Breaking News
Home / ਪੰਜਾਬ / ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਚੰਡੀਗੜ੍ਹ ਵੱਲੋਂ ‘ਮੌਜੂਦਾ ਹਾਲਾਤ ਤੇ ਮੀਡੀਆ ਦੀ ਭੂਮਿਕਾ’ ਵਿਸ਼ੇ ‘ਤੇ ਸੰਵਾਦ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਚੰਡੀਗੜ੍ਹ ਵੱਲੋਂ ‘ਮੌਜੂਦਾ ਹਾਲਾਤ ਤੇ ਮੀਡੀਆ ਦੀ ਭੂਮਿਕਾ’ ਵਿਸ਼ੇ ‘ਤੇ ਸੰਵਾਦ

ਮੀਡੀਆ ਉਪਰ ਵੱਡੇ ਕਾਰਪੋਰੇਟਾਂ ਦੇ ਭਾਰੂ ਹੋਣ ‘ਤੇ ਚਿੰਤਾ ਦੀ ਕੀਤਾ ਪ੍ਰਗਟਾਵਾ
ਉੱਘੇ ਖੇਤੀ ਅਰਥ ਸਾਸ਼ਤਰੀ ਦਵਿੰਦਰ ਸ਼ਰਮਾ, ਕਾਰਵਾਂ ਦੇ ਸੰਪਾਦਕ ਹਰਤੋਸ਼ ਸਿੰਘ ਬੱਲ ਤੇ ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਨੇ ਰੱਖੇ ਵਿਚਾਰ
ਚੰਡੀਗੜ੍ਹ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਚੰਡੀਗੜ੍ਹ ਵੱਲੋਂ ‘ਮੌਜੂਦਾ ਹਾਲਾਤ ਤੇ ਮੀਡੀਆ ਦੀ ਭੂਮਿਕਾ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਡ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਅਤੇ ਯੂਨੀਅਨ ਵੱਲੋਂ ਪੱਤਰਕਾਰਾਂ ਦੇ ਹਿੱਤ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਸੈਮੀਨਾਰ ਦੇ ਮੁੱਖ ਬੁਲਾਰਿਆਂ ‘ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ, ਕਾਰਵਾਂ ਦੇ ਰਾਜਨੀਤਕ ਸੰਪਾਦਕ ਹਰਤੋਸ਼ ਸਿੰਘ ਬੱਲ ਅਤੇ ਉਘੇ ਖੇਤੀ ਅਰਥ ਸਾਸ਼ਤਰੀ ਦਵਿੰਦਰ ਸ਼ਰਮਾ ਸਨ ਜਦ ਕਿ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕੀਤੀ।
ਉੱਘੇ ਖੇਤੀ ਅਰਥ ਸ਼ਾਸਤਰੀ ਦਵਿੰਦਰ ਸ਼ਰਮਾ ਨੇ ਖੇਤੀ ਕਾਨੂੰਨਾਂ ਦੇ ਸੰਦਰਭ ਵਿਚ ਵਿਸਥਾਰ ਪੂਰਬਕ ਗੱਲ ਕਰਦਿਆਂ ਕਿਹਾ ਕਿ ਤਿੰਨੇ ਕਾਨੂੰਨ ਰੱਦ ਹੋਣ ਨਾਲ ਚੌਥਾ ਨਵਾਂ ਕਾਨੂੰਨ ਐਮ.ਐਸ.ਪੀ. ਦੀ ਗਰੰਟੀ ਵਾਲਾ ਬਣਨਾ ਚਾਹੀਦਾ ਹੈ। ਉਨ੍ਹਾਂ ਸਪੇਨ ਤੇ ਕੇਰਲ ਮਾਡਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਮਜ਼ਬੂਤ ਥੰਮ ਹਨ ਅਤੇ ਹੁਣ ਕਿਸਾਨ ਅੰਦੋਲਨ ਨੇ ਉਨ੍ਹਾਂ ਨੂੰ ਵਧੀਆ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਚੰਗੇ ਸਵਾਲ ਹਰ ਥਾਂ ਪੁੱਛਣੇ ਚਾਹੀਦੇ ਹਨ। ਜਿਸ ਨਾਲ ਕਿਸੇ ਵੀ ਰਾਜਸੀ ਪਾਰਟੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੁਝ ਕਰਨ ਤੋਂ ਪਹਿਲਾਂ ਚਾਰ ਵਾਰ ਸੋਚਣਾ ਪਵੇ।


ਕਾਰਵਾਂ ਦੇ ਸੰਪਾਦਕ ਹਰਤੋਸ਼ ਬੱਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਮੀਡੀਆ ‘ਤੇ ਕਬਜ਼ੇ ਅਤੇ ਆਰ.ਐਸ.ਐਸ. ਵਰਗੀਆਂ ਸ਼ਕਤੀਆਂ ਕਾਰਨ ਪੱਤਰਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਨਾਲ ਜੁੜ ਕੇ ਪੱਤਰਕਾਰ ਸਹੀ ਸਵਾਲ ਕਦੇ ਨਹੀਂ ਪੁੱਛ ਸਕਦੇ। ਉਨ੍ਹਾਂ ਕਿਹਾ ਕਿ ਅਸੀ ਟਾਈਮਜ਼ ਨਾਉ ਤੇ ਰਿਪਬਲਿਕ ਵਰਗੇ ਚੈਨਲਾਂ ਨੂੰ ਖ਼ੂਬ ਗਾਲਾਂ ਕੱਢਦੇ ਹਾਂ ਪਰ ਫੇਰ ਵੀ ਦੇਖਦੇ ਹਾਂ। ਇਸ ਕਰ ਕੇ ਲੋਕ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੀਡੀਆ ਸਰਕਾਰ ਦਾ ਅੰਗ ਬਣ ਕੇ ਰਹਿ ਗਿਆ ਹੈ। ਜਦਕਿ ਲੋੜ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਣ ਦੀ। ਸ੍ਰੀ ਬੱਲ ਨੇ ਕਿਹਾ ਕਿ ਮੌਜੂਦਾ ਸਮੇਂ ਮੀਡੀਆ ਨੂੰ ਮੁਸ਼ਕਲਾਂ ਤੇ ਰੋਕਾਂ ਦੇ ਬਾਵਜੂਦ ਜਿੰਨਾ ਹੋ ਸਕੇ ਸਹੀ ਦਿਸ਼ਾ ‘ਚ ਕੰਮ ਹੱਦਾਂ ਅੰਦਰ ਰਹਿ ਕੇ ਕਰਨਾ ਚਾਹੀਦਾ ਹੈ।
ਸਾਬਕਾ ਮੁੱਖ ਮਕੱਤਰ ਰਮੇਸ਼ ਇੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਰਾਜਨੀਤਕ ਸ਼ਕਤੀਆਂ ਇਸ ਨੂੰ ਟੂਲ ਵਜੋਂ ਇਸਤੇਮਾਲ ਕਰਨ ਲੱਗੀਆਂ ਹਨ। ਟੀ.ਵੀ. ਚੈਨਲਾਂ ਦੇ ਨਾਲ ਨਾਲ ਹੁਣ ਸੋਸ਼ਲ ਮੀਡੀਆ ਦਾ ਰੁਝਾਨ ਵਧਿਆ ਹੈ। ਪਾਠਕ ਅਪਣੇ ਵਿਚਾਰਾਂ ਵਾਲੇ ਸੋਸ਼ਲ ਮੀਡੀਆ ਸਾਧਨ ਚੁਣਦੇ ਹਨ। ਉਨ੍ਹਾਂ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਿਹਾ ਕਿ ਕੌਮੀ ਤੇ ਖੇਤਰੀ ਮੀਡੀਏ ਵਿਚ ਵੱਡਾ ਫ਼ਰਕ ਸਾਹਮਣੇ ਆਇਆ ਹੈ। ਇਸ ਮੌਕੇ ਪੰਜਾਬ ਐਂਡ ਚੰਡੀਗਡ੍ਹ ਜਰਨਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬੜ, ਜਨਰਲ ਸਕੱਤਰ ਬਿੰਦੂ, ਆਰਐੱਸ ਲਿਬਰੇਟ, ਸਤਿੰਦਰ ਸਿੰਘ ਸਿੱਧੂ, ਤਰਲੋਚਨ ਸਿੰਘ, ਹਰਉਪਦੇਸ਼ ਸਿੰਘ ਭੁੱਲਰ, ਚਰਨਜੀਤ ਸਿੰਘ ਭੁੱਲਰ, ਟ੍ਰਿਬਿਊਨ ਮੁਲਾਜ਼ਮ ਯੁਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।