ਵਿਦਿਆਰਥੀਆਂ ਨੇ ਕੈਂਪਸ ਕੱਢਿਆ ਟਰੈਕਟਰ ਮਾਰਚ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਭਾਰਤ ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀ ਦੀਆਂ ਸੈਨੇਟ-ਸਿੰਡੀਕੇਟ ਚੋਣਾਂ ਦੀਆਂ ਤਰੀਕਾਂ ਨੂੰ ਮਨਜੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਹੈ ਕਿ ਚੋਣਾਂ ਉਸੇ ਸ਼ਡਿਊਲ ਦੇ ਅਨੁਸਾਰ ਹੋਣਗੀਆਂ, ਜੋ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਭੇਜਿਆ ਸੀ। ਇਸੇ ਦੌਰਾਨ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਕੈਂਪਸ ਵਿਚ ਵਿਕਟਰੀ ਮਾਰਚ ਕੱਢਿਆ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਲੜਾਈ ਅਜੇ ਖਤਮ ਨਹੀਂ ਹੋਈ ਹੈ। ਇਹ ਚੋਣਾਂ ਅਗਲੇ ਸਾਲ 2026 ਵਿਚ ਸਤੰਬਰ ਜਾਂ ਅਕਤੂਬਰ ਮਹੀਨੇ ਹੋਣਗੀਆਂ। ਪੰਜਾਬ ਯੂਨੀਵਰਸਿਟੀ ਦੀ ਪਿਛਲੀ ਸੈਨੇਟ ਦਾ ਪੰਜ ਸਾਲ ਦਾ ਕਾਰਜਕਾਲ 31 ਅਕਤੂਬਰ 2024 ਨੂੰ ਖਤਮ ਹੋ ਚੁੱਕਾ ਹੈ। ਨਵੀਂ ਸੈਨੇਟ ਦੇ ਗਠਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੁਰਾਣੀ ਸੈਨੇਟ ਨੂੰ ਭੰਗ ਕਰ ਦਿੱਤਾ ਸੀ, ਜਿਸਦੇ ਚੱਲਦਿਆਂ ਇਹ ਚੋਣਾਂ ਅਟਕੀਆਂ ਪਈਆਂ ਸਨ। ਚਾਂਸਲਰ ਦੁਆਰਾ ਮਨਜ਼ੂਰ ਕੀਤੇ ਮਤੇ ਅਨੁਸਾਰ, ਆਮ ਫੈਲੋ ਵੱਖ-ਵੱਖ ਚੋਣ ਖੇਤਰਾਂ ਵਿੱਚੋਂ ਚੁਣੇ ਜਾਣਗੇ, ਜਿਨ੍ਹਾਂ ਵਿੱਚ ਰਜਿਸਟਰਡ ਗ੍ਰੈਜੂਏਟ, ਯੂਨੀਵਰਸਿਟੀ ਟੀਚਿੰਗ ਵਿਭਾਗਾਂ ਦੇ ਪ੍ਰੋਫੈਸਰ, ਐਸੋਸੀਏਟ ਅਤੇ ਅਸਿਸਟੈਂਟ ਪ੍ਰੋਫੈਸਰ, ਤਕਨੀਕੀ ਅਤੇ ਪੇਸ਼ੇਵਰ ਕਾਲਜਾਂ ਦੇ ਪ੍ਰਿੰਸੀਪਲ ਅਤੇ ਸਟਾਫ਼, ਐਫੀਲੀਏਟਿਡ ਆਰਟਸ ਕਾਲਜਾਂ ਦੇ ਮੁਖੀ ਅਤੇ ਅਧਿਆਪਕ, ਅਤੇ ਵੱਖ-ਵੱਖ ਫੈਕਲਟੀਆਂ ਦੇ ਨੁਮਾਇੰਦੇ ਸ਼ਾਮਲ ਹਨ। ਰਜਿਸਟਰਡ ਗ੍ਰੈਜੂਏਟਾਂ ਲਈ ਕੁੱਲ 15 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਯੂਨੀਵਰਸਿਟੀ ਟੀਚਿੰਗ ਵਿਭਾਗਾਂ ਦੇ ਪ੍ਰੋਫੈਸਰਾਂ ਅਤੇ ਐਸੋਸੀਏਟ/ਅਸਿਸਟੈਂਟ ਪ੍ਰੋਫੈਸਰਾਂ ਲਈ 2-2 ਸੀਟਾਂ ਭਰੀਆਂ ਜਾਣਗੀਆਂ। ਤਕਨੀਕੀ ਅਤੇ ਪੇਸ਼ੇਵਰ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼, ਐਫੀਲੀਏਟਿਡ ਆਰਟਸ ਕਾਲਜਾਂ ਦੇ ਮੁਖੀਆਂ ਅਤੇ ਅਧਿਆਪਕਾਂ, ਅਤੇ ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀਆਂ ਦੇ ਛੇ ਨੁਮਾਇੰਦਿਆਂ ਲਈ ਵੀ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ।

