ਤਲਾਸ਼ੀ ਜਾਰੀ, ਡਿਪਟੀ ਸੀਐਮ ਬੋਲੇ : ਸੀਬੀਆਈ ਦਾ ਘਰ ਪਹੁੰਚਣ ’ਤੇ ਸਵਾਗਤ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ’ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਮੇਤ 21 ਥਾਵਾਂ ’ਤੇ ਸੀਬੀਆਈ ਵੱਲੋਂ ਕੀਤੀ ਗਈ ਰੇਡ ਜਾਰੀ ਹੈ। ਜਾਂਚ ਏਜੰਸੀ ਸਵੇਰੇ 8: 30 ਵਜੇ ਮਨੀਸ਼ ਸਿਸੋਦੀਆ ਦੇ ਘਰ ਪਹੁੰਚ ਗਈ। ਉਦੋਂ ਤੋਂ ਲੈ ਕੇ ਖ਼ਬਰਾਂ ਪੜ੍ਹੇ ਜਾਣ ਤੱਕ ਸੀਬੀਆਈ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਅਧਿਕਾਰੀਆਂ ਨੇ ਸਿਸੋਦੀਆ ਦੇ ਪਰਿਵਾਰ ਅਤੇ ਬਾਕੀ ਮੈਂਬਰਾਂ ਦੇ ਮੋਬਾਇਲ ਫੋਨ ਅਤੇ ਲੈਪਟਾਪ ਜਬਤ ਕਰ ਲਏ ਹਨ। ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਰਵਾਈ ਅਰਵਿੰਦ ਕੇਜਰੀਵਾਲ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੀਤੀ ਜਾ ਰਹੀ ਹੈ। ਜਦਕਿ ਭਾਜਪਾ ਵੱਲੋਂ ਸ਼ਰਾਬ ਨੀਤੀ ਘੋਟਾਲੇ ਦੇ ਆਰੋਪ ਨੂੰ ਲੈ ਕੇ ਸੀਬੀਆਈ ਨੇ ਐਫਆਈ ਆਰ ਦਰਜ ਕੀਤੀ ਸੀ, ਜਿਸ ’ਚ ਮਨੀਸ਼ ਸਿਸੋਦੀਆ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਦੇ ਨਾਮ ਸ਼ਾਮਲ ਸਨ, ਜਿਸ ਦੇ ਚਲਦਿਆਂ ਸੀਬੀਆਈ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਮਨੀਸ਼ ਸਿਸੋਸਦੀਆਂ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿਚ ਚੰਗਾ ਕੰਮ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ ਅੱਜ ਤੱਕ ਨੰਬਰ ਵੰਨ ਨਹੀਂ ਬਣ ਸਕਿਆ। ਸਿਸੋਦੀਆਂ ਨੇ ਕਿਹਾ ਕਿ ਅਸੀਂ ਜਾਂਚ ਵਿਚ ਪੂਰਾ ਸਹਿਯੋਗ ਕਰਾਂਗੇ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਖਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਹਨ ਪ੍ਰੰਤੂ ਹਾਲੇ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ ਅਤੇ ਅੱਜ ਦੀ ਛਾਪੇਮਾਰੀ ਦੌਰਾਨ ਵੀ ਕੁੱਝ ਨਹੀਂ ਮਿਲੇਗਾ। ਮੈਂ ਸੀਬੀਆਈ ਦੀ ਟੀਮ ਦਾ ਸਵਾਗਤ ਕਰਦਾ ਹਾਂ। ਉਧਰ ਸਿਸੋਦੀਆ ਦੇ ਟਿਕਾਣਿਆਂ ’ਤੇ ਸੀਬੀਆਈ ਦੇ ਛਾਪੇ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ਇਹ ਲੋਕ ਦਿੱਲੀ ਦੇ ਵਿਕਾਸ ਕਾਰਜਾਂ ਨੂੰ ਰੋਕਣਾ ਚਾਹੁੰਦੇ। ਇਸੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਸੀਂ ਦਿੱਲੀ ਦੇ ਚੰਗੇ ਕੰਮਾਂ ਨੂੰ ਰੁਕਣ ਨਹੀਂ ਦਿਆਂਗੇ।