ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪੂਰਬੀ ਸੂਬੇ ਨੋਵਾਸਕੋਸ਼ੀਆ ਦੀ ਰਾਜਧਾਨੀ ਹੈਲੀਫੈਕਸ ਤੋਂ ਲਗਪਗ 200 ਕਿਲੋਮੀਟਰ ਉੱਤਰ ਵੱਲ ਟਰੁਰੋ ਨਾਮਕ ਸ਼ਹਿਰ ਵਿਚ ਲੰਘੇ ਦਿਨੀਂ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਮੰਨਿਆ ਹੈ ਪਰ ਅਜੇ ਲਾਸ਼ ਦੀ ਪਛਾਣ ਜਾਰੀ ਨਹੀਂ ਕੀਤੀ। ਮ੍ਰਿਤਕ ਦੇ ਪਰਿਵਾਰਕ ਤੇ ਹੋਰ ਸੂਤਰਾਂ ਮੁਤਾਬਿਕ ਉਹ ਲਾਸ਼ ਪ੍ਰਭਜੋਤ ਸਿੰਘ ਕਤਰੀ (23) ਦੀ ਸੀ ਜੋ ਉਸ ਅਪਾਰਟਮੈਂਟ ਤੋਂ ਮਿਲੀ ਸੀ ਜਿੱਥੇ ਉਹ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ। ਉਸਦੇ ਨਜ਼ਦੀਕੀਆਂ ਵਲੋਂ ਘਟਨਾ ਨੂੰ ਨਸਲੀ ਵਿਤਕਰੇ ਤਹਿਤ ਹੋਇਆ ਕਤਲ ਦੱਸਿਆ ਗਿਆ ਹੈ ਪਰ ਇਸ ਬਾਰੇ ਪੁਲਿਸ ਦੀ ਅਗਲੇਰੀ ਜਾਂਚ ਜਾਰੀ ਹੈ। ਪ੍ਰਭਜੋਤ ਬੀਤੇ ਕੁਝ ਸਮੇਂ ਤੋਂ ਲੇਅਟਨਜ਼ ਟੈਕਸੀ ਕੰਪਨੀ ਨਾਲ ਟੈਕਸੀ ਚਲਾਉਂਦਾ ਸੀ। ਜਾਣਕਾਰੀ ਅਨੁਸਾਰ ਉਹ ਚਾਰ ਕੁ ਸਾਲ ਪਹਿਲਾਂ ਪੰਜਾਬ ਦੇ ਮੋਗਾ ਨੇੜੇ ਆਪਣੇ ਪਿੰਡ ਬੁੱਕਣਵਾਲਾ ਤੋਂ ਪੜ੍ਹਾਈ ਲਈ ਕੈਨੇਡਾ ਪੁੱਜਾ ਸੀ ਅਤੇ ਹੁਣ ਪੱਕੀ ਇਮੀਗ੍ਰੇਸ਼ਨ ਪ੍ਰਾਪਤ ਕਰਨ ਵਾਸਤੇ ਮਿਹਨਤ ਕਰ ਰਿਹਾ ਸੀ। ਘਟਨਾ ਸਥਾਨ ਤੋਂ ਸ਼ੱਕੀਆਂ ਨੇ ਕੁਝ ਚੋਰੀ ਨਹੀਂ ਕੀਤਾ ਅਤੇ ਪ੍ਰਭਜੋਤ ਦਾ ਫੋਨ ਵੀ ਉਸ ਦੀ ਜੇਬ ‘ਚੋਂ ਮਿਲਿਆ। ਪਤਾ ਲੱਗਾ ਹੈ ਕਿ ਗੱਡੀ ਪਾਰਕ ਕਰਨ ਤੋਂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਸ਼ੱਕੀਆਂ ਨੇ ਪ੍ਰਭਜੋਤ ਨੂੰ ਚਾਕੂ ਨਾਲ ਜ਼ਖ਼ਮੀ ਕਰ ਦਿੱਤਾ ਸੀ।