ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਸੁਰੱਖਿਆ ਪੱਖੋਂ ਸਭ ਤੋਂ ਅਹਿਮ ਇਲਾਕੇ ਇੰਡੀਆ ਗੇਟ ਨੇੜੇ ਪੰਜਾਬ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਖੇਤੀ ਐਕਟਾਂ ਖਿਲਾਫ਼ ਸੋਮਵਾਰ ਸਵੇਰੇ ਸਵਾ 7 ਵਜੇ ਦੇ ਕਰੀਬ ਟਰੈਕਟਰ ਸਾੜ ਕੇ ਵਿਰੋਧ ਕੀਤਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਦਿੱਲੀ ਪੁਲਿਸ ਨੇ 5 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਟਰੈਕਟਰ ਸਾੜੇ ਜਾਣ ਦੀ ਘਟਨਾ ਨਾਲ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਟਰੈਕਟਰ ਦੀ ਅੱਗ ਛੇਤੀ ਹੀ ਬੁਝਾਅ ਦਿੱਤੀ। ਨਵੀਂ ਦਿੱਲੀ ਦੇ ਡੀਸੀਪੀ ਈਸ਼ ਸਿੰਘਲ ਨੇ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ 15-20 ਕਾਰਕੁਨਾਂ ਨੇ ਰਾਜਪਥ ‘ਤੇ ਮਾਨ ਸਿੰਘ ਚੌਕ ਨੇੜੇ (ਇੰਡੀਆ ਗੇਟ ਦੇ ਸਾਹਮਣੇ) ਆਪਣੇ ਨਾਲ ਲਿਆਂਦਾ ਟਰੈਕਟਰ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਗਈ ਹੈ। ਪੰਜਾਬ ਯੂਥ ਕਾਂਗਰਸ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਸਮੇਤ ਕੁਝ ਨੌਜਵਾਨ ਅਚਾਨਕ ਟਾਟਾ 407 ਉਪਰ ਪੁਰਾਣਾ ਆਈਸ਼ਰ ਟਰੈਕਟਰ ਲੈ ਕੇ ਸਵੇਰੇ ਹੀ ਉਥੇ ਪੁੱਜ ਗਏ ਸਨ। ਉਨ੍ਹਾਂ ਟਰੈਕਟਰ ਨੂੰ ਗੱਡੀ ਤੋਂ ਸੁੱਟ ਕੇ ਉਸ ਉਪਰ ਪਰਾਲੀ ਪਾ ਕੇ ਅੱਗ ਲਾ ਦਿੱਤੀ। ਕਾਂਗਰਸ ਕਾਰਕੁਨਾਂ ਨੇ ਪੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਬਰਿੰਦਰ ਸਿੰਘ ਨੇ ਹੱਥ ਵਿੱਚ ਭਗਤ ਸਿੰਘ ਦੀ ਤਸਵੀਰ ਵੀ ਫੜੀ ਹੋਈ ਸੀ। ਉਨ੍ਹਾਂ ‘ਭਗਤ ਸਿੰਘ ਅਮਰ ਰਹੇ’ ਅਤੇ ‘ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਵੀ ਲਾਏ। ਕੁੱਝ ਨੌਜਵਾਨ ਸੜਕ ਉਪਰ ਧਰਨਾ ਦੇ ਕੇ ਬੈਠ ਗਏ।ઠ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਦਿੱਲੀ ‘ਚ ਦਿੱਤੀ ਗ੍ਰਿਫਤਾਰੀ ਅਤੇ ਮਿਲੀ ਜ਼ਮਾਨਤ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਇੰਡੀਆ ਗੇਟ ਨੇੜੇ 28 ਸਤੰਬਰ ਨੂੰ ਟਰੈਕਟਰ ਫੂਕੇ ਜਾਣ ਦੇ ਮਾਮਲੇ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ। ਬਰਿੰਦਰ ਸਿੰਘ ਢਿੱਲੋਂ ਦੇ ਨਾਲ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸ਼ੈਲਕੇ, ਰਾਸ਼ਟਰੀ ਜਨਰਲ ਸਕੱਤਰ ਹਰੀਸ ਪਵਾਰ, ਰਾਸ਼ਟਰੀ ਜਨਰਲ ਸਕੱਤਰ ਅਬਰਾਹਮ ਰਾਏ ਨੇ ਵੀ ਤਿਲਕ ਨਗਰ ਥਾਣਾ ਦਿੱਲੀ ਵਿੱਚ ਗ੍ਰਿਫ਼ਤਾਰੀ ਦਿੱਤੀ। ਇਸ ਦੇ ਚੱਲਦਿਆਂ ਅੱਜ ਬਰਿੰਦਰ ਢਿੱਲੋਂ ਨੂੰ ਜ਼ਮਾਨਤ ਵੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਪਿਛਲੇ ਦਿਨੀਂ ਦਿੱਲੀ ਵਿਚ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਅੱਗ ਲਗਾ ਕੇ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …