ਕੈਪਟਨ ਅਮਰਿੰਦਰ ਬੋਲੇ – ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ
ਕਿਸਾਨਾਂ ਦੇ ਪ੍ਰਦਰਸ਼ਨ ਦਾ ਆਈ.ਐਸ.ਆਈ.ਚੁੱਕ ਸਕਦੀ ਹੈ ਫਾਇਦਾ
ਖਟਕੜ ਕਲਾਂ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੁਪਰੀਮ ਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ-ਸੰਵਿਧਾਨਿਕ ਐਕਟਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਕਾਨੂੰਨੀ ਰਾਹ ਅਖ਼ਤਿਆਰ ਕਰਨ ਵਾਸਤੇ ਉਹ ਵਕੀਲਾਂ ਨਾਲ ਸਲਾਹ ਕਰਨਗੇ। ઠਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਕਿਸਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਕਿਸਾਨਾਂ ਦੀ ਨਾਰਾਜ਼ਗੀ ਦਾ ਲਾਹਾ ਲੈਂਦਿਆਂ ਪੂਰੇ ਮੁਲਕ ਵਿਚ ਅਸ਼ਾਂਤੀ ਫੈਲਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਅਤੇ ਕਾਨੂੰਨੀ ਪੱਧਰ ‘ਤੇ ਲੜਾਈ ਨਾਲੋਂ-ਨਾਲ ਜਾਰੀ ਰੱਖੀਆਂ ਜਾਣਗੀਆਂ। ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਨ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਮੁੱਖ ਮੰਤਰੀ ਦੀ ਅਗਵਾਈ ਹੇਠ ਸਮੁੱਚੀ ਲੀਡਰਸ਼ਿਪ ਕੇਂਦਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਧਰਨੇ ‘ਤੇ ਵੀ ਬੈਠੀ।ઠਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਦਾ ਨੌਜਵਾਨ ਅਤੇ ਕਿਸਾਨ ਆਪਣੇ ਜਿਊਣ ਦੇ ਅਧਿਕਾਰ ਦੀ ਲੜਾਈ ਲੜਨ ਲਈ ਹਥਿਆਰ ਚੁੱਕਣ। ਉਨ੍ਹਾਂ ਸਾਵਧਾਨ ਕੀਤਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ਖ਼ਤਰੇ ਵਿੱਚ ਪਵੇਗੀ ਕਿਉਂਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਹਮੇਸ਼ਾ ਹੀ ਗੜਬੜ ਫੈਲਾਉਣ ਦੇ ਮੌਕਿਆਂ ਦੀ ਤਾਕ ਵਿੱਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮਿਆਂ ਵਿਚ ਨਾਸਮਝੀ ਨਾਲ ਵਾਪਰੀ ਹਿੰਸਾ ‘ਚ ਪੰਜਾਬ ਦੀਆਂ 35000 ਜ਼ਿੰਦਗੀਆਂ ਅੱਤਵਾਦ ਦੀ ਭੇਟ ਚੜ੍ਹ ਗਈਆਂ। ‘ਪੰਜਾਬ ਵਿਚ ਹੁਣ ਸ਼ਾਂਤੀ ਹੈ ਪਰ ਜਦੋਂ ਤੁਸੀਂ ਕਿਸੇ ਦਾ ਭੋਜਨ ਖੋਹਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕੀ ਉਹ ਨਾਰਾਜ਼ ਨਹੀਂ ਹੋਵੇਗਾ? ਉਹ ਆਈਐੱਸਆਈ ਦੇ ਨਿਸ਼ਾਨੇ ‘ਤੇ ਆ ਜਾਵੇਗਾ। ਉਨ੍ਹਾਂ (ਕੇਂਦਰ ਸਰਕਾਰ) ਜੋ ਕੁਝ ਕੀਤਾ ਹੈ ਉਹ ਦੇਸ਼ ਵਿਰੋਧੀ ਕਾਰਵਾਈ ਹੈ।’ ਅਡਾਨੀ ਵਰਗੇ ਵੱਡੇ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਦੀ ਸਖ਼ਤ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਕੀ ਅਡਾਨੀ ਗਰੀਬ ਭਾਰਤੀਆਂ ਨੂੰ ਸਸਤਾ ਭੋਜਨ ਦੇਵੇਗਾ?”
ਖੇਤੀ ਕਾਨੂੰਨਾਂ ਖਿਲਾਫ ਦਸਤਖ਼ਤੀ ਮੁਹਿੰਮ 2 ਅਕਤੂਬਰ ਤੋਂ ਸ਼ੁਰੂ ਹੋਵੇਗੀ : ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ‘ਤੇ ਪੁੱਜ ਕੇ ਰੂਹ ਨੂੰ ਸਕੂਨ ਮਿਲਿਆ ਹੈ ਅਤੇ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰੰਤੂ ਉਸ ਦੇ ਭੈੜੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਰਾਵਤ ਨੇ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਦਸਤਖ਼ਤ ਮੁਹਿੰਮ ਦਾ ਐਲਾਨ ਕਰਦਿਆਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ 2 ਕਰੋੜ ਕਿਸਾਨਾਂ ਦੇ ਦਸਤਖ਼ਤਾਂ ਵਾਲੇ ਪੱਤਰ 14 ਨਵੰਬਰ ਨੂੰ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …