Breaking News
Home / ਭਾਰਤ / ਸਰਕਾਰ ਬਣਨ ‘ਤੇ ਗਊ ਪਾਲਕਾਂ ਨੂੰ ਰੋਜ਼ਾਨਾ 40 ਰੁਪਏ ਦੇਵਾਂਗੇ : ਕੇਜਰੀਵਾਲ

ਸਰਕਾਰ ਬਣਨ ‘ਤੇ ਗਊ ਪਾਲਕਾਂ ਨੂੰ ਰੋਜ਼ਾਨਾ 40 ਰੁਪਏ ਦੇਵਾਂਗੇ : ਕੇਜਰੀਵਾਲ

ਕਾਂਗਰਸ ਤੇ ਭਾਜਪਾ ‘ਤੇ ਲਾਇਆ ‘ਆਪ’ ਖਿਲਾਫ ਇਕਜੁੱਟ ਹੋਣ ਦਾ ਆਰੋਪ
ਸੂਬੇ ‘ਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਦਾ ਦਾਅਵਾ
ਰਾਜਕੋਟ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ‘ਚ ਆਉਂਦੀ ਹੈ ਤਾਂ ਗਊ ਪਾਲਕਾਂ ਨੂੰ ਪ੍ਰਤੀ ਗਾਂ ਰੋਜ਼ਾਨਾ 40 ਰੁਪਏ ਭੱਤਾ ਦਿੱਤਾ ਜਾਵੇਗਾ ਅਤੇ ਹਰ ਜ਼ਿਲ੍ਹੇ ‘ਚ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਦਾ ਇਹ ਐਲਾਨ ਗੁਜਰਾਤ ‘ਚ ਹਾਕਮ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਅਤੇ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਉਨ੍ਹਾਂ ਦੀ ਪਾਰਟੀ ਦੀਆਂ ਵੋਟਾਂ ਕੱਟਣ ਲਈ ਇਕਜੁੱਟ ਹਨ ਅਤੇ ਖੁਫੀਆ ਬਿਊਰੋ ਦੀ ਇੱਕ ਰਿਪੋਰਟ ਅਨੁਸਾਰ ਉਨ੍ਹਾਂ ਦੀ ਪਾਰਟੀ ਸੂਬੇ ‘ਚ ਅਗਲੀ ਸਰਕਾਰ ਬਣਾ ਰਹੀ ਹੈ। ਉਨ੍ਹਾਂ ਰਾਜਕੋਟ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘ਦਿੱਲੀ ਵਿੱਚ ਅਸੀਂ ਹਰ ਗਾਂ ਲਈ 40 ਰੁਪਏ ਰੋਜ਼ਾਨਾ ਦਿੰਦੇ ਹਾਂ। ਇਸ ‘ਚੋਂ 20 ਰੁਪਏ ਦਿੱਲੀ ਸਰਕਾਰ ਤੇ ਬਾਕੀ 20 ਰੁਪਏ ਨਗਰ ਨਿਗਮ ਦਿੰਦਾ ਹੈ।
ਜੇਕਰ ਗੁਜਰਾਤ ਵਿਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਗਊ ਪਾਲਕਾਂ ਨੂੰ ਹਰੇਕ ਗਾਂ ਬਦਲੇ ਰੋਜ਼ਾਨਾ 40 ਰੁਪਏ ਦੇਵਾਂਗੇ।’ ਉਨ੍ਹਾਂ ਕਿਹਾ ਕਿ ਦੁੱਧ ਨਾ ਦੇਣ ਵਾਲੀਆਂ ਤੇ ਲਾਵਾਰਸ ਗਊਆਂ ਲਈ ਹਰ ਜ਼ਿਲ੍ਹੇ ‘ਚ ਗਊਸ਼ਾਲਾ ਬਣਾਈ ਜਾਵੇਗੀ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਸੂਬੇ ‘ਚ ਗਊਆਂ ਦੀ ਬਿਹਤਰੀ ਲਈ ਜ਼ਰੂਰੀ ਕਦਮ ਚੁੱਕੇਗੀ। ‘ਆਪ’ ਆਗੂ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਸੂਬੇ ‘ਚ ਗਊਸ਼ਾਲਾ ਮਾਲਿਕ ਗੁਜਰਾਤ ਸਰਕਾਰ ਵੱਲੋਂ ਵਾਅਦੇ ਦਾ ਪੈਕੇਜ ਨਾ ਦਿੱਤੇ ਜਾਣ ਖਿਲਾਫ ਰੋਸ ਮੁਜ਼ਾਹਰੇ ਕਰ ਰਹੇ ਹਨ। ਅਹਿਮਦਾਬਾਦ ‘ਚ ਜਿਸ ਆਟੋ ਚਾਲਕ ਦੇ ਘਰ ਕੇਜਰੀਵਾਲ ਨੇ ਰਾਤ ਦਾ ਖਾਣਾ ਖਾਧਾ ਸੀ, ਉਸ ਵੱਲੋਂ ਭਾਜਪਾ ਨੂੰ ਹਮਾਇਤ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚਾਲੇ ਇਸ ਆਧਾਰ ‘ਤੇ ਭੇਦਭਾਵ ਨਹੀਂ ਕਰਦੇ ਕਿ ਉਹ ਕਿਸ ਪਾਰਟੀ ਦੀ ਹਮਾਇਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਈ ਤਾਂ ਉਹ ਸਾਰੇ ਲੋਕਾਂ ਲਈ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨਗੇ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇੱਕ ਸੂਤਰ ਨੇ ਉਨ੍ਹਾਂ ਨੂੰ ਇੱਕ ਆਈਬੀ ਰਿਪੋਰਟ ਬਾਰੇ ਦੱਸਿਆ ਜਿਸ ਅਨੁਸਾਰ ਜੇਕਰ ਗੁਜਰਾਤ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ‘ਆਪ’ ਸੂਬੇ ‘ਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਰਿਪੋਰਟ ਸਾਹਮਣੇ ਆਈ ਹੈ, ਕਾਂਗਰਸ ਤੇ ਭਾਜਪਾ ਇਕਜੁੱਟ ਹੋ ਗਈਆਂ ਹਨ ਤੇ ਉਹ ਦੋਵੇਂ ਗੁਪਤ ਮੀਟਿੰਗਾਂ ਕਰ ਰਹੀਆਂ ਹਨ।

 

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …