Breaking News
Home / ਭਾਰਤ / ਭਾਰਤ ਤੇ ਫਰਾਂਸ ਵਿਚਾਲੇ ਰਾਫੇਲ ਸਮਝੌਤਾ

ਭਾਰਤ ਤੇ ਫਰਾਂਸ ਵਿਚਾਲੇ ਰਾਫੇਲ ਸਮਝੌਤਾ

1504696__14-copy-copyਹਵਾਈ ਫੌਜ ਨੂੰ ਸਤੰਬਰ 2019 ਵਿਚ ਮਿਲੇਗਾ ਪਹਿਲਾ ਲੜਾਕੂ ਜਹਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਲੰਮੇ ਸਮੇਂ ਤੋਂ ਉਡੀਕੇ ਜਾ ਰਹੇ 7.871 ਅਰਬ ਯੂਰੋ (ਤਕਰੀਬਨ 58,828 ਕਰੋੜ ਰੁਪਏ) ਦੇ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਸਮਝੌਤੇ ਉਤੇ ਭਾਰਤ ਤੇ ਫਰਾਂਸ ਨੇ ਸਹੀ ਪਾਈ।
ਵਿਸ਼ੇਸ਼ ਗੱਲ ਇਹ ਹੈ ਕਿ ਸਮਝੌਤੇ ਦੀ ਕੁੱਲ ਕੀਮਤ ਦਾ 36 ਫੀਸਦੀ ਭਾਰਤ ਵਿੱਚ ਬਣੇ ਹਿੱਸਿਆਂ ਨਾਲ ਸਬੰਧਿਤ ਹੈ।ਭਾਰਤੀ ਰੱਖਿਆ ਮੰਤਰੀ ਮਨੋਹਰ ਪਰੀਕਰ ਅਤੇ ਉਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਯਾਂ ਜੀਵਾਇਜ਼ ਲੀ ਦਰਾਇਨ ਨੇ ਇਸ ਸਮਝੌਤੇ ਉਤੇ ਸਹੀ ਪਾਈ। ਭਾਰਤੀ ਹਵਾਈ ਫੌਜ (ਆਈਏਐਫ) ਲਈ ਲੜਾਕੂ ਜਹਾਜ਼ ਖਰੀਦਣ ਦਾ ਇਹ ਪਿਛਲੇ ਦੋ ਦਹਾਕਿਆਂ ਵਿੱਚ ਹੋਇਆ ਸਭ ਤੋਂ ਵੱਡਾ ਸੌਦਾ ਹੈ। ਸੰਭਾਵਨਾ ਹੈ ਕਿ ਇਸ ਨਾਲ ਹਵਾਈ ਫੌਜ ਕੋਲ ਲੜਾਕੂ ਜਹਾਜ਼ਾਂ ਦੀ ਘਾਟ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ ਅਤੇ ਇਸ ਨਾਲ ਤਕਨੀਕੀ ਤੌਰ ‘ਤੇ ਲਾਹਾ ਮਿਲੇਗਾ।
ਜ਼ਿਕਰਯੋਗ ਹੈ ਕਿ ਹਵਾਈ ਫੌਜ ਨੇ ਇਸ ਸਦੀ ਦੇ ਸ਼ੁਰੂ ਤੋਂ ਹੁਣ ਤੱਕ ਪਹਿਲੀ ਕਤਾਰ ਦਾ ਇਕ ਵੀ ਲੜਾਕੂ ਜਹਾਜ਼ ਨਹੀਂ ਖਰੀਦਿਆ। ਡਸਾਲਟ ਐਵੀਏਸ਼ਨ ਵੱਲੋਂ 36 ਮਹੀਨਿਆਂ ਵਿੱਚ ਸਤੰਬਰ 2019 ਤੱਕ ਪਹਿਲਾ ਜਹਾਜ਼ ਦਿੱਤਾ ਜਾਵੇਗਾ ਅਤੇ ਬਾਕੀ ਦੇ ਜਹਾਜ਼ ਇਸ ਤੋਂ ਅਗਲੇ 31 ਮਹੀਨਿਆਂ ਦੌਰਾਨ ਦਿੱਤੇ ਜਾਣਗੇ।
ਫਰਾਂਸ ਦੀ ਇਹ ਕੰਪਨੀ ਇਨ੍ਹਾਂ ਜਹਾਜ਼ਾਂ ਵਿੱਚ ਅਗਲੀ ਪੀੜ੍ਹੀ ਦੀਆਂ ‘ਮੀਟਿਓਰ ਤੇ ਸਕੈਲਪ’ ਵਰਗੀਆਂ ਮਿਜ਼ਾਈਲਾਂ ਲਾਉਣ ਲਈ ਭਾਰਤ ਵੱਲੋਂ ਸੁਝਾਈਆਂ ਤਬਦੀਲੀਆਂ ਕਰੇਗੀ। ਇਸ ਸਮਰੱਥਾ ਨਾਲ ਭਾਰਤ ਦਾ ਆਪਣੇ ਮੌਜੂਦਾ ਵਿਰੋਧੀਆਂ ਤੋਂ ਹੱਥ ਉਤੇ ਹੋ ਜਾਵੇਗਾ। ਇਹ ਜਹਾਜ਼ ਲੇਹ ਦੀਆਂ ਸਰਦੀਆਂ ਵਿੱਚ ਸਟਾਰਟ ਹੋਣ, ઠਰਾਡਾਰ ਜੈਮਰ ਅਤੇ ਪਾਇਲਟਾਂ ਲਈ ਹੈਲਮਟ ਵਿੱਚ ਡਿਸਪਲੇਅ ਵਰਗੀਆਂ ਸਹੂਲਤਾਂ ਨਾਲ ਲੈਸ ਹੋਣਗੇ।
ਮੀਟਿਓਰ ਬੀਵੀਆਰ (ਨਜ਼ਰ ਤੋਂ ਦੂਰ) ਸ਼੍ਰੇਣੀ ਦੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜਿਸ ਦੀ ਸਮਰੱਥਾ 150 ਕਿਲੋਮੀਟਰ ਤੱਕ ਹੈ। ਇਸ ਨਾਲ ਹਵਾਈ ਫੌਜ ਆਪਣੇ ਮੁਲਕ ਦੀ ਹੱਦ ਟੱਪੇ ਬਿਨਾਂ ਪਾਕਿਸਤਾਨ ਤੇ ਤਿੱਬਤ ਵਿੱਚ ਨਿਸ਼ਾਨੇ ਫੁੰਡਣ ਦੇ ਸਮਰੱਥ ਹੋਵੇਗੀ। ਸਕੈਲਪ ਹਵਾ ਤੋਂ ਸਮੁੰਦਰ ਵਿੱਚ ਮਾਰ ਕਰਨ ਵਾਲੀ 300 ਕਿਲੋਮੀਟਰ ਤੱਕ ਨਿਸ਼ਾਨੇ ਫੁੰਡਣ ਵਾਲੀ ਮਿਜ਼ਾਈਲ ਹੈ। ਸਮਝੌਤੇ ਮੁਤਾਬਕ ਡਸਾਲਟ ਕੰਪਨੀ ਆਪਣੇ ਦਿੱਤੇ ਘੱਟੋ-ਘੱਟ 75 ਫੀਸਦੀ ਜਹਾਜ਼ਾਂ ਨੂੰ ਹਰ ਸਮੇਂ ਤਿਆਰ ਰੱਖਣਾ ਯਕੀਨੀ ਬਣਾਏਗੀ, ਜਦੋਂ ਕਿ ਪਹਿਲੀ ਕਤਾਰ ਦੇ ਮੌਜੂਦਾ ਜਹਾਜ਼ ਸੁਖੋਈ 30-ਐਮਕੇਆਈ ਦੀ ਤਿਆਰੀ ਸਮਰੱਥਾ 60 ਫੀਸਦੀ ਹੈ। ਆਮ ਸ਼ਬਦਾਂ ਮੁਤਾਬਕ ਕੰਪਨੀ ਆਪਣੇ 36 ਵਿੱਚੋਂ 27 ਜਹਾਜ਼ਾਂ ਨੂੰ ਲੜਾਈ ਲਈ ਹਰ ਸਮੇਂ ਤਿਆਰ ਰੱਖੇਗੀ।

Check Also

ਦਿੱਲੀ ’ਚ ਵਧੇ ਪ੍ਰਦੂਸ਼ਣ ਕਾਰਨ ਪੰਜਵੀਂ ਕਲਾਸ ਤੱਕ ਦੇ ਸਕੂਲ ਕੀਤੇ ਬੰਦ

ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਬੱਸਾਂ ਵੀ ਦਿੱਲੀ ’ਚ ਨਹੀਂ ਹੋਣਗੀਆਂ ਦਾਖਲ ਨਵੀਂ ਦਿੱਲੀ/ਬਿਊਰੋ …