Breaking News
Home / ਹਫ਼ਤਾਵਾਰੀ ਫੇਰੀ / ਹੁਣ ਕੈਨੇਡੀਅਨ ਬਣਨਾ ਆਸਾਨ

ਹੁਣ ਕੈਨੇਡੀਅਨ ਬਣਨਾ ਆਸਾਨ

ਪੱਕੀ ਨਾਗਰਿਕਤਾ ਹਾਸਲ ਕਰਨ ਲਈ ਕੰਸਰਵੇਟਿਵ ਸਰਕਾਰ ਵੱਲੋਂ ਲਾਏ ਅੜਿੱਕੇ ਹੁਣ ਖਤਮ : ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ
ਰਾਹਤ : ਨਵੇਂ ਇਮੀਗ੍ਰਾਂਟਸ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਹੁਣ ਪੰਜ ਸਾਲਾਂ ‘ਚੋਂ ਤਿੰਨ ਸਾਲ ਹੀ ਕੈਨੇਡਾ ‘ਚ ਰਹਿਣਾ ਹੋਵੇਗਾ ਲਾਜ਼ਮੀ
ਛੋਟ : ਬਿਲ ਸੀ-6 ਲਾਗੂ ਹੋਣ ਨਾਲ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਵਾਲੇ ਨੂੰ ਹਰ ਵਰ੍ਹੇ 183 ਦਿਨ ਕੈਨੇਡਾ ‘ਚ ਰਹਿਣਾ ਹੁਣ ਲਾਜ਼ਮੀ ਨਹੀਂ
ਤਬਦੀਲੀ : ਪੱਕੇ ਰੈਜੀਡੈਂਟ ਬਣਨ ਤੋਂ ਪਹਿਲਾਂ ਬਤੌਰ ਪਰਵਾਸੀ ਬਿਤਾਏ ਸਮੇਂ ਨੂੰ ਸਿਟੀਜ਼ਨਸ਼ਿਪ ਹਾਸਲ ਕਰਨ ਦੀ ਯੋਗਤਾ ਵਜੋਂ ਮਿਲੇਗੀ ਮਾਨਤਾ
ਬਰੈਂਪਟਨ/ਬਿਊਰੋ ਨਿਊਜ਼
ਟਰੂਡੋ ਸਰਕਾਰ ਨੇ ਬਿਲ ਸੀ-6 ਲਿਆ ਕੇ ਕੈਨੇਡੀਅਨ ਨਾਗਰਿਕਤਾ ਹਾਸਲ ਕਰਨਾ ਬਹੁਤ ਹੀ ਆਸਾਨ ਬਣਾ ਦਿੱਤਾ ਹੈ। ਪਿਛਲੀ ਸਰਕਾਰ ਵੱਲੋਂ ਨਾਗਰਿਕਤਾ ਹਾਸਲ ਕਰਨ ਨੂੰ ਬਣਾਏ ਗੁੰਝਲਦਾਰ ਨਿਯਮਾਂ ਦੀਆਂ ਕਈ ਗੁੰਝਲਾਂ ਹੁਣ ਖੋਲ੍ਹ ਦਿੱਤੀਆਂ ਗਈਆਂ ਹਨ ਤੇ ਕਈ ਗੁੰਝਲਾਂ ਹੁਣ ਕਾਫ਼ੀ ਢਿੱਲੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਕੈਨੇਡੀਅਨ ਨਾਗਰਿਕਤਾ ਹਾਸਲ ਕਰਨਾ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਆਸਾਨ ਹੋ ਗਿਆ ਹੈ। ਕੀਤੀਆਂ ਗਈਆਂ ਤਬਦੀਲੀਆਂ ਸਬੰਧੀ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਟੋਰਾਂਟੋ ਦੇ ਬਰੈਂਪਟਨ ਖੇਤਰ ਵਿਚ ਆਪਣੀ ਗੱਲ ਰੱਖਦਿਆਂ ਜਾਣਕਾਰੀ ਦਿੱਤੀ ਕਿ ਹੁਣ 5 ਸਾਲਾਂ ਵਿਚੋਂ 3 ਸਾਲ ਹੀ ਕੈਨੇਡਾ ‘ਚ ਰਹਿਣ ਦੀ ਸ਼ਰਤ ਪੂਰੀ ਕਰਨ ਵਾਲੇ ਪੱਕੇ ਨਾਗਰਿਕ ਬਣ ਸਕਣਗੇ। ਪਰ ਨਾਲ ਹੀ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਵਾਲੇ ਪਰਵਾਸੀਆਂ ਨੂੰ ਹੁਣ ਹਰ ਸਾਲ 183 ਦਿਨ ਕੈਨੇਡਾ ‘ਚ ਰਹਿਣ ਦੀ ਸ਼ਰਤ ਤੋਂ ਵੀ ਛੁਟਕਾਰਾ ਮਿਲ ਗਿਆ ਹੈ। ਬਲਕਿ ਪੱਕੇ ਰੈਜੀਡੈਂਟ ਬਣਨ ਤੋਂ ਪਹਿਲਾਂ ਬਤੌਰ ਪਰਵਾਸੀ ਬਿਤਾਏ ਸਮੇਂ ਨੂੰ ਵੀ ਸਿਟੀਜ਼ਨਸ਼ਿਪ ਹਾਸਲ ਕਰਨ ਦੀ ਯੋਗਤਾ ਵਜੋਂ ਗਿਣਿਆ ਜਾਇਆ ਕਰੇਗਾ।
ਆਪਣੇ ਸੰਬੋਧਨ ‘ਚ ਹੁਸੈਨ ਨੇ ਆਖਿਆ ਕਿ ਇਨ੍ਹਾਂ ਤਬਦੀਲੀਆਂ ਨਾਲ ਉਹ ਅੜਿੱਕੇ ਖਤਮ ਹੋ ਜਾਣਗੇ ਜਿਹੜੀ ਸਾਬਕਾ ਕੰਸਰਵੇਟਿਵ ਸਰਕਾਰ ਵੱਲੋਂ ਲਾਏ ਗਏ ਸਨ। ਉਨ੍ਹਾਂ ਆਖਿਆ ਕਿ ਸਥਾਈ ਨਾਗਰਿਕਤਾ ਹਾਸਲ ਕਰਨ ਦੇ ਚਾਹਵਾਨਾਂ ਦੇ ਰਾਹ ਵਿੱਚ ਖਾਹਮਖਾਹ ਡਾਹੇ ਗਏ ਅੜਿੱਕਿਆਂ ਦੀ ਕੋਈ ਲੋੜ ਨਹੀਂ ਸੀ। ਇਸ ਨਾਲ ਉਨ੍ਹਾਂ ਲੋਕਾਂ ਦੇ ਕੈਨੇਡੀਅਨ ਪਰਿਵਾਰ ਵਿੱਚ ਸ਼ਾਮਲ ਹੋਣ ਵਿੱਚ ਦੇਰ ਹੁੰਦੀ ਜਾਂਦੀ ਸੀ।
11 ਅਕਤੂਬਰ ਤੋਂ ਹੋਣ ਜਾ ਰਹੀਆਂ ਤਬਦੀਲੀਆਂ ਤਹਿਤ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਜਾ ਰਹੇ ਨਿਊਕਮਰਜ਼ ਨੂੰ ਪੰਜ ਸਾਲਾਂ ਵਿੱਚੋਂ ਤਿੰਨ ਸਾਲ ਕੈਨੇਡਾ ਵਿੱਚ ਰਹਿਣ ਦੀ ਸ਼ਰਤ ਪੂਰੀ ਕਰਨੀ ਹੋਵੇਗੀ। ਹੁਸੈਨ ਨੇ ਆਖਿਆ ਕਿ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਭਾਵ ਇਹ ਹੋਵੇਗਾ ਕਿ ਕਈ ਸਥਾਈ ਵਾਸੀ ਵੀ ਕਾਫੀ ਸਮਾਂ ਪਹਿਲਾਂ ਹੀ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਣਗੇ। ਇਸ ਦਾ ਇਹ ਮਤਲਬ ਵੀ ਹੋਵੇਗਾ ਕਿ ਉਨ੍ਹਾਂ ਦੇ ਸਿਟੀਜ਼ਨਸ਼ਿਪ ਹਾਸਲ ਕਰਨ ਦਾ ਰਾਹ ਸੌਖਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਸਰਕਾਰ ਨੇ ਸਥਾਈ ਵਾਸੀਆਂ ਨੂੰ ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋਣ ਵਾਲੇ ਨਿਯਮ ਸਖ਼ਤ ਕਰ ਦਿੱਤੇ ਸਨ। ਉਸ ਸਮੇਂ ਇਹ ਸ਼ਰਤ ਰੱਖੀ ਗਈ ਸੀ ਕਿ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਤੋਂ ਪਹਿਲਾਂ ਸਬੰਧਤ ਬਿਨੈਕਾਰ ਨੇ ਪਿਛਲੇ ਛੇ ਸਾਲਾਂ ਵਿੱਚੋਂ ਚਾਰ ਸਾਲ ਖੁਦ ਕੈਨੇਡਾ ਵਿੱਚ ਰਹਿ ਕੇ ਬਿਤਾਏ ਹੋਣ। ਇੱਕ ਹੋਰ ਨਿਯਮ ਜਿਸ ਨੂੰ ਬਿੱਲ ਸੀ-6 ਲਾਗੂ ਕਰਨ ਦੌਰਾਨ ਰੱਦ ਕਰ ਦਿੱਤਾ ਗਿਆ ਹੈ ਉਹ ਹੈ ਬਿਨੈਕਾਰਾਂ ਨੂੰ 183 ਦਿਨ ਹਰ ਸਾਲ ਕੈਨੇਡਾ ਵਿੱਚ ਹੀ ਰਹਿਣਾ ਹੋਵੇਗਾ। ਹੁਣ ਪਰਮਾਨੈਂਟ ਰੈਜ਼ੀਡੈਂਟਸ ਨੂੰ ਸਿਟੀਜ਼ਨਸ਼ਿਪ ਲਈ ਲੋੜੀਂਦੀ ਯੋਗਤਾ ਗਵਾਏ ਬਿਨਾਂ ਵਿਦੇਸ਼ ਜਾ ਕੇ ਪੜ੍ਹਨ, ਕੰਮ ਕਰਨ ਜਾਂ ਪਰਿਵਾਰਕ ਕਾਰਨਾਂ ਕਰਕੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇੱਕ ਹੋਰ ਵੱਡੀ ਤਬਦੀਲੀ ਜਿਹੜੀ ਕੀਤੀ ਜਾ ਰਹੀ ਹੈ ਉਹ ਇਹ ਕਿ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਣਨ ਤੋਂ ਪਹਿਲਾਂ ਵਿਦੇਸ਼ੀਆਂ ਵਜੋਂ ਬਿਤਾਏ ਸਮੇਂ ਨੂੰ ਵੀ ਗਿਣਿਆ ਜਾਵੇਗਾ। ਇਸ ਸਮੇਂ ਇਹ ਨਿਯਮ ਹੈ ਕਿ ਪੜ੍ਹਨ, ਕੰਮ ਕਰਨ, ਘੁੰਮਣ ਆਏ ਜਾਂ ਰਫਿਊਜੀਆਂ ਵਜੋਂ ਦੇਸ਼ ਵਿੱਚ ਰਹਿ ਰਹੇ ਲੋਕਾਂ ਦੇ ਸਮੇਂ ਨੂੰ ਸਿਟੀਜ਼ਨਸ਼ਿਪ ਦੀ ਯੋਗਤਾ ਦੇ ਕਾਬਲ ਨਹੀਂ ਮੰਨਿਆ ਜਾਂਦਾ। ਫਿਰ ਭਾਵੇਂ ਇਹੋ ਜਿਹੇ ਲੋਕ ਕਈ ਸਾਲਾਂ ਤੋਂ ਕੈਨੇਡਾ ਰਹਿ ਰਹੇ ਹੋਣ। ਹੁਸੈਨ ਨੇ ਇਸ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਆਖਿਆ ਕਿ ਨਵੇਂ ਨਿਯਮਾਂ ਤਹਿਤ ਅਜਿਹੇ ਵਿਅਕਤੀਆਂ ਵੱਲੋਂ ਕੈਨੇਡਾ ਵਿੱਚ ਗੁਜ਼ਾਰੇ ਅੱਧੇ ਸਮੇਂ ਨੂੰ ਵੱਧ ਤੋਂ ਵੱਧ ਇੱਕ ਸਾਲ ਮੰਨਿਆ ਜਾਵੇਗਾ। ਜਿਸ ਤੋਂ ਭਾਵ ਇਹ ਹੈ ਕਿ ਇੱਕ ਵਾਰੀ ਉਨ੍ਹਾਂ ਦੇ ਕੈਨੇਡਾ ਦਾ ਪਰਮਾਨੈਂਟ ਵਾਸੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਵਾਸਤੇ ਦੋ ਹੋਰ ਸਾਲ ਦੇਸ਼ ਵਿੱਚ ਰਹਿਣਾ ਹੋਵੇਗਾ।
ਸਿਟੀਜ਼ਨਸ਼ਿਪ ਨਾਲੇਜ ਐਂਡ ਲੈਂਗੁਏਜ ਟੈਸਟ 18 ਤੋਂ 54 ਸਾਲ ਵਾਲੇ ਨਿਊਕਮਰਜ਼ ਲਈ ਹੀ ਪਾਸ ਕਰਨਾ ਜ਼ਰੂਰੀ
ਇਸੇ ਮਹੀਨੇ ਦੇ ਅਗਲੇ ਹਫ਼ਤੇ 11 ਅਕਤੂਬਰ ਦਿਨ ਬੁੱਧਵਾਰ ਤੋਂ ਬਿਲ ਸੀ-6 ਲਾਗੂ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਨਰਮ ਹੋਈਆਂ ਸ਼ਰਤਾਂ ਵੀ ਪਰਵਾਸੀਆਂ ਨੂੰ ਰਾਹਤ ਬਖਸ਼ਣਗੀਆਂ, ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਹੁਣ 18 ਸਾਲ ਤੋਂ ਲੈ ਕੇ 54 ਸਾਲ ਤੱਕ ਦੇ ਨਿਊਕਮਰਜ਼ ਨੂੰ ਹੀ ਸਿਟੀਜ਼ਨਸ਼ਿਪ ਨਾਲੇਜ ਐਂਡ ਲੈਂਗੁਏਜ ਟੈਸਟ ਪਾਸ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਇਹ ਸ਼ਰਤ 14 ਤੋਂ 64 ਸਾਲਾਂ ਦੇ ਵਿਅਕਤੀਆਂ ਲਈ ਲਾਗੂ ਸੀ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿਟੀਜ਼ਨਸ਼ਿਪ ਹਾਸਲ ਕਰਨ ਦੇ ਸਿਸਟਮ ਨੂੰ ਆਸਾਨ ਬਣਾਉਣਾ ਚਾਹੁੰਦੇ ਹਨ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …