ਰਾਜਨਾਥ ਸਿੰਘ ਨੇ ਹੈਲੀਕਾਪਟਰ ਨੂੰ ‘ਪ੍ਰਚੰਡ’ ਨਾਮ ਦਿੱਤਾ, ਰੱਖਿਆ ਮੰਤਰੀ ਨੇ ਹੈਲੀਕਾਪਟਰ ਵਿਚ ਉਡਾਣ ਵੀ ਭਰੀ
ਜੋਧਪੁਰ/ਬਿਊਰੋ ਨਿਊਜ਼ : ਭਾਰਤ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) ਦੀ ਪਹਿਲੀ ਖੇਪ ਰਾਜਸਥਾਨ ਦੇ ਜੋਧਪੁਰ ਵਿੱਚ ਸਮਾਗਮ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰ ਲਈ ਗਈ ਹੈ। ਇਹ ਹੈਲੀਕਾਪਟਰ ਪਹਾੜੀ ਇਲਾਕਿਆਂ ‘ਚ ਜੰਗ ਲਈ ਤਿਆਰ ਕੀਤਾ ਗਿਆ ਹੈ ਜਿਸ ਦੀ ਲੋੜ 1999 ‘ਚ ਕਾਰਗਿਲ ਜੰਗ ਦੌਰਾਨ ਪਹਿਲੀ ਵਾਰ ਮਹਿਸੂਸ ਹੋਈ ਸੀ। ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਵੱਲੋਂ ਵਿਕਸਤ 5.8 ਟਨ ਦੇ ਦੋਹਰੇ ਇੰਜਣ ਵਾਲੇ ਹੈਲੀਕਾਪਟਰ ‘ਚ ਹਵਾ ਤੋਂ ਹਵਾ ‘ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, 20 ਐੱਮਐੱਮ ਗੰਨਾਂ, ਰਾਕੇਟ ਪ੍ਰਣਾਲੀ ਅਤੇ ਹੋਰ ਹਥਿਆਰ ਲੱਗੇ ਹੋਏ ਹਨ।
ਜੋਧਪੁਰ ਦੇ ਏਅਰਫੋਰਸ ਸਟੇਸ਼ਨ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਅਤੇ ਹੋਰ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਹਾਜ਼ਰੀ ‘ਚ ਚਾਰ ਹੈਲੀਕਾਪਟਰਾਂ ਨੂੰ ਹਵਾਈ ਸੈਨਾ ‘ਚ ਸ਼ਾਮਲ ਕੀਤਾ ਗਿਆ। ਰੱਖਿਆ ਮੰਤਰੀ ਨੇ ਹੈਲੀਕਾਪਟਰ ਨੂੰ ‘ਪ੍ਰਚੰਡ’ ਨਾਮ ਦਿੰਦਿਆਂ ਕਿਹਾ ਕਿ ਦਿਨ ਅਤੇ ਰਾਤ ‘ਚ ਉੱਡਣ ਦੇ ਸਮਰੱਥ ਇਹ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਦੀ ਲੜਾਕੂ ਤਾਕਤ ਨੂੰ ਹੋਰ ਵਧਾਏਗਾ ਕਿਉਂਕਿ ਇਹ ਦੁਸ਼ਮਣ ਦੇ ਟਿਕਾਣਿਆਂ ਨੂੰ ਸਟੀਕ ਨਿਸ਼ਾਨਾ ਲਗਾ ਕੇ ਫੁੰਡ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਲਕੇ ਲੜਾਕੂ ਹੈਲੀਕਾਪਟਰ ‘ਚ ਉਡਾਣ ਵੀ ਭਰੀ। ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਭਾਰਤੀ ਰੱਖਿਆ ਉਤਪਾਦਨ ਲਈ ਇਹ ਇਤਿਹਾਸਕ ਮੌਕਾ ਹੈ। ‘ਭਾਰਤੀ ਹਵਾਈ ਸੈਨਾ ਮੁਲਕ ਦੀ ਖੁਦਮੁਖਤਿਆਰੀ ਦੀ ਰਾਖੀ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਮੈਨੂੰ ਪੂਰੇ ਭਰੋਸਾ ਹੈ ਕਿ ਹਲਕੇ ਲੜਾਕੂ ਹੈਲੀਕਾਪਟਰ ਦੀ ਸ਼ਮੂਲੀਅਤ ਨਾਲ ਇਸ ਦੀ ਸਮਰੱਥਾ ‘ਚ ਹੋਰ ਵਾਧਾ ਹੋਵੇਗਾ।’ ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕਿਹਾ ਕਿ ਐੱਲਸੀਐੱਚ ਆਲਮੀ ਪੱਧਰ ਦੇ ਹੈਲੀਕਾਪਟਰਾਂ ਦੇ ਬਰਾਬਰ ਹੈ। ਹੈਲੀਕਾਪਟਰਾਂ ਨੂੰ ਰਵਾਇਤੀ ਪਾਣੀ ਦੀਆਂ ਬੁਛਾਰਾਂ ਨਾਲ ਸਲਾਮੀ ਦਿੱਤੀ ਗਈ ਜਿਸ ਮਗਰੋਂ ਸਰਬ ਧਰਮ ਪ੍ਰਾਰਥਨਾ ਵੀ ਕੀਤੀ ਗਈ। ਸੈਨਾ ਵੱਲੋਂ ਪਹਾੜੀ ਇਲਾਕਿਆਂ ‘ਚ ਤਾਇਨਾਤੀ ਲਈ 95 ਹਲਕੇ ਲੜਾਕੂ ਹੈਲੀਕਾਪਟਰ ਲਏ ਜਾਣ ਦੀ ਯੋਜਨਾ ਹੈ।