ਓਟਵਾ : ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਕੈਨੇਡੀਅਨਜ਼ ਜਨਤਕ ਸੁਣਵਾਈ ਦੀ ਥਾਂ ਰਸਮੀ ਜਾਂਚ ਨੂੰ ਵਧੇਰੇ ਤਰਜੀਹ ਦੇਣਗੇ।
10 ਕੈਨੇਡੀਅਨ ਵਿੱਚੋਂ ਘੱਟੋ ਘੱਟ ਛੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਸਮੀ ਤੌਰ ਉੱਤੇ ਕੀਤੀ ਜਾਣ ਵਾਲੀ ਜਾਂਚ, ਜਿਸ ਦੀ ਨਿਗਰਾਨੀ ਅਜਿਹੇ ਜੱਜ ਵੱਲੋਂ ਕੀਤੀ ਜਾਵੇ ਜਿਸ ਕੋਲ ਸੰਮਨ ਦੇਣ ਦੀਆਂ ਸ਼ਕਤੀਆਂ ਵੀ ਹੋਣ, ਹੀ ਸਹੀ ਲੱਗਦੀ ਹੈ। ਇਸ ਦੌਰਾਨ ਕੁੱਝ ਕੁ ਲੋਕਾਂ ਨੇ ਇਹ ਵੀ ਆਖਿਆ ਕਿ ਉਹ ਜਨਤਕ ਸੁਣਵਾਈ ਨੂੰ ਤਰਜੀਹ ਦੇਣਗੇ ਤਾਂ ਕਿ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਹੋਰ ਰੋਸ਼ਨੀ ਪਾਈ ਜਾ ਸਕੇ ਤੇ ਇਸ ਕਾਰਨ ਜਿਹੜਾ ਖਤਰਾ ਹੈ ਉਸ ਨੂੰ ਸਮਝਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸਪੈਸ਼ਲ ਰੈਪੋਰਟਰ ਡੇਵਿਡ ਜੌਹਨਸਟਨ ਦੀ ਵਿਰੋਧੀ ਧਿਰ ਦੇ ਆਗੂਆਂ ਤੇ ਐਮਪੀਜ਼ ਵੱਲੋਂ ਕਾਫੀ ਨੁਕਤਾਚੀਨੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਜੌਹਨਸਟਨ ਨੇ ਆਖਿਆ ਸੀ ਕਿ ਜਾਂਚ ਦੀ ਥਾਂ ਜਨਤਕ ਸੁਣਵਾਈ ਸਹੀ ਰਹੇਗੀ। ਪ੍ਰਧਾਨ ਮੰਤਰੀ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਵੱਲੋਂ ਲਗਾਤਾਰ ਜੌਹਨਸਟਨ ਦੇ ਫੈਸਲੇ ਦਾ ਪੱਖ ਪੂਰਿਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਾਲ ਨਜ਼ਦੀਕੀ ਸਬੰਧਾਂ ਤੋਂ ਇਲਾਵਾ ਪਿਏਰ ਐਲੀਅਟ ਟਰੂਡੋ ਫਾਊਂਡੇਸ਼ਨ ਦੀ ਪਹਿਲਾਂ ਲਈ ਗਈ ਮੈਂਬਰਸ਼ਿਪ ਕਾਰਨ ਵੀ ਜੌਹਨਸਟਨ ਦੀ ਆਲਚਨਾ ਹੋ ਰਹੀ ਹੈ।
ਨੈਨੋਜ਼ ਦੇ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 38 ਫੀਸਦੀ ਕੈਨੇਡੀਅਨਜ਼ ਮੰਨਦੇ ਹਨ ਕਿ ਜੌਹਨਸਟਨ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਭਰੋਸੇਯੋਗ ਸ਼ਖ਼ਸ ਹਨ ਜਦਕਿ 30 ਫੀਸਦੀ ਦਾ ਕਹਿਣਾ ਹੈ ਕਿ ਉਹ ਭਰੋਸੇ ਦੇ ਕਾਬਲ ਨਹੀਂ ਹਨ। ਇਸ ਸਰਵੇਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ 46 ਫੀਸਦੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਇਸ ਵਿਸ਼ੇ ਉੱਤੇ ਪ੍ਰਧਾਨ ਮੰਤਰੀ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਦਕਿ 26 ਫੀਸਦੀ ਦਾ ਮੰਨਣਾ ਹੈ ਕਿ ਟਰੂਡੋ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। 48 ਫੀਸਦੀ ਇਹ ਮੰਨਦੇ ਹਨ ਕਿ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਇਸ ਮਾਮਲੇ ਵਿੱਚ ਭਰੋਸੇ ਦੇ ਕਾਬਲ ਨਹੀਂ ਹਨ ਜਦਕਿ 26 ਫੀਸਦੀ ਦਾ ਕਹਿਣਾ ਹੈ ਕਿ ਉਹ ਕਾਬਲ ਹਨ। ਇਸੇ ਤਰ੍ਹਾਂ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਇਸ ਮਾਮਲੇ ਵਿੱਚ 32 ਫੀਸਦੀ ਭਰੋਸੇਯੋਗ ਆਗੂ ਮੰਨਦੇ ਹਨ ਜਦਕਿ 31 ਫੀਸਦੀ ਨਹੀਂ ਮੰਨਦੇ।