ਕਈਆਂ ਦਾ ਲਵਾਇਆ ਜੇਲ੍ਹ ‘ਚ ਡੇਰਾ, ਕਈਆਂ ਦੀ ਤਿਆਰੀ
ਪਟਿਆਲਾ/ਬਿਊਰੋ ਨਿਊਜ਼
ਭਾਰਤੀ ਲੋਕਾਂ ਵਿਚ ਅੰਨ੍ਹੀ ਸ਼ਰਧਾ ਕਾਰਨ ਕਈ ਅਖੌਤੀ ਬਾਬੇ ਮੌਜਾਂ ਮਾਣਦੇ ਰਹੇ। ਕਈ ਪੁਲਿਸ ਦੀ ਪਕੜ ਵਿਚ ਆ ਗਏ ਅਤੇ ਅਦਾਲਤਾਂ ਨੇ ਜੇਲ੍ਹ ਵਿਚ ਡੇਰੇ ਲਵਾਏ। ਭਾਵੇਂ ਕਿ ਕਾਨੂੰਨ ਲੋਕਾਂ ਦੀ ਸ਼ਰਧਾ ਨਾਲ ਕਿਸੇ ਤਰ੍ਹਾਂ ਦੇ ਖਿਲਵਾੜ ਦੀ ਇਜਾਜ਼ਤ ਨਹੀਂ ਦਿੰਦਾ ਪਰ ਇਹ ਬਾਬੇ ਭੋਲੇ-ਭਾਲੇ ਲੋਕਾਂ, ਖਾਸ ਕਰ ਔਰਤ ਸ਼ਰਧਾਲੂਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਰੰਗਰਲੀਆਂ ਮਨਾਉਣ ਤੋਂ ਪਿੱਛੇ ਨਹੀਂ ਹਟਦੇ। ઠਅੰਧ-ਵਿਸ਼ਵਾਸੀ ਲੋਕ ਆਪਣੀਆਂ ਨੌਜਵਾਨ ਬੱਚੀਆਂ ਨੂੰ ਵੀ ਇਨ੍ਹਾਂ ਅਖੌਤੀ ਬਾਬਿਆਂ ਦੇ ਡੇਰਿਆਂ ਵਿਚ ਆਪ ਜਾ ਕੇ ਛੱਡ ਕੇ ਆਉਂਦੇ ਹਨ, ਜਿਨ੍ਹਾਂ ‘ਤੇ ਇਹ ਮਸਤੀ ਕਰਦੇ ਰਹਿੰਦੇ ਹਨ। ਜਦੋਂ ਇਨ੍ਹਾਂ ਦੀ ਸਚਾਈ ਸਾਹਮਣੇ ਆ ਜਾਂਦੀ ਹੈ, ਉਦੋਂ ਵੀ ਇਹ ਲੋਕ ਸੱਚ ਨਹੀਂ ਮੰਨਦੇ।
ਇਸ ਤੋਂ ਸਾਫ ਝਲਕਦਾ ਹੈ ਕਿ ਆਖਰ ਸਾਡੇ ਭਾਰਤੀ ਲੋਕ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਬੀਮਾਰ ਹੋ ਚੁੱਕੇ ਹਨ ਤਾਂ ਹੀ ਅਜਿਹੇ ਡੇਰੇ ਤੇਜ਼ੀ ਨਾਲ ਖੁੰਬਾਂ ਦੀ ਤਰ੍ਹਾਂ ਵਧ ਰਹੇ ਹਨ। ਦੇਸ਼ ਅੰਦਰ ਸਮੇਂ ਦੀਆਂ ਸਰਕਾਰਾਂ ਦੀਆਂ ਲੂੰਬੜ-ਚਾਲਾਂ ਦੀ ਭੇਟ ਚੜ੍ਹੀ ਨੌਜਵਾਨ ਪੀੜ੍ਹੀ ਬੇਰੋਜ਼ਗਾਰ ਹੋਣ ਕਰਕੇ ਡੇਰਿਆਂ ਦੇ ਪੈਰੋਕਾਰ ਬਣ ਜਾਂਦੀ ਹੈ। ਜੋ ਸੱਚ ਮੰਨਣ ਲਈ ਤਿਆਰ ਨਹੀਂ ਹੁੰਦੇ। ਉਲਟਾ ਪਖੰਡਵਾਦ ਨੂੰ ਵਧਾਉਣ ਵਾਲੇ ਇਹ ਬਾਬੇ ਜਦੋਂ ਉੱਚੀਆਂ ਇਮਾਰਤਾਂ ਦੀ ਸਿਖਰ ਨੂੰ ਛੂਹਣ ਲੱਗ ਜਾਂਦੇ ਹਨ, ਉਸ ਵੇਲੇ ਇਹ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਜਾਂਦੇ ਹਨ। ਉਦੋਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਅੱਖਾਂ ਕੱਢ ਕੇ ਦਿਖਾਉਣ ਲੱਗ ਜਾਂਦੇ ਹਨ। ਅਦਾਲਤਾਂ ਨੂੰ ਵੀ ਟਿੱਚ ਜਾਣਦੇ ਹਨ। ઠਹੁਣ ਅਦਾਲਤਾਂ ਵੱਲੋਂ ਵਰਤੀ ਜਾ ਰਹੀ ਸਖਤੀ ਦੇ ਬਾਵਜੂਦ ਵੀ ਇਹ ਆਪਣੇ ਹੀ ਦੇਸ਼ ਅੰਦਰ ਆਮ ਲੋਕਾਂ ਦੇ ਜੀਵਨ ਨਾਲ ਖੇਡਣ ਦੀ ਕੋਈ ਪ੍ਰਵਾਹ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ 2017 ਵਰ੍ਹੇ ਦੌਰਾਨ ਪਖੰਡਵਾਦ ਵਿਚ ਘਿਰੇ ‘ਬਾਬਿਆਂ’ ਦੀ ਗਿਣਤੀ ਵਿਚ ਔਰਤਾਂ ਦੇ ਲਾਲਸੀ ਘੇਰੇ ਵਿਚ ਆਏ। ਇਨ੍ਹਾਂ ਵਿਚ ਗੁਰਮੀਤ ਰਾਮ ਰਹੀਮ ਸਿੰਘ ਡੇਰਾ ਸਿਰਸਾ ਮੁਖੀ, ਫਲਾਹਾਰੀ ਬਾਬਾ, ਵੀਰੇਂਦਰ ਬਾਬਾ ਤੇ ਓਮ ਬਾਬਾ ਆਦਿ ਦੇ ਨਾਂ ਸ਼ਾਮਲ ਹਨ। ਸੰਤ ਆਸਾ ਰਾਮ, ਸੰਤ ਰਾਮਪਾਲ, ਰਾਧੇ ਮਾਂ, ਸਵਾਮੀ ਨਿਤਿਆਨੰਦ ਤੇ ਸਵਾਮੀ ਭੀਮਾਨੰਦ ਦੇ ਨਾਂ ਵੀ ਇਨ੍ਹਾਂ ਵਿਚ ਸ਼ਾਮਲ ਹਨ। ਇਨ੍ਹਾਂ ਵਿਚੋਂ ਕਈ ਜੇਲ੍ਹ ਦੀ ਹਵਾ ਵੀ ਖਾ ਰਹੇ ਹਨ। ਕਈਆਂ ਦੀ ਤਿਆਰੀ ਹੈ। ਇਨ੍ਹਾਂ ਦੇ ਜੇਲ੍ਹ ਅੰਦਰ ਜਾਣ ਦੇ ਬਾਵਜੂਦ ਵੀ ਲੋਕ ਇਨ੍ਹਾਂ ਦੇ ਕਿਰਦਾਰ ਅਤੇ ਪਰਦੇ ਪਿੱਛੇ ਝੂਠ ਦੇ ਪੁਲੰਦੇ ਨੂੰ ਸਮਝਣ ਵਿਚ ਦੇਰੀ ਕਿਉਂ ਕਰਦੇ ਹਨ? ਇਹ ਕੋਈ ਵੱਡਾ ਕਾਰਾ ਕਰ ਦਿੰਦੇ ਹਨ ਤਾਂ ਸਰਕਾਰਾਂ ਵੀ ਉਦੋਂ ਹੀ ਜਾਗਦੀਆਂ ਹਨ। ਸਮੇਂ ਦੀਆਂ ਸਰਕਾਰਾਂ ਦੇ ਰਾਜਨੀਤਕ ਆਗੂ ਇਹ ਸੋਚਦੇ ਹਨ ਕਿ ਸਾਨੂੰ ਰਾਜਨੀਤੀ ਵਿਚ ਸਦਾ ਲਈ ਆਪਣੀ ਹੋਂਦ ਬਰਕਰਾਰ ਰੱਖਣ ਪ੍ਰਤੀ ਇਹ ਬਾਬੇ ਹੀ ਸਹਾਈ ਹੋਣਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …