ਵਿਧਾਇਕ ਪਰਗਟ ਸਿੰਘ ਬੋਲੇ : ਇਸ ਦੀ ਹੋਵੇ ਜਾਂਚ, ਸਰਕਾਰ ਇਨਕਮ ਵਧਣ ਦਾ ਕਰ ਰਹੀ ਹੈ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਪਈ ਸੀਬੀਆਈ ਰੇਡ ਦਾ ਸੇਕ ਪੰਜਾਬ ਤੱਕ ਪਹੰੁਚ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਐਕਸਾਈਜ ਪਾਲਿਸੀ ਦੀ ਵੀ ਜਾਂਚ ਦੀ ਮੰਗ ਉਠਣ ਲੱਗੀ ਹੈ। ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਵੱਲੋਂ ਇਹ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ਦਿੱਲੀ ਵਰਗੀ ਪਾਲਿਸੀ ਬਣਾਈ ਗਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਰਾਜ ਜਾਂ ਦੇਸ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਪਾਲਿਸੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਨਵੀਂ ਐਕਸਾਈਜ ਪਾਲਿਸੀ ਨਾਲ ਆਮਦਨੀ ’ਚ ਪੰਜ ਮਹੀਨਿਆਂ ’ਚ 43.47 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਰਗਟ ਸਿੰਘ ਨੇ ਅੱਗੇ ਕਿਹਾ ਕਿ ਐਕਸਾਈਜ ਪਾਲਿਸੀ ਨੂੰ ਲੈ ਕੇ ਲੈਫਟੀਨੈਂਟ ਗਵਰਨਰ ਨੇ ਸੀਬੀਆਈ ਨੂੰ ਜਾਂਚ ਕਰਨ ਦੇ ਲਈ ਕਿਹਾ ਸੀ। ਜਿਸ ’ਚ ਹੋਈ ਗੜਬੜ ਦਾ ਪਤਾ ਲਗਾਉਣ ਲਈ ਕਿਹਾ ਗਿਆ ਸੀ। ਏਜੰਸੀ ਦਾ ਮਿਸਯੂਜ ਹੋਣਾ ਗਲਤ ਹੈ ਪ੍ਰੰਤੂ ਫੈਕਟ ਸਾਹਮਣੇ ਆਉਣੇ ਚਾਹੀਦੇ ਹਨ। ਜੇਕਰ ਐਕਸਾਈਜ ਪਾਲਿਸੀ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਹੋ ਰਹੀ ਹੈ ਤਾਂ ਇਸ ’ਚ ਕੋਈ ਬੁਰਾਈ ਨਹੀਂ।