
73 ਦਿਨਾਂ ਵਿਚ 25 ਵਾਰ ਕਰੈਡਿਟ ਲਿਆ ਡੋਨਾਲਡ ਟਰੰਪ ਨੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਟਕਰਾਅ ਉਨ੍ਹਾਂ ਨੇ ਰੁਕਵਾਇਆ ਸੀ। ਟਰੰਪ ਨੇ 73 ਦਿਨਾਂ ਵਿਚ 25 ਵਾਰ ਇਹ ਕਰੈਡਿਟ ਲਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਅਤੇ ਪਾਕਿਸਤਾਨ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡਿੱਗਣ ਦਾ ਦਾਅਵਾ ਵੀ ਕੀਤਾ ਹੈ। ਟਰੰਪ ਨੇ ਵਾਈਟ ਹਾਊਸ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਸੀ ਅਤੇ ਕਿਸੇ ਵੀ ਸਮੇਂ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਵੀ ਹੋ ਸਕਦਾ ਸੀ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਜੂਨ ਨੂੰ ਸੀਜਫਾਇਰ ਹੋਇਆ ਸੀ ਅਤੇ ਉਸ ਸਮੇਂ ਟਰੰਪ ਨੇ ਜੰਗਬੰਦੀ ਕਰਾਉਣ ਦਾ ਦਾਅਵਾ ਕੀਤਾ ਸੀ। ਟਰੰਪ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਲੜਾਈ ਨਹੀਂ ਰੁਕੀ ਤਾਂ ਅਮਰੀਕਾ ਇਨ੍ਹਾਂ ਦੇਸ਼ਾਂ ਨਾਲ ਵਪਾਰ ਰੋਕ ਦੇਵੇਗਾ।

