Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਮੁੜ ਸੰਭਾਲਣਗੇ ਸੱਤਾ, ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ‘ਚ

ਟਰੂਡੋ ਮੁੜ ਸੰਭਾਲਣਗੇ ਸੱਤਾ, ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ‘ਚ

ਲਿਬਰਲ ਪਾਰਟੀ 157 ਸੀਟਾਂ ਜਿੱਤ ਕੇ ਬਣੀ ਸਭ ਤੋਂ ਪ੍ਰਮੁੱਖ ਪਾਰਟੀ, ਕੰਸਰਵੇਟਿਵ 121 ਸੀਟਾਂ ਜਿੱਤ ਕੇ ਵਿਰੋਧੀ ਧਿਰ ‘ਚ ਬੈਠੇਗੀ, 32 ਸੀਟਾਂ ਜਿੱਤਣ ਵਾਲੀ ਬਲਾਕ ਕਿਊਬਿਕ ਵੀ ਰਹਿ ਸਕਦੀ ਹੈ ਸੱਤਾ ਤੋਂ ਦੂਰ, 24 ਸੀਟਾਂ ਨਾਲ ਐਨਡੀਪੀ ਨਿਭਾਵੇਗੀ ਸਰਕਾਰ ਬਣਾਉਣ ‘ਚ ਅਹਿਮ ਭੂਮਿਕਾ
ਮੋਦੀ ਤੇ ਟਰੰਪ ਨੇ ਟਰੂਡੋ ਨੂੰ ਦਿੱਤੀ ਵਧਾਈ
ਓਟਾਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ ਕੈਨੇਡਾ ਨੇ ਚੋਣਾਂ ਜਿੱਤ ਲਈਂਆਂ ਹਨ, ਪਰ ਪਾਰਟੀ ਨੂੰ ਇਕੱਲੇ ਆਪਣੇ ਦਮ ‘ਤੇ ਬਹੁਮਤ ਨਹੀਂ ਮਿਲਿਆ। ਲਿਬਰਲ ਪਾਰਟੀ ਨੂੰ 157 ਸੀਟਾਂ ‘ਤੇ ਜਿੱਤ ਮਿਲੀ ਹੈ, ਜੋ ਬਹੁਮਤ (170) ਤੋਂ 13 ਸੀਟਾਂ ਘੱਟ ਹੈ। ਮੁੱਖ ਵਿਰੋਧੀ ਆਗੂ ਐਂਡ੍ਰਿਊ ਸ਼ੀਅਰ ਦੀ ਕੰਸਰਵੇਟਿਵ ਪਾਰਟੀ ਨੇ 121 ਸੀਟਾਂ ਜਿੱਤੀਆਂ। ਚੋਣਾਂ ਵਿਚ ਖੱਬੇ ਪੱਖੀ ਰੁਝਾਨ ਵਾਲੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਅਤੇ ਭਾਰਤੀ ਜਗਮੀਤ ਸਿੰਘ ਕਿੰਗ ਮੇਕਰ ਬਣ ਕੇ ਉਭਰੇ ਹਨ। ਐਨਡੀਪੀ ਨੇ 24 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ।
ਇਸੇ ਤਰ੍ਹਾਂ ਵੱਖਵਾਦੀ ਪਾਰਟੀ ਬਲਾਕ ਕਿਊਬੈਕ ਨੂੰ 32 ਸੀਟਾਂ ‘ਤੇ ਜਿੱਤ ਹਾਸਲ ਹੋਈ। ਇਨ੍ਹਾਂ ਚੋਣਾਂ ਵਿਚ 19 ਪੰਜਾਬੀ ਮੂਲ ਦੇ ਉਮੀਦਵਾਰ ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ਵਿਚੋਂ 14 ਪੰਜਾਬੀ ਸੰਸਦ ਮੈਂਬਰ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਨਾਲ ਸਬੰਧਤ ਹਨ। ਇਸੇ ਤਰ੍ਹਾਂ ਚਾਰ ਪੰਜਾਬੀ ਮੂਲ ਦੇ ਸੰਸਦ ਮੈਂਬਰ ਕੰਸਰਵੇਟਿਵ ਵੱਲੋਂ ਜਿੱਤੇ ਹਨ ਜਦੋਂਕਿ ਐਨਡੀਪੀ ਵੱਲੋਂ ਪੰਜਾਬੀ ਮੂਲ ਦੇ ਜੇਤੂ ਉਮੀਦਵਾਰਾਂ ਵਿਚ ਜਗਮੀਤ ਸਿੰਘ ਦਾ ਨਾਂ ਸ਼ਾਮਲ ਹੈ। ਜ਼ਿਕਰਯੋਗ ਹੈ ਜਸਟਿਨ ਟਰੂਡੋ ਦੂਜੀ ਵਾਰ ਕੈਨੇਡਾ ਦੀ ਸੱਤਾ ਸੰਭਾਲਣ ਜਾ ਰਹੇ ਹਨ। ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਦੀ ਜਨਤਾ ਨੇ ਪ੍ਰਗਤੀਸ਼ੀਲ ਏਜੰਡਾ ਚੁਣਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਡੋ ਨੂੰ ਚੋਣ ਜਿੱਤਣ ਲਈ ਵਧਾਈ ਦਿੱਤੀ ਹੈ, ਇਸੇ ਪ੍ਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਸਟਿਨ ਟਰੂਡੋ ਨੂੰ ਮੁਬਾਰਕ ਭੇਜੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …