-9.4 C
Toronto
Thursday, January 15, 2026
spot_img
Homeਭਾਰਤਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ ਤੋਂ ਬਾਅਦ ਬੋਲੇ ਮੁੱਖ ਮੰਤਰੀ ਅਰਵਿੰਦ...

ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ ਤੋਂ ਬਾਅਦ ਬੋਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਕਿਹਾ : ਸੀਬੀਆਈ ਦੀ ਰੇਡ ਸਾਡੇ ਚੰਗੇ ਕੰਮਾਂ ਦਾ ਇਨਾਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅੱਜ ਸੀਬੀਆਈ ਵੱਲੋਂ ਛਾਪਾ ਮਾਰਿਆ ਗਿਆ। ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਦੇ ਘਰ ਸੀਬੀਆਈ ਦਾ ਛਾਪਾ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਦਾ ਨਤੀਜਾ ਹੈ। ਜਿਸ ਦੀ ਵਿਸ਼ਵ ਪੱਧਰ ’ਤੇ ਸ਼ਲਾਘਾ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੀਬੀਆਈ ਦੇ ਛਾਪੇ ਇਸ ਤੋਂ ਪਹਿਲਾਂ ਵੀ ਪੈ ਚੁੱਕੇ ਹਨ ਪ੍ਰੰਤੂ ਉਦੋਂ ਵੀ ਕੁੱਝ ਨਹੀਂ ਸਾਹਮਣੇ ਆਇਆ ਅਤੇ ਅੱਜ ਵੀ ਕੁੱਝ ਸਾਹਮਣੇ ਆਉਣ ਵਾਲਾ ਨਹੀਂ। ਕੇਜਰੀਵਾਲ ਨੇ ਕਿਹਾ ਕਿ 18 ਅਗਸਤ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਅਖ਼ਬਾਰ ਦ ਨਿਊਯਾਰਕ ਟਾਈਮ ਦੇ ਫਰੰਟ ਪੇਜ਼ ’ਤੇ ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ਼ ਅਤੇ ਮਨੀਸ਼ ਸਿਸੋਦੀਆ ਦੀ ਤਸਵੀਰ ਛਪੀ ਹੈ ਅਤੇ ਅੱਜ ਸਿਸੋਦੀਆ ਦੇ ਘਰ ਕੇਂਦਰ ਸਰਕਾਰ ਨੇ ਸੀਬੀਆਈ ਭੇਜ ਦਿੱਤੀ ਸੀ। ਕਿਉਂਕਿ ਅਖਬਾਰ ਦੀ ਇਸ ਰਿਪੋਰਟ ’ਚ ਕਿਹਾ ਗਿਆ ਸੀ ਕਿ ਜਿੱਥੇ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਪਹਿਚਾਣ ਖਰਾਬ ਇਮਾਰਤਾਂ, ਬਿਜਲੀ ਸਹੂਲਤ ਨਾ ਹੋਣਾ, ਮਿਸ ਮੈਨੇਜਮੈਂਟ ਸੀ, ਉਥੇ ਹੀ ਹੁਣ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਕੂਲਾਂ ਦੀ ਤਸਵੀਰ ਬਦਲ ਦਿੱਤੀ ਹੈ। ਜਿਸ ਲਈ ਉਨ੍ਹਾਂ ਨੇ ਬਜਟ ਦਾ ਵੱਡਾ ਹਿੱਸਾ ਖਰਚ ਕੀਤਾ ਹੈ। ਰਿਪੋਰਟ ’ਚ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ’ਚ ਆਏ ਬਦਲਾਅ ਦਾ ਜ਼ਿਕਰ ਵਿਦਿਆਰਥੀਆਂ ਅਤੇ ਲੋਕਾਂ ਵੱਲੋਂ ਕੀਤਾ ਗਿਆ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਉਨ੍ਹਾਂ ਦੀ ਤਸਵੀਰ ਅਮਰੀਕਾ ਦੇ ਸਭ ਤੋਂ ਵੱਡੇ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਛਪੀ ਹੈ ਅਤੇ ਅੱਜ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਘਰ ਸੀਬੀਆਈ ਭੇਜ ਦਿੱਤੀ। ਇਹ ਉਨ੍ਹਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਕੰਮਾਂ ਦਾ ਨਤੀਜਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ।

 

RELATED ARTICLES
POPULAR POSTS