ਕਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਦੇਖਦੇ ਹੋਏ ਲਿਆ ਗਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਕੌਮੀ ਰਾਜਧਾਨੀ ਵਾਸੀਆਂ ਨੂੰ ਦੁਸ਼ਹਿਰੇ ਮੌਕੇ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਵੱਲੋਂ ਇਕ ਵੱਡੀ ਰਾਹਤ ਦਿੱਤੀ ਗਈ ਹੈ। ਜਿਸ ਤਹਿਤ ਹੁਣ ਦਿੱਲੀ ਅੰਦਰ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਰਿਹਾ। ਕਰੋਨਾ ਵਾਇਰਸ ਦੇ ਲਗਾਤਾਰ ਘਟਦੇ ਹੋਏ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਡੀਡੀਐਮਏ ਨੇ ਮਾਸਕ ਨਾ ਪਹਿਨਣ ’ਤੇ ਲੱਗਣ ਵਾਲੇ 500 ਰੁਪਏ ਦੇ ਜੁਰਮਾਨੇ ਨੂੰ ਵੀ ਖਤਮ ਕਰ ਦਿੱਤਾ ਹੈ ਪ੍ਰੰਤੂ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਤਿਉਹਾਰੀ ਸੀਜਨ ਸ਼ੁਰੂ ਹੋ ਚੁੱਕਿਆ ਜਿਸ ਦੇ ਮੱਦੇਨਜ਼ਰ ਸਭ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਧਿਆਨ ਰਹੇ ਕਿ ਲੰਘੇ ਅਗਸਤ ਮਹੀਨੇ ’ਚ ਦਿੱਲੀ ’ਚ ਮੁੜ ਤੋਂ ਸਾਰੀਆਂ ਜਨਤਕ ਥਾਵਾਂ ’ਤੇ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਸੀ। ਦਿੱਲੀ ’ਚ ਕਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ। ਇੰਨਾ ਹੀ ਨਹੀਂ ਮਾਸਕ ਨਾ ਪਹਿਨਣ ’ਤੇ ਫੜੇ ਜਾਣ ’ਤੇ 500 ਰੁਪਏ ਜੁਰਮਾਨਾ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪ੍ਰੰਤੂ ਹੁਣ ਦਿੱਲੀ ਵਿਚ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਰਿਹਾ ਅਤੇ ਨਾ ਹੀ ਹੁਣ ਕੋਈ ਜੁਰਮਾਨਾ ਦੇਣਾ ਹੋਵੇਗਾ।