂ ਖੂਬ ਰੌਲਾ ਪਾਇਆ ਗਿਆ ਸੀ ਕਿ ਇਕਦੱਮ ਏਨੀ ਵੇਜ ਵਧਣ ਨਾਲ ਮੁਲਕ ਦੀ ਆਰਥਿਕਤਾ ਡਾਵਾਂ ਡੋਲ ਹੋ ਜਾਵੇਗੀ ਕੋਈ 60,000 ਦੇ ਕਰੀਬ ਜੌਬਾਂ ਜਾ ਸਕਦੀਆਂ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਿਛਲੇ ਢਾਈ ਦਹਾਕਿਆਂ ‘ਚ 12 ਸਾਲਾਂ ਤੱਕ ਮਿਨੀਮਮ ਵੇਜ ਫਰੀਜ ਕਰਕੇ ਰੱਖੀ ਗਈ ਸੀ ਤੇ ਮਹਿੰਗਾਈ ਉਦੋਂ ਵੀ ਵੱਧਦੀ ਹੀ ਰਹੀ। ਪਿਛਲੇ ਕੁਝ ਸਾਲਾਂ ਤੋਂ ਨਿਗੂਣਾ ਜਿਹਾ ਵਾਧਾ ਕੀਤਾ ਜਾ ਰਿਹਾ ਸੀ ਪਰ ਇਸ ਦੇ ਮੁਕਾਬਲੇ ਮਹਿੰਗਾਈ ਕਈ ਗੁਣਾਂ ਵਧਣ ਕਰਕੇ ਲੱਖਾਂ ਹੀ ਵਰਕਰ ਗਰੀਬੀ ਲਾਈਨ ਤੋਂ ਹੇਠਾਂ ਵਾਲੀ ਜ਼ਿੰਦਗੀ ਕੱਟ ਰਹੇ ਸਨ। ਇੱਕ ਸਰਵੇ ਮੁਤਾਬਕ ਟੋਰਾਂਟੋ ਦੇ 70% ਲੋਕ ਇਸ ਵਾਧੇ ਦੇ ਹੱਕ ‘ਚ ਸਨ। ਅਮਰੀਕਾ ਅਤੇ ਕੈਨੇਡਾ ਦੇ ਵਰਕਰਾਂ ਨੇ ਯੂਨੀਅਨਾਂ ਅਤੇ ਗੈਰ ਯੂਨੀਅਨਾਂ ਦੀ ਅਗਵਾਹੀ ‘ਚ ਇੱਕ ਲੰਮਾ ਸੰਘਰਸ਼ ਕੀਤਾ ਤਾਂ ਕਿਤੇ ਜਾ ਕੇ ਅਮਰੀਕਾ ਦੇ 20 ਵੱਡੇ ਸ਼ਹਿਰਾਂ ਤੇ ਕੈਨੇਡਾ ਦੇ ਕੁਝ ਪ੍ਰੋਵਿੰਸਾਂ ‘ਚ ਇਸ ਮੰਗ ਨੂੰ ਪ੍ਰਵਾਨ ਕੀਤਾ ਗਿਆ। ਫਰਵਰੀ ‘ਚ ਆਏ ਇੱਕ ਸਰਵੇ ਮੁਤਾਬਕ ਮਿਨੀਮਮ ਵਧਣ ਨਾਲ ਸਗੋਂ ਉਨਟਾਰੀਓ ‘ਚ ਫੁੱਲ ਟਾਈਮ ਜੌਬਾਂ ਵਧੀਆਂ ਹਨ ਤੇ ਆਰਥਿਕਤਾ ਵੀ ਹੋਰ ਵਧੀਆ ਹੋਈ ਹੈ।
ਸੰਘਰਸ਼ ਕਰਕੇ ਲਏ ਹੱਕਾਂ ਨੂੰ ਬਚਾਉਣ ਲਈ ਹੀ ਵਰਕਰਜ਼ ਐਕਸ਼ਨ ਸੈਂਟਰ ਟੋਰਾਂਟੋ, ਬਰੈਂਪਟਨ ਐਕਸ਼ਨ ਕਮੇਟੀ, 15 ਐਂਡ ਫੇਅਰਨੇਸ ਤੇ ਕਈ ਹੋਰ ਯੂਨੀਅਨਾਂ ਵਲੋਂ 16 ਜੂਨ ਨੂੰ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ‘ਚ ਮੰਗ ਕੀਤੀ ਗਈ ਹੈ ਕਿ ਮਿਨੀਮਮ ਵੇਜ 15 ਡਾਲਰ ਕਰਨ ਵਾਲੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਵੇ ਤੇ ਇਸ ਨੂੰ 1ਜਨਵਰੀ ਤੋਂ ਲਾਗੂ ਕੀਤਾ ਜਾਵੇ। ਬਰੈਂਪਟਨ ਨਿਵਾਸੀਆਂ ਵਲੋਂ ਵੀ ਇਸ ‘ਚ ਵੱਡੀ ਗਿਣਤੀ ‘ਚ ਸਮੂਲੀਅਤ ਕੀਤੀ ਗਈ। ਰੈਲੀ ‘ਚ ਇਕ ਬਹੁਤ ਹੀ ਸੁੰਦਰ ਬੈਂਡ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਇਸ ਬੈਂਡ ਦੇ ਮੈਂਬਰ ਵਰਕਰਾਂ ਪੱਖੀ ਗੀਤ ਸੰਗੀਤ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਲੋਕ ਨੱਚਦੇ ਗਾਉਂਦੇ, ਭੰਗੜੇ ਪਾਉਂਦੇ ਤੇ ਨਾਲ ਹੀ ਨਾਅਰੇ ਮਾਰਦੇ ਜਾ ਰਹੇ ਸਨ। ਬਰੈਂਪਟਨ ਦੇ ਲੋਕਾਂ ਨੂੰ ਇਹ ਇਕ ਵੱਖਰਾ ਹੀ ਢੰਗ ਦੇਖਣ ਨੂੰ ਮਿਲਿਆ ਸੀ ਆਪਣੀਆਂ ਮੰਗਾਂ ਪ੍ਰਤੀ ਇਸ ਤਰ੍ਹਾਂ ਦੀ ਰੈਲੀ ਕਰਨ ਦਾ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ‘ਚ ਬਲੈਕ ਲਾਈਵਜ਼ ਮੈਟਰ ਵਲੋਂ ਸੈਂਡੀ ਹਡਸਨ, ਫੈਡਰੇਸ਼ਨ ਆਫ ਲੇਬਰ ਵਲੋਂ ਕ੍ਰਸਿ ਬਕਲੇਅ, ਡੀਫੈਂਸ ਵਰਕਰਜ਼ ਐਂਡ ਹੈਲਥ ਨੈਟਵਰਕ ਆਫ ਉਨਟਾਰੀਓ ਵਲੋਂ ਡਾਕਟਰ ਰਿਤਿਕਾ ਗੋਇਲ, ਡਿਸਅਬਲਿਟੀ ਨੈਟਵਰਕ ਆਫ ਉਨਟਾਰੀਓ ਵਲੋਂ ਸੈਹਰਾ ਜਾਮਾ, ਵੈਲਫੇਅਰ ਅਲਾਇੰਸ ਵਲੋਂ ਅਮੀਤਾ ਅਗਰਵਾਲ, ਰੈਕਸਡੇਲ ਕਮਿਊਨਟੀ ਲੀਡਰਜ਼ ਦੇ ਸਾਈਨਾਬ ਅਤੇ ਅਬਦੁੱਲ ਤੇ ਬਰੈਪਟਨ ਐਂਕਸ਼ਨ ਕਮੇਟੀ ਵਲੋਂ ਨਾਹਰ ਔਜਲਾ ਸਨ। ਰੈਲੀ ਦੇ ਕਿਊਨਜ਼ ਪਾਰਕ ਪਹੁੰਚਣ ਤੇ ਅੰਤਰਰਾਸਟਰੀ ਪੱਧਰ ਦੀ ਪ੍ਰਸਿੱਧ ਲੇਖਕਾ ਨਿਊਮੀ ਕਲਾਈਨ ਨੇ ਮੁੱਖ ਬੁਲਾਰੇ ਦੇ ਤੌਰ ‘ਤੇ ਸੰਬੋਧਨ ਕੀਤਾ।
ਨਿਊਮੀ ਕਲਾਈਨ ਨੇ ਕਿਹਾ ਕਿ ਡੱਗ ਫੋਰਡ ਦੇ ਪ੍ਰੀਮੀਅਰ ਬਣਨ ਨਾਲ ਆਰਥਿਕ ਪਾੜਾ ਹੋਰ ਵਧੇਗਾ, ਸਿਹਤ ਸੇਵਾਵਾਂ ‘ਚ ਕੋਈ ਸੁਧਾਰ ਨਹੀਂ ਹੋਵੇਗਾ, ਇਹ ਸਰਕਾਰ ਇੱਕ ਟਰਮ ਤੱਕ ਹੀ ਚੱਲੇਗੀ। ਸੱਤਾ ‘ਚ ਕੌਣ ਬੈਠਾ ਹੈ ਮੈਟਰ ਨਹੀਂ ਕਰਦਾ ਸਗੋਂ ਇਹ ਗੱਲ ਮੈਟਰ ਕਰਦੀ ਹੈ ਕਿ ਕਿੰਨੇ ਲੋਕ ਆਪਣੇ ਹੱਕਾਂ ਲਈ ਗਲੀਆਂ ‘ਚ ਨਿਕਲ ਆਉਂਦੇ ਹਨ। ਲੋਕ ਹੀ ਅਸਲੀ ਤਾਕਤ ਹੁੰਦੇ ਹਨ। ਨਵੇਂ ਚੁਣੇ ਗਏ ਐਮ ਪੀ ਪੀ ਗੁਰਰਤਨ ਸਿੰਘ, ਸਾਰਾ ਸਿੰਘ ਤੇ ਕਈ ਹੋਰ ਲੀਡਰਾਂ ਵਲੋਂ ਵੀ ਇਸ ਰੈਲੀ ‘ਚ ਸਮੂਲੀਅਤ ਕੀਤੀ ਗਈ। ਇਸ ਰੈਲੀ ਦੀ ਐਮ ਸੀ ਵਰਕਰਜ਼ ਐਕਸ਼ਨ ਸੈਂਟਰ ਦੀ ਆਗੂ ਡੀਨਾ ਲੈਡ ਤੇ ਮੀਨਾ ਰਾਜੀਬੀ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ ਤੇ ਅੰਤ ਵਿੱਚ ਸਾਰੇ ਮੀਡੀਏ ਤੇ ਸ਼ਾਮਿਲ ਲੋਕਾਂ ਦਾ ਧੰਨਵਾਦ ਕੀਤਾ ਗਿਆ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …