Breaking News
Home / ਭਾਰਤ / ਨਰਿੰਦਰ ਮੋਦੀ ਨੇ ਹਿਮਾਚਲ ‘ਚ ਵਜਾਇਆ ਚੋਣ ਬਿਗਲ

ਨਰਿੰਦਰ ਮੋਦੀ ਨੇ ਹਿਮਾਚਲ ‘ਚ ਵਜਾਇਆ ਚੋਣ ਬਿਗਲ

ਏਮਸ ਹਸਪਤਾਲ ਅਤੇ ਹਾਈਡਰੋ ਇੰਜਨੀਅਰਿੰਗ ਕਾਲਜ ਦਾ ਕੀਤਾ ਉਦਘਾਟਨ
ਬਿਲਾਸਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ‘ਚ ਆਉਂਦੀਆਂ ਵਿਧਾਨ ਸਭਾ ਦਾ ਚੋਣ ਬਿਗਲ ਵਜਾਉਂਦਿਆਂ ਬੁੱਧਵਾਰ ਨੂੰ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ ਨੀਂਹ ਪੱਥਰ ਰੱਖਦੀਆਂ ਸਨ ਅਤੇ ਚੋਣਾਂ ਹੋਣ ਮਗਰੋਂ ਅਸਲ ਪ੍ਰਾਜੈਕਟਾਂ ਨੂੰ ਭੁੱਲ ਜਾਂਦੀਆਂ ਸਨ ਪਰ ਉਨ੍ਹਾਂ ਦੀ ਸਰਕਾਰ ਕੰਮਾਂ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਿੰਦੀ ਹੈ। ਬਿਲਾਸਪੁਰ ‘ਚ ਰੈਲੀ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਨੂੰ ‘ਰਣਸਿੰਘਾ’ (ਬਿਗਲ ਵਰਗਾ ਰਵਾਇਤੀ ਸਾਜ਼) ਭੇਟ ਕੀਤਾ।
ਮੋਦੀ ਨੇ ਇਸ ਨੂੰ ਵਜਾਇਆ ਅਤੇ ਕਿਹਾ, ”ਇਹ ਭਵਿੱਖ ਦੀ ਹਰੇਕ ਜਿੱਤ ਦੀ ਸ਼ੁਰੂਆਤ ਹੈ।” ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿਕਾਸ ਪ੍ਰਾਜੈਕਟਾਂ ਦੇ ਨਾ ਸਿਰਫ਼ ਨੀਂਹ ਪੱਥਰ ਰੱਖਦੀ ਹੈ ਸਗੋਂ ਉਨ੍ਹਾਂ ਦੇ ਉਦਘਾਟਨ ਵੀ ਕਰਦੀ ਹੈ।
ਏਮਸ ਹਸਪਤਾਲ ਅਤੇ ਹਾਈਡਰੋ ਇੰਜਨੀਅਰਿੰਗ ਕਾਲਜ ਦੇ ਉਦਘਾਟਨ ਮਗਰੋਂ ਲੁਹਨੂ ਮੈਦਾਨ ‘ਚ ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 24 ਸਤੰਬਰ ਨੂੰ ਮੰਡੀ ਦੇ ਦੌਰੇ ‘ਤੇ ਪਹੁੰਚਣਾ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਰੈਲੀ ਵਾਲੀ ਥਾਂ ‘ਤੇ ਨਹੀਂ ਪਹੁੰਚ ਸਕੇ ਸਨ ਜਿਸ ਮਗਰੋਂ ਉਨ੍ਹਾਂ ਰੈਲੀ ਨੂੰ ਵਰਚੁਅਲੀ ਸੰਬੋਧਨ ਕੀਤਾ ਸੀ।
ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਬਿਲਾਸਪੁਰ ਨੂੰ ਦੋਹਰਾ ਤੋਹਫ਼ਾ ਮਿਲਿਆ ਹੈ। ‘ਮੈਂ ਹਿਮਾਚਲ ਪ੍ਰਦੇਸ਼ ਦੇ ਵਿਕਾਸ ਸਫ਼ਰ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਸੂਬੇ ਦਾ ਵਿਕਾਸ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਭਾਜਪਾ ਦੀ ਕੇਂਦਰ ਅਤੇ ਸੂਬੇ ‘ਚ ਸਰਕਾਰ ਬਣਾਈ ਹੈ।’ ਮੋਦੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ‘ਜੈ ਮਾਤਾ ਨੈਨਾ ਦੇਵੀ ਜੀ’ ਦੇ ਜੈਕਾਰੇ ਨਾਲ ਕੀਤੀ। ਮਾਤਾ ਨੈਨਾ ਦੇਵੀ ਮੰਦਰ ਬਿਲਾਸਪੁਰ ਜ਼ਿਲ੍ਹੇ ‘ਚ ਹੀ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ‘ਰਾਸ਼ਟਰ ਰੱਖਿਆ’ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਹੁਣ ਬਿਲਾਸਪੁਰ ‘ਚ ਨਵਾਂ ਏਮਸ ‘ਜੀਵਨ ਰੱਖਿਆ’ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

 

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …