ਰਾਹੁਲ ਗਾਂਧੀ ਨੇ ਲੇਹ ’ਚ ਰਿਟਾਇਰਡ ਫੌਜੀ ਅਫਸਰਾਂ ਨਾਲ ਕੀਤੀ ਮੁਲਾਕਾਤ
ਤਿਰੰਗਾ ਫਹਿਰਾਇਆ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ
ਲੱਦਾਖ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ 25 ਅਗਸਤ ਤੱਕ ਲੇਹ-ਲੱਦਾਖ ਦੇ ਦੌਰੇ ’ਤੇ ਹਨ। ਇਸੇ ਦੌਰਾਨ ਰਾਹੁਲ ਨੇ ਲੇਹ ਦੀ ਮਾਰਕੀਟ ਵਿਚ ਫੌਜ ਦੇ ਰਿਟਾਇਰਡ ਅਫਸਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਰਾਹੁਲ ਨੇ ਉਨ੍ਹਾਂ ਦੇ ਨਾਲ ਤਿਰੰਗਾ ਫਹਿਰਾਇਆ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮਾਰਕੀਟ ਵਿਚ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਸੀ। ਰਾਹੁਲ ਨੇ ਮਾਰਕੀਟ ਵਿਚੋਂ ਸਮਾਨ ਵੀ ਖਰੀਦਿਆ। ਇਸਦੇ ਚੱਲਦਿਆਂ ਰਾਹੁਲ ਇਕ ਸਬਜ਼ੀ ਦੀ ਦੁਕਾਨ ’ਤੇ ਪਹੁੰਚੇ ਅਤੇ ਉਥੋਂ ਉਨ੍ਹਾਂ ਨੇ ਸਬਜ਼ੀਆਂ ਵੀ ਖਰੀਦੀਆਂ। ਜਦੋਂ ਰਾਹੁਲ ਲੇਹ ਦੀ ਮਾਰਕੀਟ ਵਿਚ ਪਹੁੰਚੇ ਤਾਂ ਉਥੇ ਕਈ ਨੌਜਵਾਨ ਇਕੱਠੇ ਹੋ ਗਏ। ਇਸੇ ਦੌਰਾਨ ਆਟੋਗਰਾਫ ਲੈਣ ਲਈ ਸੁਰੱਖਿਆ ਘੇਰਾ ਪਾਰ ਕਰਕੇ ਇਕ ਬੱਚਾ ਰਾਹੁਲ ਕੋਲ ਪਹੁੰਚ ਗਿਆ। ਰਾਹੁਲ ਨੇ ਇਸ ਬੱਚੇ ਨੂੰ ਆਟੋਗ੍ਰਾਫ ਦਿੱਤਾ ਅਤੇ ਉਸ ਨਾਲ ਫੋਟੋ ਵੀ ਖਿਚਵਾਈ। ਧਿਆਨ ਰਹੇ ਕਿ ਰਾਹੁਲ 17 ਅਤੇ 18 ਅਗਸਤ ਦੋ ਦਿਨਾਂ ਲਈ ਲੱਦਾਖ ਦੌਰੇ ’ਤੇ ਗਏ ਸਨ, ਪਰ 18 ਅਗਸਤ ਨੂੰ ਉਨ੍ਹਾਂ ਦਾ ਦੌਰਾ 25 ਅਗਸਤ ਤੱਕ ਵਧਾ ਦਿੱਤਾ ਗਿਆ ਸੀ।