Breaking News
Home / ਹਫ਼ਤਾਵਾਰੀ ਫੇਰੀ / 6 ਲੱਖ ‘ਚੋਂ 3 ਲੱਖ 14 ਹਜ਼ਾਰ ਮੈਂਬਰ ਮੈਂ ਸਾਇਨ ਕੀਤੇ ਹਨ : ਪਿਏਰ ਪੌਲੀਏਵਰ

6 ਲੱਖ ‘ਚੋਂ 3 ਲੱਖ 14 ਹਜ਼ਾਰ ਮੈਂਬਰ ਮੈਂ ਸਾਇਨ ਕੀਤੇ ਹਨ : ਪਿਏਰ ਪੌਲੀਏਵਰ

ਐਥਨਿਕ ਮੀਡੀਆ ਨਾਲ ਮੁਲਾਕਾਤ ਕਰਕੇ ਇਮੀਗ੍ਰੇਸ਼ਨ ਨੂੰ ਪਹਿਲ ਦੇਣ ਦਾ ਕੀਤਾ ਵਾਅਦਾ
ਟੋਰਾਂਟੋ : ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਦਾਅਵੇਦਾਰ ਪਿਏਰ ਪੌਲੀਏਵਰ ਬਰੈਂਪਟਨ ਪਹੁੰਚੇ ਹੋਏ ਸਨ ਜਿਥੇ ਉਹਨਾਂ ਨੇ ਸਥਾਨਕ ਐਥਨਿਕ ਮੀਡੀਆ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਲੀਡਰਸ਼ਿਪ ਦੌੜ ‘ਚ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਸਮੇਤ ਕੁੱਲ 6 ਉਮੀਦਵਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕੇ ਜੇਕਰ ਉਹ ਕੰਸਰਵੇਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਇਮੀਗ੍ਰੇਸ਼ਨ ਨੂੰ ਪਹਿਲ ਦੇਣਗੇ ਅਤੇ ਵੱਧ ਰਹੀ ਮਹਿੰਗਾਈ ਨੂੰ ਠੱਲ ਪਾਉਣ ਲਈ ਕੰਮ ਕਰਨਗੇ। ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਾਜਿੰਦਰ ਸੈਣੀ ਵਲੋਂ ਪੁੱਛੇ ਗਏ ਸਵਾਲ ਕਿ ਕੰਸਰਵੇਟਿਵ ਪਾਰਟੀ ਦੇ ਸਾਬਕਾ ਲੀਡਰਾਂ ਜਿਵੇਂ ਕੇ ਐਂਡਰਿਊ ਸ਼ੀਅਰ ਅਤੇ ਏਰਿਨ ਓ ਟੂਲ ਜੋ ਕਿ ਐਥਨਿਕ ਲੋਕਾਂ ਨਾਲ ਵਧੀਆ ਸੰਬੰਧ ਨਹੀਂ ਬਣਾ ਸਕੇ ਸਨ ਅਤੇ ਚੋਣ ਹਾਰ ਗਏ। ਉਹ ਇਸ ਲਈ ਅਜਿਹਾ ਵੱਖਰਾ ਕੀ ਕਰਨਗੇ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਨਾਲ ਉਹ ਚੋਣ ਜਿੱਤ ਕਿ ਪ੍ਰਧਾਨ ਮੰਤਰੀ ਬਣ ਸਕਣ। ਉਨ੍ਹਾਂ ਜਵਾਬ ਦਿੱਤਾ ਕੇ ਨਵੇਂ ਕੈਨੇਡੀਅਨ ਹੁਣ ਕੈਨੇਡਾ ਵਿੱਚ ਵੱਡੀ ਤਾਕਤ ਬਣ ਚੁੱਕੇ ਹਨ ਜਿਸ ਗੱਲ ਤੋਂ ਉਹ ਚੰਗੀ ਤਰ੍ਹਾਂ ਜਾਣੂ ਹਨ ਜਿਸ ਕਰਕੇ ਉਹ ਇਮੀਗ੍ਰੇਸ਼ਨ ਨੂੰ ਪਹਿਲ ਦੇਣਗੇ ਕਿਉਂਕਿ ਵੈਸੇ ਵੀ ਇਸ ਸਮੇਂ ਕੈਨੇਡਾ ਵਿੱਚ ਘਟੋ ਘੱਟ ਪੰਜ ਲੱਖ ਵਰਕਰਾਂ ਦੀ ਕਮੀ ਹੈ ਜੋ ਇਮੀਗ੍ਰੈਂਟਸ ਹੀ ਪੂਰੀ ਕਰ ਸਕਦੇ ਹਨ। ਇਕ ਦੂਸਰੇ ਸਵਾਲ ਦੇ ਜਵਾਬ ਵਿੱਚ ਪਿਏਰ ਪੌਲੀਏਵਰ ਨੇ ਦਾਅਵਾ ਕੀਤਾ ਕਿ ਉਹ ਹੁਣ ਤੱਕ ਕੁੱਲ 6 ਲੱਖ ਵਿੱਚੋ 3 ਲੱਖ 12 ਹਜ਼ਾਰ ਮੈਂਬਰ ਸਾਈਨ ਕਰ ਚੁੱਕੇ ਹਨ। ਉਨ੍ਹਾਂ ਨਾਲ ਹੀ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਚੈਲੰਜ ਕੀਤਾ ਕਿ ਉਹ ਲੋਕਾਂ ਸਾਹਮਣੇ ਸਪਸ਼ਟ ਕਰਨ ਕਿ ਉਹਨਾਂ ਵਲੋਂ ਕਿੰਨੇ ਮੈਂਬਰ ਸਾਈਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕੇ ਉਹ ਹਰ ਕੰਮ ਪਾਰਦਰਸ਼ਤਾ ਦੇ ਨਾਲ ਕਰ ਰਹੇ ਹਨ ਜਿਸ ਦੀ ਸਾਰੀ ਜਾਣਕਾਰੀ ਪਾਰਟੀ ਦੀ ਵੈਬਸਾਈਟ ਤੋਂ ਮਿਲ ਸਕਦੀ ਹੈ। ਉਨ੍ਹਾਂ ਨਾਲ ਹੀ ਪੈਟ੍ਰਿਕ ਬ੍ਰਾਊਨ ਨੂੰ ਚੈਲੰਜ ਕੀਤਾ ਕੇ ਉਹ ਫੈਸਲਾ ਕਰਨ ਕਿ ਉਨ੍ਹਾਂ ਨੇ ਮੇਅਰ ਵਜੋਂ ਕੰਮ ਕਰਨਾ ਹੈ ਜਾਂ ਫਿਰ ਪ੍ਰਧਾਨ ਮੰਤਰੀ ਵਜੋਂ?
ਪਿਏਰ ਪੌਲੀਏਵਰ ਨੇ ਵਧ ਰਹੇ ਅਪਰਾਧ, ਘਰਾਂ ਦੀਆ ਵਧ ਰਹੀਆਂ ਕੀਮਤਾਂ, ਮਹਿੰਗਾਈ ਤੇ ਦੂਜੇ ਮੁਲਕਾਂ ਨਾਲ ਰਿਸ਼ਤੇ, ਕੈਨੇਡਾ ਵਿੱਚ ਮੌਜੂਦ ਗੈਸ ਦੇ ਭੰਡਾਰ ਉਪਲੱਬਧ ਹੋਣ ਦੇ ਬਾਵਜੂਦ ਉਸ ਦੀ ਵਰਤੋਂ ਨਾ ਕਰਨਾ ਵਰਗੇ ਪੱਤਰਕਾਰਾਂ ਵਲੋਂ ਪੁੱਛੇ ਕਈ ਸਵਾਲਾਂ ਦੇ ਜਵਾਬ ਦਿੱਤੇ। ਅੰਤ ਵਿੱਚ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਹੁਣ ਅਕਸਰ ਐਥਨਿਕ ਮੀਡੀਆ ਦੇ ਨਾਲ ਮੇਲ ਜੋਲ ਕਰਦੇ ਰਹਿਣਗੇ। ਉਹਨਾਂ ਐਥਨਿਕ ਮੀਡੀਆ ਵਲੋਂ ਪਾਏ ਜਾ ਰਹੇ ਚੰਗੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …