ਨਵੀਂ ਦਿੱਲੀ/ਬਿਊਰੋ ਨਿਊਜ਼
ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਸਵੱਛ ਭਾਰਤ ਮੁਹਿੰਮ ਨੂੰ ਹੋਰ ਉਤਸ਼ਾਹ ਦੇਣ ਲਈ ਹੁਣ ਨਵੀਂ ਪਹਿਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਟਾਇਲਟ ਦਾ ਨਾਂ ਬਦਲ ਕੇ ‘ਇੱਜ਼ਤ ਘਰ’ ਰੱਖ ਸਕਦੀ ਹੈ। ਇਸ ਲਈ ਕੇਂਦਰ ਵੱਲੋਂ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਚਿੱਠੀ ਵੀ ਭੇਜ ਦਿੱਤੀ ਗਈ ਹੈ। 16 ਅਕਤੂਬਰ ਨੂੰ ਕੇਂਦਰ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਕਿ ਟਾਇਲਟਾਂ ਨੂੰ ‘ਇੱਜ਼ਤ ਘਰ’ ਕਿਹਾ ਜਾਵੇ।
ਪੱਤਰ ਵਿਚ ਭਾਸ਼ਾਈ ਵਿਭਿੰਨਤਾ ਵਾਲੇ ਖੇਤਰਾਂ ਵਿਚ ਇਸੇ ਦੇ ਬਰਾਬਰ ਸਨਮਾਨਤ ਨਾਂ ਰੱਖਣ ਦਾ ਸੁਝਾਅ ਵੀ ਦਿੱਤਾ ਗਿਆ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਮਹੀਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੌਰੇ ਦੌਰਾਨ ਇਕ ਨਵੇਂ ਟਾਇਲਟ ਦਾ ਉਦਘਾਟਨ ਕੀਤਾ ਸੀ। ਉਦੋਂ ਟਾਇਲਟ ਦਾ ਨਾਂ ‘ਇੱਜ਼ਤ ਘਰ’ ਰੱਖੇ ਜਾਣ ‘ਤੇ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਸ਼ਲਾਘਾ ਕੀਤੀ ਸੀ। ਕਿਹਾ ਸੀ ਕਿ ਜਿਸ ਘਰ ਵਿਚ ‘ਇੱਜ਼ਤ ਘਰ’ ਹੋਵੇਗਾ, ਉਹ ਘਰ ਦਾ ਮਾਣ ਬਣਾਈ ਰੱਖੇਗਾ।