Breaking News
Home / ਜੀ.ਟੀ.ਏ. ਨਿਊਜ਼ / ਕਿੰਨੇ ਕੁ ਸੱਚ ਹੋਣਗੇ ਕੋਵਿਡ ਰਿਕਵਰੀ ਲਈ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦੇ?

ਕਿੰਨੇ ਕੁ ਸੱਚ ਹੋਣਗੇ ਕੋਵਿਡ ਰਿਕਵਰੀ ਲਈ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦੇ?

ਓਟਵਾ/ਬਿਊਰੋ ਨਿਊਜ਼ : ਇਸ ਸਮੇਂ ਕੈਨੇਡਾ ਦੀ ਕੋਵਿਡ ਰਿਕਵਰੀ ਬੜੇ ਹੀ ਨਾਜੁਕ ਸਮੇਂ ਵਿੱਚੋਂ ਲੰਘ ਰਹੀ ਹੈ। ਹੁਣ ਜਦੋਂ ਮਹਾਂਮਾਰੀ ਕਾਰਨ ਲੜਖੜਾਉਂਦਾ ਹੋਇਆ ਅਰਥਚਾਰਾ ਮੁੜ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਮਹਿੰਗੇ ਪ੍ਰੋਗਰਾਮਾਂ ਨੂੰ ਕਿਸੇ ਬੰਨੇ ਲਾਉਣ ਦੀ ਕੁਦਰਤੀ ਤਾਂਘ ਵੀ ਵੱਧ ਗਈ ਹੈ। ਪਰ ਡੈਲਟਾ ਵੇਰੀਐਂਟ ਵਾਲੀ ਚੌਥੀ ਵੇਵ ਕਾਰਨ ਉਨ੍ਹਾਂ ਲੋਕਾਂ ਨੂੰ ਵਧੇਰੇ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ। ਇਸ ਦੇ ਮੱਦੇਨਜ਼ਰ ਜੇ ਮਾਮਲੇ ਇਸੇ ਤਰ੍ਹਾਂ ਵੱਧਦੇ ਰਹੇ ਤਾਂ ਹੋਰ ਲਾਕਡਾਊਨ ਲਾਜ਼ਮੀ ਹੋ ਜਾਣਗੇ। ਇਨ੍ਹਾਂ ਕਾਰਨ ਪ੍ਰੋਵਿੰਸ਼ੀਅਲ ਪੱਧਰ ਉੱਤੇ ਉੱਠ ਰਹੀ ਵੈਕਸੀਨ ਸਰਟੀਫਿਕੇਟਸ ਦੀ ਮੰਗ ਕੁੱਝ ਸੈਕਟਰਜ਼ ਲਈ ਅਸਥਿਰਤਾ ਪੈਦਾ ਕਰ ਦੇਵੇਗੀ। ਇਸ ਤੋਂ ਭਾਵ ਹੈ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਹੋਰ ਵਾਧਾ ਕਰਨਾ ਹੋਵੇਗਾ। ਅਜਿਹੇ ਵਿੱਚ ਫੈਡਰਲ ਚੋਣਾਂ ਦਰਮਿਆਨ ਕੋਵਿਡ-19 ਦੀ ਰਿਕਵਰੀ ਦੇ ਸਬੰਧ ਵਿੱਚ ਵੱਖ ਵੱਖ ਪਾਰਟੀਆਂ ਦਾ ਨਜ਼ਰੀਆ ਕੀ ਹੈ ਇਸ ਉੱਤੇ ਝਾਤੀ ਮਾਰਨਾ ਜ਼ਰੂਰੀ ਹੋ ਜਾਂਦਾ ਹੈ।
ਰਲੀਫ ਬੈਨੇਫਿਟਸ ਤੇ ਵੇਜ ਸਬਸਿਡੀਜ ਦੇ ਰੂਪ ਵਿੱਚ ਲਿਬਰਲਾਂ ਨੇ ਮਹਾਂਮਾਰੀ ਦੌਰਾਨ ਕਈ ਬਿਲੀਅਨ ਡਾਲਰ ਖਰਚ ਕੀਤੇ। ਉਨ੍ਹਾਂ ਵੱਲੋਂ ਐਮਰਜੈਂਸੀ ਵੇਜ ਸਬਸਿਡੀ ਅਕਤੂਬਰ ਤੱਕ ਤੇ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਵਿੱਚ 31 ਮਾਰਚ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਟੈਂਪਰੇਰੀ ਵੇਜ ਤੇ ਖਰਚਿਆਂ ਦਾ 75 ਫੀਸਦੀ ਤੱਕ ਰੈਂਟ ਸਪੋਰਟ ਨਾਲ ਟੂਰਿਜ਼ਮ ਇੰਡਸਟਰੀ ਦੀ ਮਦਦ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਇਸ ਤੋਂ ਇਲਾਵਾ ਅਪ੍ਰੈਲ ਵਿੱਚ ਸਰਕਾਰ ਤੇ ਏਅਰ ਕੈਨੇਡਾ ਦਰਮਿਆਨ 5.9 ਬਿਲੀਅਨ ਡਾਲਰ ਦੇ ਲੋਨ ਪੈਕੇਜ ਉੱਤੇ ਸਹਿਮਤੀ ਵੀ ਬਣ ਚੁੱਕੀ ਹੈ।
ਆਪਣੇ ਚੋਣ ਵਾਅਦਿਆਂ ਵਿੱਚ ਕੰਜਰਵੇਟਿਵ ਜ਼ਿੰਮੇਵਰਾਨਾ ਢੰਗ ਨਾਲ ਐਮਰਜੈਂਸੀ ਖਰਚਿਆਂ ਨੂੰ ਨੱਥ ਪਾਉਣ ਤੇ ਕੈਨੇਡਾ ਦੇ ”ਜੌਬਜ ਸਰਚ ਪਲੈਨ” ਰਾਹੀਂ ਸੱਭ ਤੋਂ ਵੱਧ ਮਾਰ ਸਹਿ ਰਹੇ ਸੈਕਟਰਜ਼ ਦੀ ਮਦਦ ਕਰਨ ਦਾ ਤਹੱਈਆ ਪ੍ਰਗਟਾ ਰਹੇ ਹਨ। ਇਸ ਪਲੈਨ ਤਹਿਤ ਕੰਸਰਵੇਟਿਵਾਂ ਵੱਲੋਂ ਵੇਜ਼ ਸਬਸਿਡੀ ਐਕਸਪਾਇਰ ਹੋਣ ਤੋਂ ਬਾਅਦ ਨਵੇਂ ਹਾਇਰ ਕੀਤੇ ਮੁਲਾਜ਼ਮਾਂ ਦੀਆਂ ਸੈਲਰੀਜ਼ ਦਾ 50 ਫੀਸਦੀ ਦੇਣ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਰੀਟੇਲ, ਮੇਜਬਾਨੀ ਤੇ ਟੂਰਿਜ਼ਮ ਸੈਕਟਰਜ਼ ਨਾਲ ਜੁੜੇ ਨਿੱਕੇ ਤੇ ਦਰਮਿਆਨੇ ਕਾਰੋਬਾਰਾਂ ਨੂੰ 200,000 ਡਾਲਰ ਤੱਕ ਦਾ ਲੋਨ ਦੇਣ ਦੀ ਵੀ ਗੱਲ ਆਖੀ ਜਾ ਰਹੀ ਹੈ। ਜਿਸ ਵਿੱਚੋਂ 25 ਫੀ ਸਦੀ ਮੁਆਫ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਟੋਰੀਜ ਵੱਲੋਂ ਏਅਰਲਾਈਨ ਸੈਕਟਰ ਦੇ ਮੁੜ ਨਿਰਮਾਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਮਹਾਂਮਾਰੀ ਦੌਰਾਨ ਐਮਰਜੈਂਸੀ ਇਕਨੌਮਿਕ ਏਡ ਪ੍ਰੋਗਰਾਮਾਂ ਨੂੰ ਖੁੱਲ੍ਹਦਿਲੀ ਨਾਲ ਤਿਆਰ ਕਰਨ ਲਈ ਲਿਬਰਲਾਂ ਉੱਤੇ ਦਬਾਅ ਪਾਉਣ ਦਾ ਸਿਹਰਾ ਐਨਡੀਪੀ ਵੱਲੋਂ ਆਪਣੇ ਸਿਰ ਬੰਨ੍ਹਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਨਿੱਕੇ ਕਾਰੋਬਾਰਾਂ ਲਈ ਵੇਜ਼ ਤੇ ਰੈਂਟ ਸਬਸਿਡੀਜ਼ ਵਿੱਚ ਵਾਧਾ ਕਰਨ ਅਤੇ ਮਹਾਂਮਾਰੀ ਦੌਰਾਨ ਔਖੇ ਸਾਹ ਲੈ ਰਹੀ ਟੂਰਿਜ਼ਮ ਇੰਡਸਟਰੀ ਦੀ ਬਾਂਹ ਫੜ੍ਹਨ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ।
