Breaking News
Home / ਹਫ਼ਤਾਵਾਰੀ ਫੇਰੀ / ‘ਨੀਲੀ ਫ਼ਿਲਮ’ ਦੇ ਅਦਾਕਾਰ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ‘ਚੋਂ ਛੇਕਿਆ

‘ਨੀਲੀ ਫ਼ਿਲਮ’ ਦੇ ਅਦਾਕਾਰ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ‘ਚੋਂ ਛੇਕਿਆ

ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ : ਲੰਗਾਹ ਨਾਲ ਹੁਣ ਰੋਟੀ, ਬੇਟੀ ਦੀ ਕੋਈ ਸਾਂਝ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਬਲਾਤਕਾਰ ਦੇ ਮਾਮਲੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ । ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਲੰਗਾਹ ਦੇ ਬਲਾਤਕਾਰ ਮਾਮਲੇ, ਅਸ਼ਲੀਲ ਫ਼ਿਲਮ ‘ਤੇ ਵਿਚਾਰ-ਚਰਚਾ ਦੌਰਾਨ ਕਕਾਰਾਂ ਦੀ ਬੇਅਦਬੀ ਕਰਨ ਦੀ ਗੱਲ ਨੂੰ ਵੀ ਧਿਆਨ ‘ਚ ਰੱਖਦਿਆਂ ਫੈਸਲਾ ਲਿਆ ਗਿਆ ਕਿ ਲੰਗਾਹ ਨੂੰ ਪੰਥ ‘ਚੋਂ ਛੇਕਿਆ ਜਾਂਦਾ ਹੈ ਤੇ ਉਸ ਨਾਲ ਕੋਈ ਵੀ ਸਿੱਖ ਰੋਟੀ, ਬੇਟੀ ਦੀ ਸਾਂਝ ਨਹੀਂ ਰੱਖੇਗਾ। ਧਰਮ ਪ੍ਰਚਾਰ ਕਮੇਟੀ ਵਿਚ ਮੈਂਬਰ ਰਹਿਣ ਵਾਲੇ ਸੁੱਚਾ ਸਿੰਘ ਲੰਗਾਹ ਲਈ ਜਥੇਦਾਰਾਂ ਨੇ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਹ ਕਿਸੇ ਵੀ ਹੋਰ ਗੁਰਦੁਆਰਾ ਕਮੇਟੀ ਆਦਿ ਦਾ ਮੈਂਬਰ ਹੈ ਤਾਂ ਤੁਰੰਤ ਉਸ ਨੂੰ ਅਜਿਹੀਆਂ ਕਮੇਟੀਆਂ ‘ਚੋਂ ਬਾਹਰ ਕੀਤਾ ਜਾਵੇ। ਜਥੇਦਾਰ ਸਹਿਬਾਨਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਬੱਜਰ ਕੁਰਹਿਤ ਤੋਂ ਬਾਅਦ ਲੰਗਾਹ ਦੀ ਸਿੱਖ ਪੰਥ ਵਿਚ ਕੋਈ ਥਾਂ ਨਹੀਂ ਹੈ ਤੇ ਕਿਸੇ ਵੀ ਸਿੱਖ ਵੱਲੋਂ ਲੰਗਾਹ ਨਾਲ ਕੋਈ ਸਾਂਝ ਨਾ ਰੱਖੀ ਜਾਵੇ । ਜ਼ਿਕਰਯੋਗ ਹੈ ਕਿ ਲੰਗਾਹ ਸ਼ੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਪਹਿਲਾਂ ਹੀ ਦੇ ਚੁੱਕਿਆ ਹੈ।
ਸੁੱਚਾ ਸਿੰਘ ਲੰਗਾਹ ਦਾ ਵੀਡੀਓ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਸਾਹਮਣੇ ਹੈ। ਇਸ ਦਾ ਸਿੱਧਾ ਅਸਰ ਅਕਾਲੀ-ਭਾਜਪਾ ਉਮੀਦਵਾਰ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਕਾਂਗਰਸ ਨੇ ਸੁੱਚਾ ਸਿੰਘ ਲੰਗਾਹ ਦੀ ਇਸ ਅਸ਼ਲੀਲ ਵੀਡੀਓ ਨੂੰ ਹੀ ਮੁੱਖ ਚੋਣ ਮੁੱਦਾ ਬਣਾ ਲਿਆ ਹੈ।

‘ਸੁੱਚਾ ਬਣਿਆ ਲੁੱਚਾ’
ਗੁਰਦਾਸਪੁਰ ਅਦਾਲਤ ‘ਚ ਲੰਗਾਹ ਨੇ ਕੀਤਾ ਆਤਮ ਸਮਰਪਣ, ਕੋਰਟ ਨੇ ਪੰਜ ਦਿਨਾ ਰਿਮਾਂਡ ‘ਤੇ ਭੇਜਣ ਦਾ ਸੁਣਾਇਆ ਹੁਕਮ
ਗੁਰਦਾਸਪੁਰ : ਸੁੱਚਾ ਸਿੰਘ ਲੰਗਾਹ ‘ਤੇ ਬਲਾਤਕਾਰ ਦਾ ਪਰਚਾ ਦਰਜ ਹੋਣ ਅਤੇ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਉਸ ਦੀ ਭਾਲ ਕਰਦੀ ਫਿਰ ਰਹੀ ਸੀ। ਅਕਾਲੀ ਦਲ ਵਿਚੋਂ ਬਾਹਰ ਕੀਤੇ ਗਏ ਸੁੱਚਾ ਸਿੰਘ ਨੂੰ ਪੰਥ ‘ਚੋਂ ਵੀ ਛੇਕ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ‘ਲੁੱਚਾ ਲੰਗਾਹ’ ਆਦਿ ਵਰਗੀਆਂ ਟਿੱਪਣੀਆਂ ਅਤੇ ਗਾਲ਼ਾਂ ਦਾ ਸਾਹਮਣਾ ਕਰਨ ਵਾਲੇ ਸੁੱਚਾ ਸਿੰਘ ਲੰਗਾਹ ਹੁਣ ਪੁਲਿਸ ਦੇ ਹੱਥ ਵਿਚ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਅਦਾਲਤ ਤੋਂ ਜ਼ਮਾਨਤ ਨਾ ਮਿਲਣ ਤੋਂ ਬਾਅਦ ਲੰਗਾਹ ਨੇ ਆਖਰ ਬੁੱਧਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਮਹਿਲਾ ਪੁਲਿਸਕਰਮੀ ਨਾਲ ਬਲਾਤਕਾਰ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬੁੱਧਵਾਰ ਨੂੰ ਗੁਰਦਾਸਪੁਰ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ। ਹਾਲਾਂਕਿ, ਉਸ ਸਮੇਂ ਅਦਾਲਤ ਦੇ ਵਿਹੜੇ ਵਿਚ ਕਈ ਪੁਲਿਸ ਜਵਾਨ ਮੌਜੂਦ ਸਨ, ਲੰਗਾਹ ਅਰਾਮ ਨਾਲ ਅਦਾਲਤ ਵਿਚ ਆਇਆ। ਜਦਕਿ ਇਕ ਦਿਨ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਨੇ ਲੰਗਾਹ ਨੂੰ ਫੜਨ ਲਈ 8 ਰਾਜਾਂ ਕੋਲੋਂ ਮੱਦਦ ਮੰਗੀ ਗਈ ਸੀ। ਤਿੰਨ ਗੱਡੀਆਂ ਦੇ ਕਾਫਲੇ ਵਿਚ ਆਏ ਲੰਗਾਹ ਦੁਪਹਿਰ ਕਰੀਬ ਢਾਈ ਵਜੇ ਸੀਜੇਐਮ ਮੋਹਿਤ ਬਾਂਸਲ ਦੀ ਅਦਾਲਤ ਵਿਚ ਪਹੁੰਚੇ। ਇੱਥੇ ਲੰਗਾਹ ਦੇ ਤਿੰਨ ਵਕੀਲਾਂ ਨੇ ਆਤਮ ਸਮਰਪਣ ਦੀ ਅਰਜ਼ੀ ਲਗਾਈ। ਅਦਾਲਤ ਨੇ ਅਰਜ਼ੀ ਮਨਜੂਰ ਕਰਦੇ ਹੋਏ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਅੱਧੇ ਘੰਟੇ ਬਾਅਦ ਸੀਜੀਐਮ ਦੇ ਸਾਹਮਣੇ ਦੋਵੇਂ ਪੱਖਾਂ ਦੇ ਵਕੀਲ ਪੇਸ਼ ਹੋਏ। ਸਰਕਾਰੀ ਵਕੀਲ ਨੇ ਜ਼ਰੂਰੀ ਸਬੂਤ ਜੁਟਾਉਣ ਦਾ ਹਵਾਲਾ ਦਿੰਦੇ ਹੋਏ 10 ਦਿਨ ਦਾ ਰਿਮਾਂਡ ਮੰਗਿਆ, ਤਾਂ ਬਚਾਅ ਪੱਖ ਨੇ ਅਗਾਊਂ ਜਮਾਨਤ ਦੀ ਦਲੀਲ ਰੱਖੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਨਕਾਰਦੇ ਹੋਏ ਲੰਗਾਹ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …