Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਟੀਕਾਕਰਨ ਦੀ ਰਫ਼ਤਾਰ ਸਹੀ : ਟਰੂਡੋ

ਕੈਨੇਡਾ ‘ਚ ਟੀਕਾਕਰਨ ਦੀ ਰਫ਼ਤਾਰ ਸਹੀ : ਟਰੂਡੋ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੂੰ ਕਰੋਨਾ ਵੈਕਸੀਨ ਦੀ ਸਹੀ ਮਾਤਰਾ ਪ੍ਰਾਪਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਹੈ ਕਿ ਹੁਣ ਕੈਨੇਡਾ ਵਿਚ ਟੀਕਾ ਕਰਨ ਦੀ ਰਫਤਾਰ ਠੀਕ ਹੈ। ਉਨ੍ਹਾਂ ਅੱਗੇ ਇਹ ਵੀ ਆਖਿਆ ਕਿ ਸਹੀ ਸਮੇਂ ਤੱਕ ਕੈਨੇਡਾ ਵਾਸੀਆ ਦਾ ਟੀਕਾਕਰਨ ਕੀਤਾ ਜਾ ਸਕੇਗਾ।
ਵੈਕਸੀਨ ਦੀ ਡਲਿਵਰੀ ਵਿੱਚ ਪਿਛਲੇ ਕੁੱਝ ਕੁ ਹਫਤਿਆਂ ਵਿੱਚ ਵਾਧਾ ਹੋਇਆ ਹੈ, ਕੈਨੇਡਾ ਵਿੱਚ ਦੋ ਨਵੀਆਂ ਵੈਕਸੀਨਜ਼ ਨੂੰ ਮਨਜੂਰੀ ਦਿੱਤੀ ਗਈ ਹੈ ਪਰ ਲੋਕ ਅਜੇ ਵੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਕਿ ਵੈਕਸੀਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 52 ਫੀਸਦੀ ਕੈਨੇਡੀਅਨ ਇਹ ਨਹੀਂ ਮੰਨਦੇ ਕਿ ਕੈਨੇਡਾ ਆਪਣਾ ਟੀਚਾ ਪੂਰਾ ਕਰ ਲਵੇਗਾ ਜਦਕਿ 48 ਫੀਸਦੀ ਦਾ ਮੰਨਣਾ ਹੈ ਕਿ ਅਜਿਹਾ ਕਰ ਲਿਆ ਜਾਵੇਗਾ।
ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਆਖ ਰਹੇ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਸਹੀ ਢੰਗ ਨਾਲ ਵਧ ਰਹੀ ਹੈ। ਓਟਵਾ ਵਿੱਚ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਨ ਟਰੂਡੋ ਨੇ ਆਖਿਆ ਕਿ ਸਰਕਾਰ ਰੋਜਾਨਾ ਵੱਧ ਤੋਂ ਵੱਧ ਵੈਕਸੀਨ ਹਾਸਲ ਕਰਨ ਤੇ ਇਸ ਦੀਆਂ ਡੋਜ਼ਾਂ ਦੀ ਸਹੀ ਵੰਡ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਟਰੂਡੋ ਨੇ ਆਖਿਆ ਕਿ ਆਕਸਫੋਰਡ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਅੱਧੀ ਮਿਲੀਅਨ ਡੋਜ਼ਾਂ ਪਿਛਲੇ ਹਫਤੇ ਡਲਿਵਰ ਹੋਈਆਂ ਤੇ ਪ੍ਰੋਵਿੰਸਾਂ ਨੂੰ ਵੰਡੀਆਂ ਗਈਆਂ।
ਇਸ ਮਹੀਨੇ ਐਸਟ੍ਰਾਜੈਨੇਕਾ ਦੀਆਂ 194,000 ਡੋਜ਼ਾਂ ਓਨਟਾਰੀਓ ਨੂੰ ਹਾਸਲ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੇ ਉਤਪਾਦਨ ਨਾਲ ਸਬੰਧਤ ਕੁੱਝ ਦਿੱਕਤਾਂ ਬਾਰੇ ਚੇਤਾਵਨੀ ਮਿਲੀ ਸੀ। ਜਿਕਰਯੋਗ ਹੈ ਕਿ ਇਹ ਵਾਇਰਲ ਵੈਕਟਰ ਵੈਕਸੀਨ ਜੇ ਐਂਡ ਜੇ ਦੀ ਸਬਸਿਡਰੀ ਜੈਨਸਨ ਫਾਰਮਾਸਿਊਟੀਕਲ ਨੇ ਤਿਆਰ ਕੀਤੀਹੈ ਤੇ ਇਸ ਨੂੰ ਪਿਛਲੇ ਹਫਤੇ ਹੈਲਥ ਕੈਨੇਡਾ ਵੱਲੋ ਸੇਫ ਤੇ ਪ੍ਰਭਾਵਸ਼ਾਲੀ ਐਲਾਨਿਆ ਗਿਆ ਹੈ। ਕੈਨੇਡਾ ਨੇ ਇਸ ਵੈਕਸੀਨ ਦੀਆਂ 10 ਮਿਲੀਅਨ ਡੋਜ਼ਾਂ ਦਾ ਆਰਡਰ ਦਿੱਤਾ ਸੀ। ਕੈਨੇਡਾ ਨੂੰ ਹਾਸਲ ਹੋਣ ਵਾਲੀਆਂ ਵੈਕਸੀਨਜ਼ ਵਿੱਚ ਸਿਰਫ ਇਹੋ ਵੈਕਸੀਨ ਹੈ ਜਿਸਦੀ ਇੱਕੋ ਡੋਜ਼ ਕਾਫੀ ਹੈ। ਪਰ ਟਰੂਡੋ ਨੇ ਆਖਿਆ ਕਿ ਕੈਨੇਡਾ ਕੋਲ ਅਜੇ ਵੀ ਅਜਿਹੀ ਤਰੀਕ ਨਹੀਂ ਹੈ ਜਦੋਂ ਇਸ ਬਾਰੇ ਪਤਾ ਲੱਗੇ ਕਿ ਸਾਨੂੰ ਇਸ ਦੀ ਪਹਿਲੀ ਡਲਿਵਰੀ ਕਦੋਂ ਹਾਸਲ ਹੋਣੀ ਹੈ। ਕੰਪਨੀ ਨਾਲ ਕਈ ਵਾਰੀ ਹੋਈ ਗੱਲਬਾਤ ਤੋਂ ਵੀ ਇਹੋ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੇ ਉਤਪਾਦਨ ਵਿੱਚ ਦੇਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …