Breaking News
Home / ਭਾਰਤ / ਚੀਨ ਦੇ ਟਾਕਰੇ ਲਈ ਢੁੱਕਵੇਂ ਕਦਮ ਚੁੱਕੇ : ਹਵਾਈ ਸੈਨਾ ਮੁਖੀ

ਚੀਨ ਦੇ ਟਾਕਰੇ ਲਈ ਢੁੱਕਵੇਂ ਕਦਮ ਚੁੱਕੇ : ਹਵਾਈ ਸੈਨਾ ਮੁਖੀ

ਪੂਰਬੀ ਲੱਦਾਖ ‘ਚ ਗੁਆਂਢੀ ਮੁਲਕ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਚੀਨ ਦੀਆਂ ਗਤੀਵਿਧੀਆਂ ਨਾਲ ਨਜਿੱਠਣ ਲਈ ਤਣਾਅ ਨਾ ਵਧਾਉਣ ਵਾਲੇ ਢੁੱਕਵੇਂ ਕਦਮ ਚੁੱਕੇ ਹਨ। 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਦੇ ਮੱਦੇਨਜ਼ਰ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਆਲਮੀ ਪੱਧਰ ‘ਤੇ ਹਾਲ ਹੀ ‘ਚ ਵਾਪਰੀਆਂ ਘਟਨਾਵਾਂ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਮਜ਼ਬੂਤ ਸੈਨਾ ਦੀ ਲੋੜ ਬਾਰੇ ਦੱਸਦੀਆਂ ਹਨ।
ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਸਭ ਤੋਂ ਖਰਾਬ ਸਥਿਤੀ ਸਮੇਤ ਹਰ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਲਈ ਤਿਆਰੀ ਕਰ ਰਹੀ ਹੈ ਅਤੇ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਉਹ ਸਰਗਰਮੀ ਨਾਲ ਤਾਇਨਾਤ ਤੇ ਚੌਕਸ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਐੱਲਏਸੀ ‘ਤੇ ਚੀਨ ਦੀਆਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਦੀ ਰਹੇਗੀ। ਚੀਨ ਵੱਲੋਂ ਐੱਲਏਸੀ ਨੇੜੇ ਲੜਾਕੂ ਜਹਾਜ਼ ਉਡਾਉਣ ਦੀਆਂ ਹਾਲ ਹੀ ‘ਚ ਵਾਪਰੀਆਂ ਘਟਨਾਵਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਤਣਾਅ ਨਾ ਵਧੇ ਇਸ ਲਈ ਢੁੱਕਵੇਂ ਕਦਮ ਚੁੱਕੇ ਗਏ ਹਨ ਤੇ ਗੁਆਂਢੀ ਮੁਲਕ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਥਿਤੀ ਉਦੋਂ ਹੀ ਸਾਜ਼ਗਾਰ ਮੰਨੀ ਜਾਵੇਗੀ ਜਦੋਂ ਪੂਰਬੀ ਲੱਦਾਖ ‘ਚ ਸਥਿਤੀ ਸਥਿਰ ਬਣਾਈ ਜਾਵੇਗੀ ਤੇ ਵਿਵਾਦ ਵਾਲੀਆਂ ਸਾਰੀਆਂ ਥਾਵਾਂ ਤੋਂ ਫੌਜੀ ਪੂਰੀ ਤਰ੍ਹਾਂ ਹਟਾ ਲਏ ਜਾਣਗੇ। ਤਿੰਨਾਂ ਸੈਨਾਵਾਂ ਦੇ ਏਕੀਕਰਨ ਦੀ ਵੱਕਾਰੀ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਭਵਿੱਖ ਦੀਆਂ ਜੰਗਾਂ ਲਈ ਸਹਿਯੋਗੀ ਸੈਨਾਵਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਨੂੰ ਸਮਝਦੀ ਹੈ।
ਅਗਨੀਵੀਰ ਯੋਜਨਾ ਤਹਿਤ ਮਹਿਲਾਵਾਂ ਦੀ ਭਰਤੀ ਅਗਲੇ ਸਾਲ
ਹਵਾਈ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਅਗਨੀਵੀਰ ਯੋਜਨਾ ਤਹਿਤ ਅਗਲੇ ਸਾਲ ਮਹਿਲਾਵਾਂ ਦੀ ਭਰਤੀ ਕਰੇਗੀ ਅਤੇ ਕੁੱਲ ਭਰਤੀ 10 ਫੀਸਦ ਦੇ ਕਰੀਬ ਹੋਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਅਫਸਰਾਂ ਦਾ ਉੱਚਾ ਅਨੁਪਾਤ ਸਾਡੀ ਮਹਿਲਾਵਾਂ ਨੂੰ ਬਰਾਬਰ ਮੌਕੇ ਦੇਣ ਦੀ ਵਚਨਬੱਧਤਾ ਦਾ ਸਬੂਤ ਹੈ।

 

Check Also

ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …