ਕਿਹਾ : ਇਨਸਾਫ ਮਿਲਣ ਤੱਕ ਲੜਾਈ ਜਾਰੀ ਰੱਖੀ ਜਾਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੇਲਵੇ ਦੀ ਨੌਕਰੀ ਮੁੜ ਜੁਆਇਨ ਕਰਨ ਵਾਲੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੇ ਦਾ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਵਿਨੇਸ਼ ਤੇ ਪੂਨੀਆ ਨੇ ਕਿਹਾ ਕਿ ਕੋਈ ਉਨ੍ਹਾਂ ਨੂੰ ਨੌਕਰੀ ਖੋਹਣ ਦਾ ਡਰ ਨਾ ਵਿਖਾਏ, ਕਿਉਂਕਿ ਜੇ ਨੌਕਰੀ ਇਨਸਾਫ ਦੇ ਰਾਹ ‘ਚ ਅੜਿੱਕਾ ਬਣਦੀ ਹੈ ਤਾਂ ਉਹ ਇਸ ਨੂੰ ਛੱਡਣ ਲਈ ਨਹੀਂ ਝਿਜਕਣਗੇ। ਦੋਵਾਂ ਪਹਿਲਵਾਨਾਂ ਨੇ ਟਵੀਟ ਕੀਤਾ ਕੀਤਾ ਕਿ ਉਨ੍ਹਾਂ ਦੇ ਤਗਮਿਆਂ ਨੂੰ 15-15 ਰੁਪਏ ਦੇ ਦੱਸਣ ਵਾਲੇ ਹੁਣ ਉਨ੍ਹਾਂ ਦੀਆਂ ਨੌਕਰੀਆਂ ਮਗਰ ਪੈ ਗਏ ਹਨ। ਪਹਿਲਵਾਨਾਂ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਦਾਅ ‘ਤੇ ਲੱਗੀਆਂ ਹਨ ਤੇ ਉਸ ਅੱਗੇ ਨੌਕਰੀ ਤਾਂ ਬਹੁਤ ਛੋਟੀ ਚੀਜ਼ ਹੈ।
ਪਹਿਲਵਾਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਸੰਘਰਸ਼ ਵਿੱਚ ਸ਼ਾਮਲ ਕੋਈ ਵੀ ਪਹਿਲਵਾਨ ਇਸ ਲੜਾਈ ਤੋਂ ਪਿੱਛੇ ਨਹੀਂ ਹਟਿਆ। ਉਨ੍ਹ੍ਵਾਂ ਸੰਘਰਸ਼ ਵਾਪਸ ਲੈਣ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਅੰਦੋਲਨ ਨੂੰ ‘ਸਾਬੋਤਾਜ’ ਕਰਨ ਦੀਆਂ ਕੋਸ਼ਿਸ਼ਾਂ ਹਨ। ਪੂਨੀਆ ਨੇ ਕਿਹਾ ਕਿ ਸਾਡੇ ਵੱਲੋਂ ਅੰਦੋਲਨ ਵਾਪਸ ਲਏ ਜਾਣ ਦੀਆਂ ਖ਼ਬਰਾਂ ‘ਅਫ਼ਵਾਹਾਂ’ ਹਨ ਅਤੇ ਇਕ ਮਹਿਲਾ ਪਹਿਲਵਾਨ ਵੱਲੋਂ ਐੱਫਆਈਆਰ ਵਾਪਸ ਲਏ ਜਾਣ ਦੀ ਖ਼ਬਰ ਵੀ ‘ਝੂਠੀ’ ਹੈ।
ਸਾਕਸ਼ੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲੰਘੀ ਰਾਤ ਹੋਈ ਗੱਲਬਾਤ ਨੂੰ ਸਧਾਰਣ ਗੱਲਬਾਤ ਦੱਸਦਿਆਂ ਕਿਹਾ ਕਿ ਮੁਲਜ਼ਮ (ਬ੍ਰਿਜ ਭੂਸ਼ਣ) ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨ ਆਪਣੇ ਸਟੈਂਡ ‘ਤੇ ਕਾਇਮ ਹਨ। ਸਾਕਸ਼ੀ ਨੇ ਕਿਹਾ ਕਿ ਵਿਨੇਸ਼, ਬਜਰੰਗ ਤੇ ਉਹ ਇਸ ਲੜਾਈ ਵਿੱਚ ਇਕੱਠੇ ਹਨ ਤੇ ਇਨਸਾਫ ਮਿਲਣ ਤੱਕ ਇਕਜੁੱਟ ਰਹਿਣਗੇ। ਦੱਸ ਦੇਈਏ ਕਿ ਬਜਰੰਗ, ਸਾਕਸ਼ੀ ਤੇ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਣੇ ਕੁਝ ਹੋਰ ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੜਾਈ ਲੜ ਰਹੇ ਹਨ। ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿੱਚੋਂ ਇਕ ਨਾਬਾਲਗ ਹੈ, ਨੇ ਬ੍ਰਿਜ ਭੂਸ਼ਣ ‘ਤੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ ਹਾਲਾਂਕਿ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਉਧਰ ਸਾਕਸ਼ੀ ਮਲਿਕ ਨੇ ਟਵੀਟ ਕੀਤਾ, ”ਅੰਦੋਲਨ ਵਾਪਸ ਲੈਣ ਦੀ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। ਇਨਸਾਫ਼ ਦੀ ਇਸ ਲੜਾਈ ਵਿੱਚ ਸਾਡੇ ‘ਚੋਂ ਕਿਸੇ ਨੇ ਵੀ ਪੈਰ ਪਿਛਾਂਹ ਨਹੀਂ ਖਿੱਚਿਆ ਤੇ ਨਾ ਹੀ ਅਸੀਂ ਪਿੱਛੇ ਹਟਾਂਗੇ। ਸੱਤਿਆਗ੍ਰਹਿ ਦੇ ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੀ ਹਾਂ। ਇਨਸਾਫ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕ੍ਰਿਪਾ ਕਰਕੇ ਕਿਸੇ ਤਰ੍ਹਾਂ ਦੀਆਂ ਗ਼ਲਤ ਖ਼ਬਰਾਂ ਨਾ ਫੈਲਾਓ।”
ਪਹਿਲਵਾਨ 15 ਜੂਨ ਤੱਕ ਅੰਦੋਲਨ ਮੁਲਤਵੀ ਕਰਨ ਲਈ ਸਹਿਮਤ
ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਸਰਕਾਰ ਦੀ ਦਖ਼ਲਅੰਦਾਜ਼ੀ ਅਤੇ ਸਮਾਂਬੱਧ ਢੰਗ ਨਾਲ ਆਪਣੀਆਂ ਮੰਗਾਂ ਪ੍ਰਤੀ ਕੇਂਦਰ ਦੀ ਰਜ਼ਾਮੰਦੀ ਤੋਂ ਬਾਅਦ ਰੋਸ ਪ੍ਰਦਰਸ਼ਨ 15 ਜੂਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਬੁੱਧਵਾਰ ਨੂੰ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਦੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਹੋਈ ਤਕਰੀਬਨ 6 ਘੰਟੇ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਹਾਲਾਂਕਿ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਨੇ ਸਪੱਸ਼ਟ ਕੀਤਾ ਕਿ ਅੰਦੋਲਨ ਨੂੰ 15 ਜੂਨ ਤੱਕ ਮੁਲਤਵੀ ਕੀਤਾ ਗਿਆ ਹੈ, ਅੰਦੋਲਨ ਅਜੇ ਖ਼ਤਮ ਨਹੀਂ ਹੋਇਆ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਈ ਤਫ਼ਸੀਲੀ ਮੀਟਿੰਗ ਤੋਂ ਬਾਅਦ ਸਰਕਾਰ ਵਲੋਂ ਪਹਿਲਵਾਨਾਂ ਦੀਆਂ ਮੰਗਾਂ ਮੰਨਣ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜਭੂਸ਼ਨ ਦੇ ਮਾਮਲੇ ‘ਚ 15 ਜੂਨ ਤੱਕ ਜਾਂਚ ਪੂਰੀ ਕਰ ਲਈ ਜਾਏਗੀ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …