1.2 C
Toronto
Friday, November 27, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਅਤੇ ਅਮਰੀਕਾ ਵਿਚਾਲੇ ਰੱਖਿਆ ਖਰਚਿਆਂ ਨੂੰ ਲੈ ਕੇ ਵਧਿਆ ਤਣਾਅ

ਕੈਨੇਡਾ ਅਤੇ ਅਮਰੀਕਾ ਵਿਚਾਲੇ ਰੱਖਿਆ ਖਰਚਿਆਂ ਨੂੰ ਲੈ ਕੇ ਵਧਿਆ ਤਣਾਅ

ਕੈਨੇਡਾ ਅਤੇ ਅਮਰੀਕਾ ਵਿਚਾਲੇ ਰੱਖਿਆ ਖਰਚਿਆਂ ਨੂੰ ਲੈ ਕੇ ਵਧਿਆ ਤਣਾਅਅਮਰੀਕਾ ਦੀਆਂ ਧਮਕੀਆਂ ਦੇ ਬਾਵਜੂਦ ਰੱਖਿਆ ਨੀਤੀ ਨਹੀਂ ਬਦਲੇਗਾ ਕੈਨੇਡਾ
ਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਅਤੇ ਅਮਰੀਕਾ ਵਿਚਾਲੇ ਰੱਖਿਆ ਖ਼ਰਚਿਆਂ ਨੂੰ ਲੈ ਕੇ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਵੱਲੋਂ ਕੈਨੇਡਾ ਦੀ ਰੱਖਿਆ ਨੀਤੀ ਅਤੇ ਫੌਜੀ ਖ਼ਰਚਿਆਂ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਇੱਥੋਂ ਤੱਕ ਕਿ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਨੇ ਆਪਣੀਆਂ ਰੱਖਿਆ ਸਬੰਧੀ ਜ਼ਿੰਮੇਵਾਰੀਆਂ ਪੂਰੀਆਂ ਨਾ ਕੀਤੀਆਂ ਤਾਂ ਹੋਰ ਸਖ਼ਤ ਕਦਮ ਚੁੱਕਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਇਹ ਮੁੱਦਾ ਨਹੀਂ ਚੁੱਕਿਆ।
ਅਮਰੀਕਾ ਦੇ ਯੁੱਧ ਮੰਤਰੀ ਪੀਟ ਹੇਗਸੈਠ ਦੇ ਵਿਭਾਗ ਨੇ ਇਸ ਹਫ਼ਤੇ ਕੈਨੇਡਾ ‘ਤੇ ਇਲਜ਼ਾਮ ਲਾਇਆ ਸੀ ਕਿ ਉਹ ਉੱਤਰੀ ਅਮਰੀਕਾ ਦੀ ਸਾਂਝੀ ਰੱਖਿਆ ਕਮਾਂਡ ਨੌਰੈਡ ਅਤੇ ਨਾਟੋ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਰਿਹਾ। ਪੈਂਟਾਗਨ ਅਨੁਸਾਰ ਕੈਨੇਡਾ ਸਾਂਝੀ ਫੌਜੀ ਤਾਕਤ ਨੂੰ ਮਜ਼ਬੂਤ ਕਰਨ ਦੀ ਬਜਾਏ ਆਪਣੇ ਆਰਥਿਕ ਹਿੱਤਾਂ ਨੂੰ ਪਹਿਲ ਦੇ ਰਿਹਾ ਹੈ, ਜਿਸ ਦਾ ਬੋਝ ਅਮਰੀਕੀ ਟੈਕਸਦਾਤਿਆਂ ਨੂੰ ਵੀ ਝੱਲਣਾ ਪੈ ਰਿਹਾ ਹੈ। ਪੈਂਟਾਗਨ ਨੇ ਮੰਗਲਵਾਰ ਨੂੰ ਜਾਰੀ ਚਿਤਾਵਨੀ ਵਿੱਚ ਕਿਹਾ ਕਿ ਜੇਕਰ ਕੈਨੇਡਾ ਅਮਰੀਕਾ ਦੀਆਂ ਮੰਗਾਂ ਅਨੁਸਾਰ ਕਦਮ ਨਹੀਂ ਚੁੱਕਦਾ ਤਾਂ ਹੋਰ ਸਖ਼ਤ ਉਪਾਅ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਪੈਂਟਾਗਨ ਦੇ ਸੀਨੀਅਰ ਅਧਿਕਾਰੀ ਐਲਬ੍ਰਿਜ ਕੋਲਬੀ ਨੇ ਨਾਟੋ ਦੇ ਮੁੱਖ ਦਫ਼ਤਰ ਵਿੱਚ ਕਿਹਾ ਸੀ ਕਿ ਕੈਨੇਡਾ ਨੂੰ ਨੌਰੈਡ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਨਿਵੇਸ਼ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਅਮਰੀਕੀ ਫੌਜ ਵੱਲੋਂ ਆਪਣੇ ਮੁਲਾਜ਼ਮਾਂ ਲਈ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਅਤੇ ਸਹਿਯੋਗ ਸਬੰਧੀ ਕੁਝ ਪਾਬੰਦੀਆਂ ਲਗਾਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਲੰਘੇ ਸੋਮਵਾਰ ਨੂੰ ਪੈਂਟਾਗਨ ਵੱਲੋਂ ਜਾਰੀ ਤੱਥ-ਪੱਤਰ ਵਿੱਚ ਕੈਨੇਡਾ ਦੇ ਰੱਖਿਆ ਖ਼ਰਚਿਆਂ ਦੀ ਆਲੋਚਨਾ ਕਰਦਿਆਂ ਉਸ ਨੂੰ ਭਰੋਸੇਯੋਗ ਭਾਈਵਾਲ ਨਾ ਹੋਣ ਦਾ ਸੰਕੇਤ ਦਿੱਤਾ ਗਿਆ। ਬੁੱਧਵਾਰ ਨੂੰ ਇਸ ਮਾਮਲੇ ‘ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਕਾਰਨੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਗੱਲਬਾਤ ਦਾ ਮੁੱਖ ਕੇਂਦਰ ਦੁਨੀਆ ਭਰ ਵਿੱਚ ਚੱਲ ਰਹੇ ਟਕਰਾਵਾਂ ਨੂੰ ਖ਼ਤਮ ਕਰਨ ਅਤੇ ਅੰਤਰਰਾਸ਼ਟਰੀ ਸਥਿਤੀ ਨਾਲ ਜੁੜੇ ਮੁੱਦੇ ਰਹਿੰਦੇ ਹਨ। ਮੀਡੀਆ ਵਿੱਚ ਸਾਹਮਣੇ ਆਏ ਰੱਖਿਆ ਖ਼ਰਚਿਆਂ ਸਬੰਧੀ ਮੁੱਦੇ ਉਨ੍ਹਾਂ ਦੀ ਟਰੰਪ ਨਾਲ ਗੱਲਬਾਤ ਵਿੱਚ ਨਹੀਂ ਉੱਠੇ। ਕਾਰਨੀ ਨੇ ਕਿਹਾ ਕਿ ਕੈਨੇਡਾ ਆਪਣੀ ਰੱਖਿਆ ਦੀ ਜ਼ਿੰਮੇਵਾਰੀ ਖ਼ੁਦ ਨਿਭਾ ਰਿਹਾ ਹੈ ਅਤੇ ਫੌਜ ਵਿੱਚ ਇਤਿਹਾਸਕ ਪੱਧਰ ‘ਤੇ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਲਾਤਵੀਆ ਵਿੱਚ ਚੱਲ ਰਹੇ ‘ਓਪਰੇਸ਼ਨ ਰੀਅਸ਼ੋਰੈਂਸ’ ਵਿੱਚ ਕੈਨੇਡਾ ਦੀ ਅਹਿਮ ਭੂਮਿਕਾ ਹੈ। ਇਸ ਤੋਂ ਇਲਾਵਾ ਕੈਨੇਡਾ ਅਮਰੀਕਾ ਸਮੇਤ ਆਪਣੇ ਨਾਟੋ ਭਾਈਵਾਲਾਂ ਨਾਲ ਮਿਲ ਕੇ ਯੂਰਪ ਦੇ ਉੱਤਰੀ ਖੇਤਰਾਂ, ਆਰਕਟਿਕ ਅਤੇ ਬਾਲਟਿਕ ਦੇਸ਼ਾਂ ਵਿੱਚ ਸੁਰੱਖਿਆ ਸਹਿਯੋਗ ਕਰ ਰਿਹਾ ਹੈ। ਕਾਰਲਟਨ ਯੂਨੀਵਰਸਿਟੀ ਦੇ ਰੱਖਿਆ ਮਾਮਲਿਆਂ ਦੇ ਮਾਹਰ ਸਟੀਫਨ ਸਾਈਡਮੈਨ ਦਾ ਮੰਨਣਾ ਹੈ ਕਿ ਅਮਰੀਕਾ ਵੱਲੋਂ ਕੈਨੇਡਾ ‘ਤੇ ਦਬਾਅ ਬਣਾਉਣ ਦਾ ਇੱਕ ਕਾਰਨ ਰੱਖਿਆ ਖ਼ਰੀਦਦਾਰੀ ਵਿੱਚ ਬਦਲ ਰਹੀ ਕੈਨੇਡੀਅਨ ਨੀਤੀ ਵੀ ਹੋ ਸਕਦੀ ਹੈ। ਉਨ੍ਹਾਂ ਅਨੁਸਾਰ ਅਮਰੀਕਾ ਚਾਹੁੰਦਾ ਹੈ ਕਿ ਕੈਨੇਡਾ ਹੋਰ ਦੇਸ਼ਾਂ ਤੋਂ ਰੱਖਿਆ ਸਾਮਾਨ ਖ਼ਰੀਦਣ ਅਤੇ ਅਮਰੀਕਾ ਉੱਤੇ ਆਪਣੀ ਨਿਰਭਰਤਾ ਘਟਾਉਣ ਦੀ ਯੋਜਨਾ ਤੋਂ ਪਿੱਛੇ ਹਟ ਜਾਵੇ।
ਕਾਰਨੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕੈਨੇਡਾ ਰੱਖਿਆ ਖੇਤਰ ਵਿੱਚ ਪੂੰਜੀ ਨਿਵੇਸ਼ ਲਈ ਖ਼ਰਚ ਕੀਤੇ ਜਾਂਦੇ ਹਰ ਡਾਲਰ ਵਿੱਚੋਂ 75 ਸੈਂਟ ਤੋਂ ਵੱਧ ਅਮਰੀਕਾ ਤੋਂ ਸਾਮਾਨ ਖ਼ਰੀਦਣ ‘ਤੇ ਖ਼ਰਚ ਕਰਦਾ ਹੈ।
ਆਪਣੇ ਫੈਸਲੇ ਖ਼ੁਦ ਕਰੇਗਾ ਕੈਨੇਡਾ : ਪੈਂਟਾਗਨ ਦੀ ਚਿਤਾਵਨੀ ਦੇ ਬਾਵਜੂਦ ਕੈਨੇਡਾ ਸਰਕਾਰ ਨੇ ਆਪਣੀ ਰਣਨੀਤੀ ਬਦਲਣ ਦੇ ਕੋਈ ਸੰਕੇਤ ਨਹੀਂ ਦਿੱਤੇ। ਰੱਖਿਆ ਖ਼ਰੀਦ ਮਾਮਲਿਆਂ ਦੇ ਸੈਕਟਰੀ ਆਫ਼ ਸਟੇਟ ਸਟੀਫ਼ ਫੁਹਰ ਨੇ ਕਿਹਾ ਕਿ ਕੈਨੇਡਾ ਇੱਕ ਆਜ਼ਾਦ ਅਤੇ ਖ਼ੁਦਮੁਖਤਿਆਰ ਦੇਸ਼ ਹੈ ਅਤੇ ਆਪਣੇ ਫੈਸਲੇ ਖ਼ੁਦ ਕਰੇਗਾ। ਉਨ੍ਹਾਂ ਮੰਨਿਆ ਕਿ ਕੈਨੇਡਾ ਹਾਲੇ ਵੀ ਅਮਰੀਕਾ ਤੋਂ ਰੱਖਿਆ ਸਾਮਾਨ ਖ਼ਰੀਦ ਰਿਹਾ ਹੈ, ਪਰ ਨਾਲ ਹੀ ਦੇਸ਼ ਦੇ ਅੰਦਰ ਉਤਪਾਦਨ ਵਧਾਉਣ ਅਤੇ ਹੋਰ ਦੇਸ਼ਾਂ ਨਾਲ ਸਾਂਝੇਦਾਰੀ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।

 

RELATED ARTICLES
POPULAR POSTS