ਮਾਲਿਆ ‘ਤੇ ਹੈ 9000 ਕਰੋੜ ਰੁਪਏ ਦੇ ਘਪਲੇ ਦਾ ਦੋਸ਼
ਮੁੰਬਈ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੁਝ ਹਫ਼ਤੇ ਪਹਿਲਾਂ ਬਰਤਾਨੀਆ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕੇ ਇੱਕ ਹੋਰ ਝਟਕਾ ਦਿੱਤਾ ਹੈ। ਮਾਲਿਆ ਅਜਿਹਾ ਪਹਿਲਾ ਕਾਰੋਬਾਰੀ ਬਣ ਗਿਆ ਹੈ ਜਿਸ ਨੂੰ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਗਿਆ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਕਿ ਵਿਜੈ ਮਾਲਿਆ ਜੋ ਇਸ ਸਮੇਂ ਬਰਤਾਨੀਆ ਵਿਚ ਰਹਿ ਰਿਹਾ ਹੈ, ਨੂੰ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇ ਤਾਂ ਜੋ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕੇ ਤੇ ਉਸ ਨੂੰ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਲਿਆਂਦਾ ਜਾ ਸਕੇ। ਵਿਸ਼ੇਸ਼ ਜੱਜ ਐੱਮਐੱਸ ਆਜ਼ਮੀ ਨੇ ਵਿਜੈ ਮਾਲਿਆ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੀ ਧਾਰਾ 12 ਤਹਿਤ ਵਿਜੈ ਮਾਲਿਆ ਨੂੰ ਭਗੌੜਾ ਐਲਾਨ ਦਿੱਤਾ।
ਅਦਾਲਤ ਨੇ ਈਡੀ ਦੀ ਅਪੀਲ ਦੇ ਇੱਕ ਹਿੱਸੇ ‘ਤੇ ਹੁਕਮ ਜਾਰੀ ਕੀਤੇ ਹਨ। ਅਪੀਲ ਦੂਜੇ ਹਿੱਸੇ ਜਿਸ ਵਿਚ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਗਈ ਹੈ, ‘ਤੇ ਸੁਣਵਾਈ 5 ਫਰਵਰੀ ਨੂੰ ਕੀਤੀ ਜਾਵੇਗੀ। ਮਾਲਿਆ ਦੇ ਵਕੀਲਾਂ ਨੇ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ‘ਤੇ ਚਾਰ ਹਫ਼ਤਿਆਂ ਲਈ ਰੋਕ ਲਗਾਈ ਜਾਵੇ ਤਾਂ ਜੋ ਉਹ ਹੁਕਮਾਂ ਦੀ ਪੂਰੀ ਕਾਪੀ ਹਾਸਲ ਕਰਨ ਮਗਰੋਂ ਹਾਈ ਕੋਰਟ ਜਾ ਸਕਣ। ਪਰ ਅਦਾਲਤ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਕੋਈ ਵੀ ਅਦਾਲਤ ਵਿੱਤੀ ਭਗੌੜਾ ਅਪਰਾਧ ਕਾਨੂੰਨ ਤਹਿਤ ਆਪਣੇ ਹੁਕਮਾਂ ‘ਤੇ ਰੋਕ ਨਹੀਂ ਲਗਾ ਸਕਦੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …