-6 C
Toronto
Thursday, December 11, 2025
spot_img
Homeਭਾਰਤਭਾਜਪਾ ਅਤੇ ਆਰਐੱਸਐੱਸ ਭਵਿੱਖ ਦੇਖਣ ਵਿਚ 'ਅਸਮਰੱਥ' : ਰਾਹੁਲ

ਭਾਜਪਾ ਅਤੇ ਆਰਐੱਸਐੱਸ ਭਵਿੱਖ ਦੇਖਣ ਵਿਚ ‘ਅਸਮਰੱਥ’ : ਰਾਹੁਲ

ਨਿਊਯਾਰਕ ਦੇ ਜੈਵਿਟਸ ਸੈਂਟਰ ‘ਚ ਪਰਵਾਸੀ ਭਾਰਤੀਆਂ ਨੂੰ ਕੀਤਾ ਸੰਬੋਧਨ
ਨਿਊਯਾਰਕ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐੱਸਐੱਸ ਨੂੰ ਭਵਿੱਖ ਦੇਖਣ ਵਿਚ ‘ਅਸਮਰੱਥ’ ਕਰਾਰ ਦਿੱਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਪਿੱਛੇ (ਰੀਅਰਵਿਊ ਮਿਰਰ) ਦੇਖ ਕੇ ਭਾਰਤੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ‘ਇਕ ਤੋਂ ਬਾਅਦ ਇਕ ਹਾਦਸਿਆਂ’ ਦਾ ਕਾਰਨ ਬਣੇਗਾ। ਅਮਰੀਕਾ ਦੀ ਯਾਤਰਾ ਉਤੇ ਪਹੁੰਚੇ ਰਾਹੁਲ ਨੇ ‘ਇੰਡੀਅਨ ਓਵਰਸੀਜ਼ ਕਾਂਗਰਸ-ਯੂਐੱਸਏ’ ਵੱਲੋਂ ਐਤਵਾਰ ਨੂੰ ਜੈਵਿਟਸ ਸੈਂਟਰ ਵਿਚ ਕਰਵਾਏ ਇਕ ਸਮਾਗਮ ਵਿਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਕਾਂਗਰਸ ਨੇਤਾ ਨੇ ਕਿਹਾ, ‘ਸਾਡੇ ਦੇਸ਼ ਵਿਚ ਇਕ ਸਮੱਸਿਆ ਹੈ। ਭਾਜਪਾ ਤੇ ਆਰਐੱਸਐੱਸ ਨੂੰ ਤੁਸੀਂ ਕੁਝ ਵੀ ਪੁੱਛੋ, ਉਹ ਪਿੱਛੇ ਵੱਲ ਦੇਖਦੇ ਹਨ। ਭਾਜਪਾ ਤੇ ਆਰਐੱਸਐੱਸ ਭਵਿੱਖ ਦੇਖਣ ‘ਚ ਅਸਮਰੱਥ ਹਨ।
ਉਨ੍ਹਾਂ ਉੜੀਸਾ ਵਿਚ ਵਾਪਰੇ ਰੇਲ ਹਾਦਸੇ ਦਾ ਜ਼ਿਕਰ ਕਰਦਿਆਂ ਸਰਕਾਰ ‘ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਜੇਕਰ ਤੁਸੀਂ ਭਾਜਪਾ ਨੂੰ ਪੁੱਛੋਗੇ ਕਿ ਰੇਲ ਹਾਦਸਾ ਕਿਉਂ ਹੋਇਆ, ਤਾਂ ਉਹ ਕਹਿਣਗੇ ਕਿ ਕਾਂਗਰਸ ਪਾਰਟੀ ਨੇ 50 ਸਾਲ ਪਹਿਲਾਂ ਅਜਿਹਾ ਕੁਝ ਕੀਤਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਰਾਹੁਲ ਨੇ ਕਿਹਾ ਕਿ ਜੇਕਰ ਤੁਸੀਂ ਭਾਜਪਾ ਨੂੰ ਪੁੱਛੋਗੇ ਕਿ ਉਨ੍ਹਾਂ ਪਾਠ ਪੁਸਤਕਾਂ ਤੋਂ ‘ਪੀਰਿਔਡਿਕ ਟੇਬਲ’ ਕਿਉਂ ਹਟਾਇਆ, ਤਾਂ ਉਹ ਕਾਂਗਰਸ ਪਾਰਟੀ ਵੱਲੋਂ 60 ਸਾਲ ਪਹਿਲਾਂ ਕੀਤੇ ਗਏ ਕਿਸੇ ਕੰਮ ਦਾ ਜ਼ਿਕਰ ਕਰਨਗੇ। ਰਾਹੁਲ ਨੇ ਕਿਹਾ, ‘ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਨ ਦੀ ਹੁੰਦੀ ਹੈ।’ ਰਾਹੁਲ ਨੇ ਕਿਹਾ ਕਿ ਕੋਈ ‘ਰੀਅਰਵਿਊ ਮਿਰਰ’ ਦੇਖ ਕੇ ਕਾਰ ਨਹੀਂ ਚਲਾ ਸਕਦਾ, ਕਿਉਂਕਿ ਇਸ ਨਾਲ ਤਾਂ ਕੇਵਲ ‘ਇਕ ਤੋਂ ਬਾਅਦ ਇਕ ਹਾਦਸੇ ਹੀ ਹੋਣਗੇ।’ ਉਨ੍ਹਾਂ ਕਿਹਾ, ‘ਇਹੀ ਨਰਿੰਦਰ ਮੋਦੀ ਨਾਲ ਹੋ ਰਿਹਾ ਹੈ। ਉਹ ਭਾਰਤੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕੇਵਲ ਪਿੱਛੇ ਦੇਖਣ ਵਾਲਾ ਸ਼ੀਸ਼ਾ (ਰਿਅਰਵਿਊ ਮਿਰਰ) ਦੇਖਦੇ ਹਨ। ਭਾਜਪਾ ਤੇ ਆਰਐੱਸਐੱਸ ਦੇ ਨਾਲ ਵੀ ਇਹੀ ਸਮੱਸਿਆ ਹੈ।’
