ਪੀ.ਐਨ.ਪੀ. ਕੋਟੇ ‘ਚ ਕੀਤਾ ਵਾਧਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਸਰਕਾਰ ਵਲੋਂ ਐਲਾਨੇ ਗਏ ਆਪਣੇ ਨਵੇਂ ਇਮੀਗਰੇਸ਼ਨ ਲੈਵਲ ਪ੍ਰੋਗਰਾਮ ਵਿਚ ਵਿਦੇਸ਼ਾਂ ਤੋਂ ਆਰਜ਼ੀ ਵੀਜ਼ਿਆਂ ਜਾਂ ਪਰਮਿਟਾਂ ਰਾਹੀਂ ਦੇਸ਼ ਵਿਚ ਪੁੱਜੇ ਹੋਏ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਵੱਧ ਮੌਕਾ ਮਿਲ ਸਕਦਾ ਹੈ। ਇਸ ਵਾਸਤੇ ਸਰਕਾਰ ਵਲੋਂ ਅਜੇ ਕਿਸੇ ਵੱਖਰੀ ਨੀਤੀ ਦਾ ਐਲਾਨ ਨਹੀਂ ਕੀਤਾ ਗਿਆ, ਪਰ 2026 ਤੇ 2027 ਦੌਰਾਨ ਇਸ ਬਾਰੇ ਦੋ ਵਿਸ਼ੇਸ਼ ਐਲਾਨਨਾਮੇ ਸੰਭਵ ਹਨ। ਇਮੀਗਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਨਵੇਂ ਆਉਣ ਵਾਲੇ ਲੋਕਾਂ ਦਾ ਦਾਖਲਾ ਘੱਟ ਕੀਤਾ ਜਾ ਰਿਹਾ ਹੈ। ਆਰਜ਼ੀ ਦਰਜੇ ‘ਤੇ ਕੈਨੇਡਾ ਵਿਚ ਰਹਿ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਵੱਧ ਮੌਕਾ ਮਿਲੇਗਾ। ਇਹ ਵੀ ਕਿ ਆਪਣਾ ਪਰਮਿਟ, ਰਿਹਾਇਸ਼ ਅਤੇ ਟੈਕਸ ਭਰਨ ਦਾ ਦਰਜਾ ਬਰਕਰਾਰ ਰੱਖਣ ਵਾਲੇ ਯੋਗਤਾ ਪ੍ਰਾਪਤ (ਸਕਿਲਡ) ਵਿਦੇਸ਼ੀਆਂ ਨੂੰ ਪਰਮਾਨੈਂਟ ਰੈਜੀਡੈਂਸੀ ਮਿਲਣ ਦੀ ਸੰਭਾਵਨਾ ਹੋਵੇਗੀ। ਪਰਮਿਟ ਦੀ ਮਿਆਦ ਖਤਮ ਹੋਣ ਜਾਂ ਜੁਰਮ ਕਰਨ ਵਾਲੇ ਵਿਦੇਸ਼ੀਆਂ ਦਾ ਕੈਨੇਡਾ ਵਿਚ ਪੱਕਾ ਵਾਸਾ ਹੋਣਾ ਲਗਭਗ ਅਸੰਭਵ ਹੋਵੇਗਾ। ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਫੈਡਰਲ ਹਾਈ ਸਕਿੱਲਡ ਕੈਟੇਗਰੀ ਵਿਚ 2025 ਦੌਰਾਨ 1,24,680 ਵਿਦੇਸ਼ੀਆਂ ਨੂੰ ਕੈਨੇਡਾ ਵਿਚ ਪੱਕੇ ਤੌਰ ‘ਤੇ ਰਹਿਣ ਦੇ ਵੀਜ਼ੇ ਦਿੱਤੇ ਜਾਣ ਦਾ ਟੀਚਾ ਹੈ, ਜਦਕਿ 2026 ਵਾਸਤੇ ਇਹ ਟੀਚਾ ਘਟਾ ਕੇ 109000 ਰੱਖਿਆ ਗਿਆ ਹੈ।
2027 ਤੇ 2028 ਸਾਲਾਂ ਲਈ ਇਹ ਟੀਚਾ 111000 ਹੋਵੇਗਾ। ਕੈਨੇਡਾ ਵਿਚ ਪੁੱਜ ਕੇ ਜਾਂ ਵਿਦੇਸ਼ਾਂ ਵਿਚ ਰਹਿੰਦੇ ਹੋਏ ਲੋਕਾਂ ਵਲੋਂ ਆਪਣੀ ਯੋਗਤਾ ਦੇ ਅਧਾਰ ‘ਤੇ ਪ੍ਰੋਫਾਈਲ ਬਣਾ ਕੇ ਪੱਕੀ ਇਮੀਗਰੇਸ਼ਨ ਲੈਣ ਦਾ ਰੁਝਾਨ ਬੀਤੇ ਸਾਲਾਂ ਦੌਰਾਨ ਪ੍ਰਚਲਿਤ ਹੋਇਆ ਹੈ। ਕੈਨੇਡਾ ਦੀਆਂ ਹੋਰ ਇਮੀਗਰੇਸ਼ਨ ਕੈਟੇਗਰੀਆਂ ਦੇ ਮੁਕਾਬਲੇ ਫੈਡਰਲ ਸਕਿੱਲਡ ਇਮੀਗਰੇਸ਼ਨ ਦੀ ਗਿਣਤੀ ਸਭ ਤੋਂ ਵੱਧ (64 ਫੀਸਦ) ਹੈ। ਇਸੇ ਤਰ੍ਹਾਂ ਕੈਨੇਡੀਅਨ ਐਕਸਪੀਰੀਐਂਸ ਕਲਾਸ ਵਿਚ ਵਿਦੇਸ਼ੀ ਨਾਗਰਿਕਾਂ ਦਾ ਐਕਸਪ੍ਰੈਸ ਐਂਟਰੀ ਸਿਸਟਮ ਬਹੁਤ ਚਹੇਤਾ ਹੈ ਅਤੇ ਭਵਿੱਖ ਵਿਚ ਇਸੇ ਸਿਸਟਮ ਦੇ ਡਰਾਅ ਰਾਹੀਂ ਟੈਂਪਰੇਰੀ ਸਟੇਟਸ ਵਾਲੇ ਲੋਕਾਂ ਨੂੰ ਪੱਕੀ ਇਮੀਗਰੇਸ਼ਨ ਮਿਲਣ ਦੀ ਸੰਭਾਵਨਾ ਬਣਦੀ ਰਹੇਗੀ। ਕੈਨੇਡਾ ਦੀ ਮੌਜੂਦਾ ਨੀਤੀ ਅਨੁਸਾਰ 2026 ਵਿਚ ਐਕਸਪ੍ਰੈਸ ਐਂਟਰੀ ਵਿਚੋਂ ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ ਵੱਧ ਡਰਾਅ ਕੱਢੇ ਜਾਣਗੇ। ਪਰ ਅਜਿਹੇ ਡਰਾਅ ਦਾ ਫਾਇਦਾ ਉਨ੍ਹਾਂ ਲੋਕਾਂ (ਵਿਦੇਸ਼ੀਆਂ) ਨੂੰ ਹੀ ਮਿਲ ਸਕੇਗਾ, ਜਿਨ੍ਹਾਂ ਦੇ ਕੈਨੇਡਾ ਵਿਚ ਆਰਜ਼ੀ ਪਰਮਿਟ ਅਤੇ ਠਾਹਰ ਵੈਲਿਡ ਹੋਣਗੇ ਤੇ ਉਹਨਾਂ ਖਿਲਾਫ ਕੋਈ ਪੁਲਿਸ ਦਾ ਕੇਸ ਨਹੀਂ ਬਣਿਆ ਹੋਵੇਗਾ। 2026 ਅਤੇ 2027 ਦੌਰਾਨ 33000 ਵਿਦੇਸ਼ੀ ਕਾਮਿਆਂ ਨੂੰ ਪੱਕੇ ਹੋਣ ਦਾ ਮੌਕਾ ਦੇਣ ਦਾ ਐਲਾਨ ਵੀ ਕੈਨੇਡਾ ਸਰਕਾਰ ਨੇ ਕੀਤਾ ਹੋਇਆ ਹੈ। ਇਸ ਵਿਚ ਉਹ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਦੀ ਕੈਨੇਡਾ ਦੀ ਰੋਜ਼ਗਾਰ ਅਤੇ ਕਾਰੋਬਾਰ ਮੰਡੀ ਵਿਚ ਵੱਧ ਮੰਗ ਹੈ। ਇਸੇ ਤਰ੍ਹਾਂ ਕੈਨੇਡਾ ਵਿਚ ਪੱਕੇ ਹੋਣ ਲਈ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ (ਪੀਐਨਪੀ) ਵੀ ਇਕ ਸਾਧਨ ਹੈ, ਜਿਸ ਵਿਚ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਧਾਰਕਾਂ ਨੂੰ ਪੱਕੀ ਇਮੀਗਰੇਸ਼ਨ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ। 2025 ਦਾ ਪੀਐਨਪੀ ਕੋਟਾ 55000 ਸੀ ਤੇ 2026 ਵਾਸਤੇ ਇਸ ਨੂੰ (66 ਫੀਸਦ) ਵਧਾ ਕੇ 91500 ਕਰ ਦਿੱਤਾ ਗਿਆ ਹੈ। 2027 ਅਤੇ 2028 ਵਾਸਤੇ ਪੀਐਨਪੀ ਦਾ ਕੋਟਾ ਵਧ ਕੇ 92500 ਹੋ ਜਾਵੇਗਾ। ਅਗਲੇ ਦੋ ਕੁ ਸਾਲਾਂ ਵਿਚ ਕੈਨੇਡਾ ਸਰਕਾਰ ਦਾ ਇਮੀਗਰੇਸ਼ਨ ਐਂਡ ਰਫਿਊਜ਼ੀ ਬੋਰਡ ਦੀ ਵਿਵਸਥਾ ਰਾਹੀਂ 115000 ਸ਼ਰਨਾਰਥੀਆਂ ਨੂੰ ਵੀ ਪੱਕੀ ਇਮੀਗਰੇਸ਼ਨ ਦੇਣ ਦਾ ਪ੍ਰੋਗਰਾਮ ਹੈ।
ਕੈਨੇਡਾ ‘ਚ ਪਹੁੰਚੇ ਹੋਏ ਵਿਦੇਸ਼ੀਆਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ
RELATED ARTICLES

