Breaking News
Home / ਹਫ਼ਤਾਵਾਰੀ ਫੇਰੀ / ਭਾਰਤ ਨੇ ਪਾਕਿ ‘ਚ ਦਾਖਲ ਹੋ ਕੇ ਮਾਰੇ 38 ਅੱਤਵਾਦੀ

ਭਾਰਤ ਨੇ ਪਾਕਿ ‘ਚ ਦਾਖਲ ਹੋ ਕੇ ਮਾਰੇ 38 ਅੱਤਵਾਦੀ

14469705_793066247500083_4588704017172855511_n-copy-copyਨਵੀਂ ਦਿੱਲੀ/ਬਿਊਰੋ ਨਿਊਜ਼
ਉੜੀ ਹਮਲੇ ਦੇ 10 ਦਿਨਾਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ ਵੜ ਕੇ 38 ਅੱਤਵਾਦੀ ਮਾਰ ਮੁਕਾਏ। ਵੀਰਵਾਰ ਨੂੰ ਇੰਡੀਅਨ ਆਰਮੀ ਨੇ ਵੱਡਾ ਖੁਲਾਸਾ ਕੀਤਾ ਕਿ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਕੈਂਪ ਤਬਾਹ ਕੀਤੇ ਗਏ ਹਨ। ਆਰਮੀ ਨੇ ਅੰਕੜੇ ਤਾਂ ਨਸ਼ਰ ਨਹੀਂ ਕੀਤੇ ਪਰ ਮੀਡੀਆ ਰਿਪੋਰਟਾਂ ਅਤੇ ਸੂਤਰਾਂ ਦੇ ਹਵਾਲਿਆਂ ਨਾਲ ਆ ਰਹੀਆਂ ਖਬਰਾਂ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਵਲੋਂ ਕੀਤੇ ਗਏ ‘ਸਰਜੀਕਲ ਸਟਰਾਈਕ’ ਨਾਮ ਦੇ ਅਪਰੇਸ਼ਨ ਵਿਚ ਐਲ ਓ ਸੀ ਦੇ ਪਾਰ ਜਾ ਕੇ ਅੱਤਵਾਦੀਆਂ ਦੇ 7 ਕੈਂਪ ਤਬਾਹ ਕਰ ਦਿੱਤੇ ਗਏ ਹਨ। ਭਾਰਤੀ ਜਵਾਨ ਤਿੰਨ ਕਿਲੋਮੀਟਰ ਤੱਕ ਪਾਕਿਸਤਾਨ ਦੇ ਅੰਦਰ ਵੜੇ ਅਤੇ ਉਹਨਾਂ 38 ਅੱਤਵਾਦੀਆਂ ਨੂੰ ਮਾਰ ਮੁਕਾਇਆ। ਵੀਰਵਾਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਵਾਪਸ ਭਾਰਤੀ ਸਰਹੱਦ ਵਿਚ ਜੇਤੂ ਹੋ ਕੇ ਪਰਤ ਆਏ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੀ ਕਾਰਵਾਈ ਦੌਰਾਨ ਪਾਕਿਸਤਾਨ ਆਰਮੀ ਨੇ ਵੀ ਕਰਾਸ ਫਾਇਰਿੰਗ ਕੀਤੀ ਜਿਸ ਵਿਚ ਪਾਕਿਸਤਾਨੀ ਫੌਜ ਦੇ ਦੋ ਸੈਨਿਕ ਵੀ ਮਾਰੇ ਗਏ।
ਭਾਰਤੀ ਮੀਡੀਆ ਵਿਚ ਜਿੱਥੇ ਇੰਡੀਅਨ ਆਰਮੀ ਦੇ ਜਵਾਨਾਂ ਦੀ ਇਸ ਦਲੇਰਨੁਮਾ ਕਾਰਵਾਈ ਨੂੰ ਸਲਿਊਟ ਕੀਤਾ ਜਾ ਰਿਹਾ ਹੈ, ਉਥੇ ਹੀ ਪਾਕਿਸਤਾਨੀ ਮੀਡੀਆ ਇਸ ਸਰਜੀਕਲ ਸਟਰਾਈਕ ਦੇ ਦਾਅਵੇ ਨੂੰ ਨਕਾਰ ਰਿਹਾ ਹੈ। ਪਾਕਿਸਤਾਨੀ ਇਸ ਨੂੰ ਸਿਰਫ ਸੀਮਾ ਪਾਰ ਤੋਂ ਫਾਇਰਿੰਗ ਦੱਸ ਰਿਹਾ ਹੈ ਪਰ ਉਸ ਨੇ ਇਹ ਤਾਂ ਮੰਨ ਲਿਆ ਹੈ ਕਿ ਉਸਦੀ ਫੌਜ ਦੇ ਦੋ ਸੈਨਿਕ ਮਾਰੇ ਗਏ ਹਨ। ਅੱਤਵਾਦੀ ਕੈਂਪਾਂ ਦੇ ਸਫਾਏ ਅਤੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਗੱਲ ਨਾ ਤਾਂ ਪਾਕਿਸਤਾਨ ਸਰਕਾਰ ਮੰਨਣ ਨੂੰ ਤਿਆਰ ਹੈ ਤੇ ਨਾ ਹੀ ਪਾਕਿਸਤਾਨੀ ਮੀਡੀਆ। ਦੂਜੇ ਪਾਸੇ ਕੇਂਦਰ ਸਰਕਾਰ ਦੇ ਨਾਲ-ਨਾਲ ਸਮੂਹ ਰਾਜਨੀਤਕ ਪਾਰਟੀਆਂ ਨੇ ਵੀ ਭਾਰਤੀ ਫੌਜ ਦੀ ਇਸ ਕਾਰਵਾਈ ਨੂੰ ਸਹੀ ਕਰਾਰ ਦਿੰਦਿਆਂ ਹੋਇਆਂ ਆਪਣੇ ਫੌਜੀ ਜਵਾਨਾਂ ਦਾ ਹੌਸਲਾ ਵਧਾਉਂਦਿਆਂ ਆਖਿਆ ਹੈ ਕਿ ਅਸੀਂ ਸਭ ਤੁਹਾਡੇ ਨਾਲ ਹਾਂ।
ਸਰਹੱਦ ਨਾਲ ਲੱਗਦੇ ਪਿੰਡ ਖਾਲੀ ਕਰਨ ਦੇ ਹੁਕਮ
ਚੰਡੀਗੜ੍ਹ : ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਤੱਕ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਪਿੰਡਾਂ ਵਿੱਚ ਲਾਊਡ ਸਪੀਕਰਾਂ ਰਾਹੀਂ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਇਨ੍ਹਾਂ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਹੈ। ਵੀਰਵਾਰ ਦੁਪਹਿਰ ਹੁੰਦੇ-ਹੁੰਦੇ ਪਿੰਡ ਖਾਲੀ ਕਰਨ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਂਦਿਆਂ ਪਿੰਡ ਵਾਸੀਆਂ ਨੇ ਸਮਾਨ ਬੰਨ੍ਹ ਰੇਹੜਿਆਂ, ਟਰਾਲੀਆਂ ਅਤੇ ਕਿਰਾਏ ਦੇ ਟੈਂਪੂ, ਟਰੱਕਾਂ ‘ਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿੱਤੇ।
ਦੇਸ਼ ਵਾਸੀਆਂ ਨਾਲ ਸਾਰੇ ਸਿਆਸੀ ਦਲ ਵੀ ਫੌਜ ਦੇ ਹੱਕ ਵਿਚ ਇਕਜੁੱਟ ਹੋ ਡਟੇ
ਚੰਡੀਗੜ੍ਹ : ਪੂਰੇ ਦੇਸ਼ ਵਾਸੀਆਂ ਦੇ ਨਾਲ-ਨਾਲ ਸਮੁੱਚੀਆਂ ਰਾਜਨੀਤਕ ਪਾਰਟੀਆਂ ਵੀ ਭਾਰਤੀ ਫੌਜ ਨਾਲ ਡਟ ਕੇ ਖੜ੍ਹੀਆਂ ਹਨ। ਰਾਸ਼ਟਰੀ ਰਾਜਨੀਤਿਕ ਦਲ ਜਿੱਥੇ ਮੋਦੀ ਸਰਕਾਰ ਦੇ ਨਾਲ ਖੜ੍ਹੇ ਹਨ, ਉਥੇ ਸਰਹੱਦ ਦੇ ਨਾਲ ਲੱਗਦੇ ਪੰਜਾਬ ਸੂਬੇ ਦੇ ਸਮੂਹ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਇਸ ਮੌਕੇ ਫੌਜ ਦੀ ਮੱਦਦ ਲਈ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਅਕਾਲੀ-ਭਾਜਪਾ ਬਤੌਰ ਦਲ ਤੇ ਬਤੌਰ ਸਰਕਾਰ ਕੰਮ ਵਿਚ ਜੁਟ ਗਈ ਹੈ। ਇੰਝ ਹੀ ਪੰਜਾਬ ਕਾਂਗਰਸ ਤੇ ‘ਆਪ’ ਸਮੇਤ ਹੋਰ ਦਲ ਵੀ ਫੌਜ ਦੇ ਨਾਲ ਮੋਢਾ ਲਾ ਖੜ੍ਹ ਗਏ ਹਨ।
ਸਰਹੱਦ ਨੇੜਲੇ ਸਕੂਲ ਤੇ ਮੈਰਿਜ ਪੈਲੇਸ ਫੌਜੀ ਛਾਉਣੀ ਬਣਾਉਣ ਲਈ ਕਰਵਾਏ ਖਾਲੀ
ਅੰਮ੍ਰਿਤਸਰ : ਭਾਰਤ ਦੇ ਸਰਜੀਕਲ ਸਟਰਾਈਕ ਤੋਂ ਬਾਅਦ ਸਰਹੱਦ ‘ਤੇ ਪੈਦਾ ਹੋਈ ਤਣਾਅ ਦੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਸਰਹੱਦੀ ਇਲਾਕੇ ਦੇ ਸਕੂਲ ઠ2 ਅਕਤੂਬਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਸਮੇਤ ਪਾਕਿਸਤਾਨ ਨਾਲ ਲੱਗਣ ਵਾਲੀ ਭਾਰਤ ਦੀ ਸਰਹੱਦ ਦੇ ਨੇੜਲੇ ਇਲਾਕਿਆਂ ਵਿਚ ਸਕੂਲਾਂ, ਕਾਲਜਾਂ ਅਤੇ ਮੈਰਿਜ ਪੈਲੇਸਾਂ ਆਦਿ ਨੂੰ ਖਾਲੀ ਕਰਵਾ ਲਿਆ ਗਿਆ ਹੈ ਤਾਂ ਕਿ ਲੋੜ ਪੈਣ ‘ਤੇ ਉਨ੍ਹਾਂ ਦੀ ਵਰਤੋਂ ਫੌਜੀ ਛਾਉਣੀਆਂ ਲਈ ਕੀਤੀ ਜਾ ਸਕੇ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …