ਕਿਹਾ – ਆਮ ਆਦਮੀ ਪਾਰਟੀ ਬਣਾਉਣ ਦਾ ਫ਼ੈਸਲਾ ਸੀ ਗਲਤ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ‘ਆਪ’ ਨੂੰ ਨਿਸ਼ਾਨਾ ਬਣਾਉਂਦਿਆਂ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ 2011 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲੇ ਕੌਮੀ ਪੱਧਰ ਦੇ ਅੰਦੋਲਨ ਮਗਰੋਂ 2012 ਵਿੱਚ ਸਿਆਸੀ ਪਾਰਟੀ ਦੇ ਗਠਨ ਦਾ ਫ਼ੈਸਲਾ ਗਲਤ ਸੀ।
ਫੂਲਕਾ ਨੇ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਵੱਡੇ ਅੰਦੋਲਨ ਦੀ ਲੋੜ ਹੈ ਜੋ ਸਿਆਸੀ ਪਾਰਟੀਆਂ ਦੇ ਬਰਾਬਰ ਕੰਮ ਕਰੇ। ਫੂਲਕਾ ਨੇ ਸਿਆਸਤ ਵਿੱਚ ਜਾਣ ਨੂੰ ਭੁੱਲ ਕਰਾਰ ਦਿੱਤਾ ਤੇ ਕਿਹਾ ਕਿ ਉਹ ਇਹ ਸਮਝ ਕੇ ਸਿਆਸਤ ਵਿਚ ਆਏ ਸਨ ਕਿ ਆਪਣੀ ਲੜਾਈ ਨੂੰ ਸਿਆਸੀ ਮੰਚ (‘ਆਪ’) ਤੋਂ ਸਮਾਜਿਕ ਹਿੱਤਾਂ ਲਈ ਲਿਜਾਣਗੇ ਪਰ ਪਿਛਲੇ 5 ਸਾਲਾਂ ਦੌਰਾਨ ਉਨ੍ਹਾਂ ਸਮਝਿਆ ਕਿ ਰਾਜਨੀਤੀ ਵਿੱਚ ਆਉਣਾ ਗਲਤ ਸੀ।
ਫੂਲਕਾ ਨੇ ਕਿਹਾ ਕਿ ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਅੰਦੋਲਨ ਦੀ ਲੋੜ ਹੈ ਜਿਸ ਨੂੰ ਸਿਆਸੀ ਦਲ ਅੱਖੋਂ-ਪਰੋਖੇ ਨਾ ਕਰ ਸਕਣ।
‘ਆਪ’ ਦੇ ਸਮਾਜਿਕ ਏਜੰਡੇ ਬਾਰੇ ਪੁੱਛੇ ਗਏ ਸਵਾਲ ਤੇ ‘ਆਪ’ ਆਗੂਆਂ ਨਾਲ ਮਤਭੇਦ ਬਾਰੇ ਉਨ੍ਹਾਂ ਲੋਕਾਂ ਨੂੰ ਹੀ ਅਨੁਮਾਨ ਲਾਉਣ ਲਈ ਆਖ ਦਿੱਤਾ। ਫੂਲਕਾ ਨੇ ਲੋਕ ਸਭਾ ਚੋਣਾਂ ਬਾਰੇ ਕਿਹਾ ਕਿ ਉਹ ਪੰਜਾਬ ਵਿੱਚੋਂ ਕਿਤੇ ਵੀ ਚੋਣ ਲੜ ਕੇ ਜਿੱਤ ਸਕਦੇ ਹਨ ਪਰ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ।
ਉਨ੍ਹਾਂ ਦੱਸਿਆ ਕਿ ਹਮਖ਼ਿਆਲ ਲੋਕਾਂ ਨਾਲ ਮਿਲ ਕੇ ਅਗਲੇ 6 ਮਹੀਨਿਆਂ ਦੌਰਾਨ ਅੰਦੋਲਨ ਖੜ੍ਹਾ ਕਰਨਗੇ ਤੇ ਉਨ੍ਹਾਂ ਸਵਰਾਜ ਅਭਿਆਨ ਬਾਰੇ ਵੀ ਹਾਂ-ਪੱਖੀ ਹੁੰਗਾਰਾ ਭਰਿਆ ਤੇ ਉਮੀਦ ਜ਼ਾਹਰ ਕੀਤੀ ਕਿ ‘ਆਪ’ ਤੋਂ ਨਿਰਾਸ਼ ਹੋ ਕੇ ਗਏ ਬੁੱਧੀਜੀਵੀਆਂ, ਵਕੀਲਾਂ, ਡਾਕਟਰਾਂ ਤੇ ਹੋਰ ਸ਼ਖ਼ਸੀਅਤਾਂ ਦਾ ਉਨ੍ਹਾਂ ਨੂੰ ਸਾਥ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ ਤੇ ਭਰੋਸਾ ਦਿੱਤਾ ਕਿ ਸੱਜਣ ਕੁਮਾਰ ਵਾਂਗ ਹੀ ਹੋਰ ਦੋਸ਼ੀਆਂ ਖ਼ਿਲਾਫ਼ ਵੀ ਕਾਨੂੰਨੀ ਲੜਾਈ ਜਾਰੀ ਰਹੇਗੀ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …