ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਲਿਬਰਲ ਆਗੂ ਜਸਟਿਨ ਟਰੂਡੋ ਦੀ ਕੈਂਪੇਨ ਦੌਰਾਨ ਉਨ੍ਹਾਂ ਉੱਤੇ ਬੱਜਰੀ ਸੁੱਟੇ ਜਾਣ ਦੇ ਮਾਮਲੇ ਦੀ ਲੰਡਨ, ਓਨਟਾਰੀਓ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਖਣ-ਪੱਛਮੀ ਓਨਟਾਰੀਓ ਸਿਟੀ ਵਿੱਚ ਪੁਲਿਸ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਉਹ ਇਸ ਘਟਨਾ ਦੇ ਸਬੰਧ ਵਿੱਚ ਜਨਤਾ ਤੋਂ ਜਾਣਕਾਰੀ ਇੱਕਠੀ ਕਰ ਰਹੇ ਹਨ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੱਜਰੀ ਵੱਜੀ ਜ਼ਰੂਰ ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਕੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਉਹ ਪੁਲਿਸ ਉੱਤੇ ਛੱਡਦੇ ਹਨ।
ਇਸ ਘਟਨਾ ਦੌਰਾਨ ਨਿੱਕੇ ਪੱਥਰ ਨਾ ਸਿਰਫ ਟਰੂਡੋ ਨੂੰ ਹੀ ਵੱਜੇ ਸਗੋਂ ਈਵੈਂਟ ਨੂੰ ਕਵਰ ਕਰ ਰਹੇ ਪੱਤਰਕਾਰਾਂ ਦੇ ਨਾਲ-ਨਾਲ ਟਰੂਡੋ ਦੀ ਹਿਫਾਜ਼ਤ ਵਿੱਚ ਤਾਇਨਾਤ ਆਰਸੀਐਮਪੀ ਮੈਂਬਰਾਂ ਨੂੰ ਵੀ ਵੱਜੇ। ਟਰੂਡੋ ਨੇ ਮਾਂਟਰੀਅਲ ਵਿੱਚ ਇੱਕ ਈਵੈਂਟ ਦੌਰਾਨ ਆਖਿਆ ਕਿ ਇਸ ਤਰ੍ਹਾਂ ਦੀ ਹਰਕਤ ਸਵੀਕਾਰੀ ਨਹੀਂ ਜਾ ਸਕਦੀ ਕਿ ਲੋਕ ਸਿਆਸੀ ਰੈਲੀ ਦੌਰਾਨ ਚੀਜ਼ਾਂ ਸੁੱਟਣ ਤੇ ਹੋਰਨਾਂ ਨੂੰ ਖਤਰੇ ਵਿੱਚ ਪਾਉਣ।
ਇਸ ਦੌਰਾਨ ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰ ਰਹੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦਾ ਵਿਵਹਾਰ ਸਹੀ ਨਹੀਂ ਹੈ ਤੇ ਇਹ ਕਿਸੇ ਦੀ ਵੀ ਬਰਦਾਸ਼ਤ ਤੋਂ ਬਾਹਰ ਹੋਵੇਗਾ। ਉਨ੍ਹਾਂ ਆਖਿਆ ਕਿ ਜਦੋਂ ਕੋਈ ਕਿਸੇ ਉੱਤੇ ਪੱਥਰ ਸੁੱਟਦਾ ਹੈ ਤਾਂ ਉਸ ਦਾ ਇਰਾਦਾ ਦੂਜੇ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਤੇ ਇਹ ਗਲਤ ਹੈ। ਹੋਰਨਾਂ ਆਗੂਆਂ ਵੱਲੋਂ ਵੀ ਇਸ ਤਰ੍ਹਾਂ ਦੀ ਘਟਨਾ ਦੀ ਨਿਖੇਧੀ ਕੀਤੀ ਗਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …