
ਅਮਰੀਕਾ ਤੋਂ ਹਿੰਡਨ ਏਅਰਬੇਸ ’ਤੇ ਲਿਆਂਦੇ ਗਏ ਤਿੰਨ ਹੈਲੀਕਾਪਟਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਨੂੰ ਅਮਰੀਕਾ ਤੋਂ ਤਿੰਨ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਮਿਲ ਗਈ ਹੈ। ਫੌਜ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਹੈਲੀਕਾਪਟਰਾਂ ਨੂੰ ਅਮਰੀਕਾ ਤੋਂ ਗਾਜ਼ੀਆਬਾਦ ਜ਼ਿਲ੍ਹੇ ਦੇ ਹਿੰਡਨ ਏਅਰਬੇਸ ’ਤੇ ਲਿਆਂਦਾ ਗਿਆ। ਫੌਜ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਭਾਰਤ ਨੂੰ 6 ਅਪਾਚੇ ਗਾਰਡੀਅਨ ਹੈਲੀਕਾਪਟਰ ਮਿਲਣੇ ਹਨ, ਜਿਨ੍ਹਾਂ ਵਿਚੋਂ 3 ਭਾਰਤ ’ਚ ਪਹੁੰਚ ਚੁੱਕੇ ਹਨ। ਇਨ੍ਹਾਂ ਹੈਲੀਕਾਪਟਰਾਂ ਨੂੰ ਰੇਤ ਜਿਹੇ ਰੰਗ ਨਾਲ ਰੰਗਿਆ ਗਿਆ ਹੈ। ਇਸ ਨਾਲ ਇਨ੍ਹਾਂ ਨੂੰ ਰੇਗਿਸਤਾਨੀ ਇਲਾਕਿਆਂ ’ਚ ਛੁਪਾਉਣ ਵਿਚ ਮੱਦਦ ਮਿਲਦੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅਪਾਚੇ ਹੈਲੀਕਾਪਟਰਾਂ ਨੂੰ ਪਾਕਿਸਤਾਨ ਦੇ ਨਾਲ ਲੱਗਦੀ ਪੱਛਮੀ ਸਰਹੱਦ ਦੇ ਨੇੜੇ ਜੋਧਪੁਰ ਵਿਚ ਤੈਨਾਤ ਕੀਤਾ ਜਾਵੇਗਾ। ਭਾਰਤੀ ਥਲ ਸੈਨਾ ਨੂੰ ਪਹਿਲੀ ਵਾਰ ਅਪਾਚੇ ਹੈਲੀਕਾਪਟਰ ਮਿਲੇ ਹਨ ਅਤੇ ਇਹ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਐਡਵਾਂਸ ਲੜਾਕੂ ਹੈਲੀਕਾਪਟਰਾਂ ਵਿਚੋਂ ਇਕ ਹਨ।

