ਲੰਡਨ/ਪਰਵਾਸੀ ਨਿਊਜ਼ : ਯੂਕੇ (ਯੂਨਾਈਟਿਡ ਕਿੰਗਡਮ) ਦੇ ਗ੍ਰਹਿ ਮੰਤਰਾਲੇ ਵੱਲੋਂ ਸਟੱਡੀ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਕਾਰਨ ਬਰਤਾਨਵੀ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਾ ਆਫਰ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਭਾਰਤੀਆਂ ਸਮੇਤ ਕਈ ਮੁਲਕਾਂ ਦੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀਆਂ ਨੂੰ ਖਦਸ਼ਾ ਹੈ ਕਿ ਜੇ ਉਨ੍ਹਾਂ ਵੱਲੋਂ ਦਾਖਲਾ ਦਿੱਤੇ ਗਏ 5 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਨਾਮਨਜ਼ੂਰ ਹੋ ਗਏ ਤਾਂ ਉਨ੍ਹਾਂ ‘ਤੇ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ‘ਤੇ ਮੁਕੰਮਲ ਪਾਬੰਦੀ ਲੱਗ ਸਕਦੀ ਹੈ। ਪਹਿਲਾਂ ਇਹ ਹੱਦ 10 ਫੀਸਦੀ ਸੀ। ਸਰਕਾਰ ਦਾ ਇਹ ਕਦਮ ਕੁਝ ਮੁਲਕਾਂ ਵੱਲੋਂ ਵਿਦਿਆਰਥੀ ਵੀਜ਼ੇ ਦੀ ਕਥਿਤ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਹੈ। ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ‘ਚ ਭਾਰਤ ਦੇ ਵੀਜ਼ੇ ਨਾਮਨਜ਼ੂਰ ਹੋਣ ਦੀ ਦਰ ਵਧ ਕੇ 5.2 ਫ਼ੀਸਦੀ ਹੋ ਗਈ ਹੈ ਜਦਕਿ ਪਾਕਿਸਤਾਨ (40.9 ਫੀਸਦੀ), ਨਾਇਜੀਰੀਆ (22.7 ਫੀਸਦੀ) ਅਤੇ ਬੰਗਲਾਦੇਸ਼ (23.5 ਫ਼ੀਸਦੀ) ‘ਚ ਇਹ ਅੰਕੜਾ ਹੋਰ ਵੀ ਵੱਧ ਹੈ। ਇਸ ਬੇਯਕੀਨੀ ਦੇ ਮਾਹੌਲ ਅਤੇ ਸਖ਼ਤ ਰਵੱਈਏ ਕਾਰਨ ਲਗਪਗ 15 ਯੂਨੀਵਰਸਿਟੀਆਂ ਨੇ ਪਾਕਿਸਤਾਨ ਤੋਂ ਵਿਦਿਆਰਥੀਆਂ ਦੀ ਭਰਤੀ ਮੁਅੱਤਲ ਕਰ ਦਿੱਤੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਯੂਨੀਵਰਸਿਟੀਆਂ ਹੁਣ ਚੀਨ ਅਤੇ ਭਾਰਤ ਵਰਗੇ ਬਾਜ਼ਾਰਾਂ ਵੱਲ ਜ਼ਿਆਦਾ ਧਿਆਨ ਦੇ ਸਕਦੀਆਂ ਹਨ ਜਿੱਥੇ ਵੀਜ਼ੇ ਰੱਦ ਹੋਣ ਦੀ ਦਰ ਬਹੁਤ ਘੱਟ ਹੈ।
ਯੂਕੇ ‘ਚ ਸਟੱਡੀ ਵੀਜ਼ਾ ਨਿਯਮਾਂ ‘ਚ ਸਖਤੀ ਕਾਰਨ ਭਾਰਤੀ ਵਿਦਿਆਰਥੀ ਪ੍ਰਭਾਵਿਤ
RELATED ARTICLES

