Breaking News
Home / ਭਾਰਤ / ਭਾਰਤ ਤੇ ਅਮਰੀਕਾ ਵਲੋਂ ਰੱਖਿਆ ਉਦਯੋਗਿਕ ਸਹਿਯੋਗ ਲਈ ਖਾਕਾ ਤਿਆਰ

ਭਾਰਤ ਤੇ ਅਮਰੀਕਾ ਵਲੋਂ ਰੱਖਿਆ ਉਦਯੋਗਿਕ ਸਹਿਯੋਗ ਲਈ ਖਾਕਾ ਤਿਆਰ

ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਰਮਿਆਨ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੇ ਅਮਰੀਕਾ ਨੇ ਵੱਖ-ਵੱਖ ਪ੍ਰਾਜੈਕਟਾਂ ਨੂੰ ਉੱਚ ਤਰਜੀਹ ਦੇਣ ਲਈ ਰੱਖਿਆ ਉਦਯੋਗਿਕ ਸਹਿਯੋਗ ਲਈ ਇਕ ਅਭਿਲਾਸ਼ੀ ਖਾਕਾ ਤਿਆਰ ਕੀਤਾ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨਾਂ ਦੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਵਿਚਕਾਰ ਗੱਲਬਾਤ ਦੌਰਾਨ ਖਾਕੇ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਦੌਰਾਨ ਆਸਟਿਨ ਨੇ ਕਿਹਾ ਕਿ ਅਮਰੀਕਾ ਭਾਰਤ-ਪ੍ਰਸ਼ਾਂਤ ਖਿੱਤੇ ‘ਚ ਨਾਟੋ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਅਮਰੀਕਾ ਦਾ ਮਕਸਦ ਇਸ (ਭਾਰਤ-ਪ੍ਰਸ਼ਾਂਤ) ਖਿੱਤੇ ਨੂੰ ਵਪਾਰ ਲਈ ਆਜ਼ਾਦ ਰੱਖਣਾ ਹੈ ਅਤੇ ਉਹ (ਅਮਰੀਕਾ) ਇਸ ਦੀ ਸੁਰੱਖਿਆ ਲਈ ਆਪਣੇ ਹਮਖਿਆਲ ਵਿਚਾਰਾਂ ਵਾਲੇ ਦੇਸ਼ਾਂ ਨਾਲ ਕੰਮ ਕਰੇਗਾ।
ਆਸਟਿਨ ਦੇ ਇਸ ਬਿਆਨ ਨੂੰ ਚੀਨ ਦੇ ਦਾਅਵਿਆਂ ‘ਤੇ ਦਿੱਤਾ ਜਵਾਬ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨੀ ਰੱਖਿਆ ਮੰਤਰੀ ਲੀ ਸ਼ਾਂਗਫੂ ਨੇ ਅਮਰੀਕੀ ਰੱਖਿਆ ਮੰਤਰੀ ਦੇ ਭਾਰਤ ਦੌਰੇ ‘ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਮਰੀਕਾ ਭਾਰਤ-ਪ੍ਰਸ਼ਾਂਤ ਖਿੱਤੇ ‘ਚ ਨਾਟੋ ਜਿਹਾ ਫ਼ੌਜੀ ਸੰਗਠਨ ਬਣਾਉਣ ਦੀ ਤਿਆਰੀ ‘ਚ ਹੈ।
ਰਾਜਨਾਥ ਸਿੰਘ ਤੇ ਉਨਾਂ ਦੇ ਅਮਰੀਕੀ ਹਮਰੁਤਬਾ ਨੇ ਨਵੀਂ ਦਿੱਲੀ ‘ਚ ਹੋਈ ਮੁਲਾਕਾਤ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਬਿਹਤਰ ਬਣਾਉਣ ਲਈ ਇਕ ਖਾਕੇ ‘ਤੇ ਰਜ਼ਾਮੰਦੀ ਪ੍ਰਗਟਾਈ। ਇਸ ਤਹਿਤ ਦੋਵੇਂ ਦੇਸ਼ ਨਵੀਆਂ ਤਕਨਾਲੋਜੀਆਂ ਦੇ ਸਹਿ-ਵਿਕਾਸ ਦੇ ਨਾਲ ਹੀ ਮੌਜੂਦਾ ਅਤੇ ਨਵੀਆਂ ਪ੍ਰਣਾਲੀਆਂ ਦੇ ਸਹਿ-ਉਤਪਾਦਨ ‘ਤੇ ਕੰਮ ਕਰਨਗੇ, ਨਾਲ ਹੀ ਦੋਵੇਂ ਦੇਸ਼ ਰੱਖਿਆ ਸਟਾਰਟ ਅਪ ਤੰਤਰ ‘ਚ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਪ੍ਰਸ਼ਾਂਤ ਖਿੱਤੇ ‘ਚ ਮੁਕਤ, ਖੁੱਲੇ ਅਤੇ ਨੇਮ ਆਧਾਰਤ ਅਮਲ ਯਕੀਨੀ ਬਣਾਉਣ ਲਈ ਭਾਰਤ-ਅਮਰੀਕੀ ਭਾਈਵਾਲੀ ਅਹਿਮ ਹੈ।
ਦੋਵਾਂ ਆਗੂਆਂ ਨੇ ਗੱਲਬਾਤ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ‘ਇੰਡਸ’ ਨਾਂਅ ਦੀ ਨਵੀਂ ਪਹਿਲ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ ਨੂੰ ਅਮਰੀਕਾ ਦੇ ਦੌਰੇ ‘ਤੇ ਜਾ ਰਹੇ ਹਨ, ਜਿੱਥੇ ਉਹ ਅਮਰੀਕੀ ਸੰਸਦ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ ਤਕਰੀਬਨ 2 ਹਫ਼ਤੇ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਦੇ ਇਸ ਦੌਰੇ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਮੋਦੀ ਦੇ ਦੌਰੇ ਦੌਰਾਨ ਭਾਰਤ-ਅਮਰੀਕਾ ਆਲਮੀ ਰਣਨੀਤਕ ਭਾਈਵਾਲੀ ਦਾ ਵਿਸਥਾਰ ਕਰਨ ਲਈ ਪਹਿਲ ਦਾ ਐਲਾਨ ਕਰਨ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਆਪਣੇ ਜੰਗੀ ਜਹਾਜ਼ਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਤਕਨਾਲੋਜੀ ਤਬਾਦਲੇ ਦੀ ਰੂਪਰੇਖਾ ਤਹਿਤ ਭਾਰਤ ‘ਚ ਲੜਾਕੂ ਜਹਾਜ਼ਾਂ ਦੇ ਇੰਜਣ ਦੇ ਨਿਰਮਾਣ ‘ਤੇ ਵਿਚਾਰ ਕਰ ਰਿਹਾ ਹੈ।
ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਜੋ.ਬਾਈਡਨ ਨਾਲ ਦੁਵੱਲੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ, ਜਿਸ ਦੇ ਤਹਿਤ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐੱਚ.ਏ.ਐੱਲ) ਅਤੇ ਜੈੱਟ ਇੰਜਣ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ‘ਜਨਰਲ ਇਲੈੱਕਟ੍ਰਿਕ’ ਦਰਮਿਆਨ ਐੱਫ 414 ਇੰਜਣ ਦਾ ਸਾਂਝੇ ਤੌਰ ‘ਤੇ ਨਿਰਮਾਣ ਕਰਨ ਦਾ ਸਮਝੌਤਾ ਹੋ ਸਕਦਾ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …