ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬੀ ਅਤੇ ਖਾਸ ਕਰ ਸਿੱਖ ਭਾਈਚਾਰਾ ਅੱਜ ਪੂਰੀ ਦੁਨੀਆਂ ਅੰਦਰ ਆਪਣੀ ਮਿਹਨਤ ਅਤੇ ਲਿਆਕਤ ਨਾਲ ਅੱਗੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੀ ਪੰਜਾਬੀਆਂ ਨੇ ਆਪਣੀ ਹੋਂਦ ਪੁਖਤਾ ਰੂਪ ਵਿਚ ਦਰਜ ਕਰਵਾਈ ਹੈ। ਉਨ੍ਹਾਂ ਜਸਟਿਨ ਟਰੂਡੋ ਨੂੰ ਵੱਡੀ ਧਿਰ ਵਜੋਂ ਮੁੜ ਉਭਰਨ ਲਈ ਵੀ ਮੁਬਾਰਕਬਾਦ ਦਿੱਤੀ। ਬੀਬੀ ਜਗੀਰ ਕੌਰ ਨੇ ਆਖਿਆ ਕਿ ਕੈਨੇਡਾ ਅੰਦਰ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ ਅਤੇ ਉਥੋਂ ਦੀ ਤਰੱਕੀ ਲਈ ਸਿੱਖਾਂ ਦੇ ਯੋਗਦਾਨ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਸ ਪ੍ਰਗਟਾਈ ਕਿ ਕੈਨੇਡਾ ਦੀ ਨਵੀਂ ਸਰਕਾਰ ਸਿੱਖਾਂ ਦੇ ਮਸਲਿਆਂ ਦੇ ਹੱਲ ਕਰਾਉਣ ਲਈ ਬਣਦੀ ਭੂਮਿਕਾ ਜ਼ਰੂਰ ਨਿਭਾਵੇਗੀ।