ਕੁਆਡ ਸਿਖਰ ਸੰਮੇਲਨ ਸਮੇਤ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ ’ਚ ਕਰਨਗੇ ਸ਼ਿਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫ਼ਤੇ ਕੁਆਡ ਦੇਸ਼ਾਂ ਦੇ ਸਮੂਹ (ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ) ਦੇ ਨੇਤਾਵਾਂ ਨਾਲ ਭੌਤਿਕ ਮੌਜੂਦਗੀ ਵਾਲੇ ਪਹਿਲੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਇਹ ਜਾਣਕਾਰੀ ਵਾਈਟ ਹਾਊਸ ਨੇ ਦਿੱਤੀ। ਧਿਆਨ ਰਹੇ ਕਿ ਨਰਿੰਦਰ ਮੋਦੀ ਕੁਆਡ ਦੇਸ਼ਾਂ ਦੇ ਸਿਖਰ ਸੰਮੇਲਨ ’ਚ ਸ਼ਿਰਕਤ ਕਰਨ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ ਨੂੰ ਸੰਬੋਧਨ ਕਰਨ ਲਈ 24 ਸਤੰਬਰ ਨੂੰ ਅਮਰੀਕਾ ਲਈ ਰਵਾਨਾ ਹੋਣਗੇ। ਵਾਸ਼ਿੰਗਟਨ ਵਿਚ ਹੋਣ ਵਾਲੇ ਇਸ ਸੰਮੇਲਨ ਦੀ ਮੇਜ਼ਬਾਨੀ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਕਰਨਗੇ। ਇਸ ਵਿਚ ਪ੍ਰਧਾਨ ਨਰਿੰਦਰ ਮੋਦੀ, ਆਸਟਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ’ਚ ਭਾਸ਼ਣ ਦੇਣਗੇ।