ਰਾਹੁਲ ਨੇ ਕਿਹਾ ਕਿ ਤੁਸੀਂ ਭਾਵੇਂ ਪ੍ਰਧਾਨ ਮੰਤਰੀ ਦੀ ਗੱਲ ਸੁਣੋ ਜਾਂ ਉਨ੍ਹਾਂ ਦੇ ਮੰਤਰੀਆਂ ਦੀ, ਉਹ ਭਵਿੱਖ ਬਾਰੇ ਗੱਲ ਕਰ ਹੀ ਨਹੀਂ ਸਕਣਗੇ। ਉਹ ਕੇਵਲ ਅਤੀਤ ਦੀ ਗੱਲ ਕਰਦੇ ਹਨ ਤੇ ਅਤੀਤ ਤੋਂ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਹਨ।
ਰਾਹੁਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਜਦ ਰੇਲ ਹਾਦਸਾ ਹੋਇਆ ਸੀ ਤਾਂ ਮੰਤਰੀ ਨੇ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਸੀ।
ਉਨ੍ਹਾਂ ਸੰਵਿਧਾਨ ਤੇ ਲੋਕਤੰਤਰ ਦੀ ਅਹਿਮੀਅਤ ਦੀ ਗੱਲ ਵੀ ਕੀਤੀ। ਕਾਂਗਰਸ ਆਗੂ ਨੇ ਦੇਸ਼ ਵਿਚ ਵਧੀ ਬੇਰੁਜ਼ਗਾਰੀ ਤੇ ਚੀਨ ਦੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ।
ਰਾਹੁਲ ਨੇ ‘ਨਫਰਤ ਦਾ ਮੈਗਾ ਸ਼ਾਪਿੰਗ ਮਾਲ’ ਖੋਲ੍ਹਿਆ: ਨੱਢਾ
ਨਵੀਂ ਦਿੱਲੀ : ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਰਾਹੁਲ ਗਾਂਧੀ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਵੱਲੋਂ ਕਥਿਤ ‘ਮੁਹੱਬਤ ਦੀ ਦੁਕਾਨ’ ਨਹੀਂ ਬਲਕਿ ‘ਨਫ਼ਰਤ ਦਾ ਵੱਡਾ ਸ਼ਾਪਿੰਗ ਮਾਲ’ ਚਲਾਇਆ ਜਾ ਰਿਹਾ ਹੈ। ਨੱਢਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਦੇਸ਼ ਦੀ ਕਾਇਆਕਲਪ ਕੀਤੀ ਹੈ ਤੇ ਇਸ ਦੀ ਤਰੱਕੀ ਨੂੰ ਅੱਜ ਕੁਲ ਆਲਮ ਨੇ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਤੇ ਬਾਅਦ ਦੇ ਸਮੇਂ ਵਿੱਚ ਵੱਡਾ ਫਰਕ ਹੈ। ਉਨ੍ਹਾਂ ਰਾਹੁਲ ਦੇ ਸਿੱਧੇ ਹਵਾਲੇ ਨਾਲ ਕਿਹਾ, ”ਪਰ ਜਦੋਂ ਕਦੇ ਵੀ ਭਾਰਤ ਨਵਾਂ ਕੀਰਤੀਮਾਨ ਬਣਾਉਂਦਾ ਹੈ, ਕਾਂਗਰਸ ਦੇ ‘ਯੁਵਰਾਜ’ ਨੂੰ ਭਾਰਤ ਦਾ ਆਤਮ-ਸਨਮਾਨ ਹਜ਼ਮ ਨਹੀਂ ਹੁੰਦਾ।” ਨੱਢਾ ‘ਅਮ੍ਰਿਤ ਕਾਲ ਕੀ ਔਰ’ ਦੇ ਸਿਰਲੇਖ ਵਾਲੀ ਕਿਤਾਬ ਦੀ ਘੁੰਡ ਚੁਕਾਈ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

RELATED ARTICLES
POPULAR POSTS