ਇਸ ਮੁੱਦੇ ਉੱਤੇ ਬਲਾਕ ਕਿਊਬਿਕ ਅਤੇ ਗ੍ਰੀਨ ਪਾਰਟੀ ਨੇ ਅਜੇ ਆਪਣੀਆਂ ਨੀਤੀਆਂ ਸਪਸਟ ਨਹੀਂ ਕੀਤੀਆਂ ਹਨ। ਪਰ ਗ੍ਰੀਨ ਪਾਰਟੀ ਨੇ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਦੀ ਮਦਦ ਕਰਨ ਦਾ ਤਹੱਈਆ ਜਰੂਰ ਪ੍ਰਗਟਾਇਆ ਹੈ। ਇਸ ਦੌਰਾਨ ਪੀਪਲਜ ਪਾਰਟੀ ਵੱਲੋਂ ਮਹਾਂਮਾਰੀ ਸੰਕਟ ਦੌਰਾਨ ਲਿਬਰਲਾਂ ਵੱਲੋਂ ਕੀਤੇ ਖਰਚਿਆਂ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਪੀਪਲਜ਼ ਪਾਰਟੀ ਨੇ ਸਾਰੀਆਂ ਕਾਰਪੋਰੇਟ ਸਬਸਿਡੀਜ਼ ਖਤਮ ਕਰਨ ਦਾ ਤਹੱਈਆ ਪ੍ਰਗਟਾਇਆ ਹੈ।
ਇੰਟਰਨੈਸ਼ਨਲ ਟੈਲੀਕਮਿਊਨਿਕੇਸ਼ਨ ਕੰਪਨੀ ਨੂੰ ਕੈਨੇਡਾ ਲਿਆਉਣ ਦਾ ਓਟੂਲ ਨੇ ਕੀਤਾ ਵਾਅਦਾ
ਓਟਵਾ : ਕੰਸਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਇਸ ਵਿਸ਼ਵਾਸ ਨਾਲ ਇੰਟਰਨੈਸ਼ਨਲ ਟੈਲੀਕਮਿਊਨਿਕੇਸ਼ਨ ਕੰਪਨੀ ਨੂੰ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਸੈੱਲਫੋਨ ਤੇ ਇੰਟਰਨੈੱਟ ਦੇ ਬਿੱਲ ਘੱਟ ਹੋ ਸਕਣ। ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਨੂੰ ਇਨ੍ਹਾਂ ਸੇਵਾਵਾਂ ਲਈ ਕਾਫੀ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਹਨ ਤੇ ਇਸ ਦਾ ਇੱਕੋ ਕਾਰਨ ਮੁਕਾਬਲੇਬਾਜ਼ੀ ਦੀ ਘਾਟ ਹੈ। ਟੋਰੀ ਆਗੂ ਨੇ ਵਾਅਦਾ ਕੀਤਾ ਕਿ ਕੈਨੇਡਾ ਵਿੱਚ ਕੌਮਾਂਤਰੀ ਕੰਪਨੀਆਂ ਨੂੰ ਇਜਾਜ਼ਤ ਦੇਣ ਨਾਲ ਕੈਨੇਡੀਅਨ ਕੰਪਨੀਆਂ ਵਿੱਚ ਵੀ ਮੁਕਾਬਲੇਬਾਜ਼ੀ ਵਧੇਗੀ ਤੇ ਉਹ ਵੀ ਆਪਣੀਆਂ ਦਰਾਂ ਘਟਾਉਣ ਬਾਰੇ ਸੋਚਣਗੀਆਂ।
ਓਟੂਲ ਨੇ 2025 ਤੱਕ ਸਾਰੇ ਕੈਨੇਡੀਅਨਜ ਦੀ ਪਹੁੰਚ ਹਾਈ ਸਪੀਡ ਇੰਟਰਨੈੱਟ ਤੱਕ ਕਰਵਾਉਣ ਲਈ ਕੈਨੇਡਾ ਦੇ ਡਿਜੀਟਲ ਇਨਫਰਾਸਟ੍ਰਕਚਰ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਪਾਰਟੀ ਦਾ ਕਹਿਣਾ ਹੈ ਕਿ ਉਹ ਰੌਜਰ ਤੇ ਸਾਅ ਦਰਮਿਆਨ ਪ੍ਰਸਤਾਵਿਤ ਰਲੇਵੇਂ ਨੂੰ ਲੈ ਕੇ ਵੀ ਚਿੰਤਤ ਹੈ।

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …