‘ਆਵਾਜ਼-ਏ-ਪੰਜਾਬ’ ਅਜੇ ਪਾਰਟੀ ਨਹੀਂ ਇਹ ਤਾਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਚੰਗੇ ਲੋਕਾਂ ਦਾ ਸੰਗਠਨ ਹੈ
ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਅਕਾਲੀ-ਭਾਜਪਾ ਤੋਂ ਲੈ ਕੇ ਕਾਂਗਰਸ ਤੇ ‘ਆਪ’ ਤੱਕ ਸਭ ਨੂੰ ਭੰਡਿਆ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ‘ਆਵਾਜ਼-ਏ-ਪੰਜਾਬ’ ਫਰੰਟ ਬਣਾਉਣ ਦਾ ਐਲਾਨ ਕਰਕੇ ਪੰਜਾਬ ਦੀ ਖੁਸ਼ਹਾਲੀ ਲਈ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ ਹੈ। ਨਵਜੋਤ ਸਿੱਧੂ ਨੇ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਪਰਗਟ ਸਿੰਘ ਨਾਲ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ‘ਆਪ’ ਦੇ ਬਖੀਏ ਉਧੇੜਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਨੂੰ ਤਿੱਕੜੀ ਤੋਂ ਬਚਾ ਕੇ ਪੰਜਾਬ ਹਿਤੈਸ਼ੀਆਂ ਦੇ ਸਾਥ ਨਾਲ ‘ਸੂਬੇ’ ਨੂੰ ਰੁਸ਼ਨਾਉਣਾ ਹੈ। ਉਨ੍ਹਾਂ ਕਿਹਾ ਕਿ ਉਹ 15-20 ਦਿਨਾਂ ਅੰਦਰ ਆਪਣਾ ਪੂਰਾ ਸਿਆਸੀ ਏਜੰਡਾ ਅਤੇ ਪਾਰਟੀ ਦੀ ਬਣਤਰ ਨਸ਼ਰ ਕਰ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਹੁਣ ਲੋਕਾਂ ਦੀ ਸਰਕਾਰ ਮਹਿਜ਼ ਬਾਦਲ ਪਰਿਵਾਰ ਦੇ ਹਿੱਤ ਪਾਲਣ ਤੱਕ ਸੀਮਤ ਰਹਿ ਗਈ ਹੈ। ਸਿੱਧੂ ਨੇ ਦੋਸ਼ ਲਾਇਆ ਕਿ ਇੱਥੇ ਪਿਛਲੇ ਸਾਢੇ ਨੌਂ ਸਾਲਾਂ ਤੋਂ ‘ਡੰਡਾਤੰਤਰ’ ਚੱਲ ਰਿਹਾ ਹੈ ਅਤੇ ਹੁਣ ਆਖ਼ਰੀ ਪੜਾਅ ‘ਤੇ ਸਾਜ਼ਿਸ਼ੀ ਢੰਗ ਨਾਲ ਗੋਲੀਆਂ ਚਲਾ ਕੇ ਲੋਕਾਂ ਨੂੰ ਤੋੜਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਭੈਅ ਦੀ ਰਾਜਨੀਤੀ ਚਲਾਈ ਜਾ ਰਹੀ ਹੈ। ਉਨ੍ਹਾਂ ਇਸ਼ਾਰੇ ‘ਚ ਆਖਿਆ ਕਿ ਲੋਕਾਂ ਦੀ ਚੁਣੀ ਸਰਕਾਰ ਲੋਕਾਂ ਲਈ ਹੁੰਦੀ ਹੈ ਪਰ ਪੰਜਾਬ ਵਿਚ ਪਿਛਲੇ 9 ਵਰ੍ਹਿਆਂ ਤੋਂ ਲੋਕਾਂ ਵੱਲੋਂ ਚੁਣੀ ਸਰਕਾਰ ਸਿਰਫ਼ ਇਕ ਪਰਿਵਾਰ ਦੀ ਸਰਕਾਰ ਬਣ ਕੇ ਰਹਿ ਗਈ ਹੈ ਤੇ ਉਸ ਦੇ ਮੁਖੀ ਦੋ ਅੱਖਾਂ ਵਾਲਾ ਧ੍ਰਿਤਰਾਸ਼ਟਰ ਨੇ ਪੁੱਤਰ ਮੋਹ ‘ਚ ਪੰਜਾਬ ਨੂੰ ਡੋਬ ਦਿੱਤਾ।
ਪੰਜਾਬ ਡਰੱਗ ਤੇ ਕਰਜ਼ੇ ਦੀ ਦਲਦਲ ਵਿੱਚ ਧਸਿਆ ਪਿਆ ਹੈ ਅਤੇ ਬਾਦਲ ਤੇ ਕੈਪਟਨ ਇੱਕੋ ਸਿੱਕੇ ਦੇ ਦੋ ਪਾਸੇ ਸਾਬਿਤ ਹੋਏ ਹਨ। ਸਾਬਕਾ ਕ੍ਰਿਕਟਰ ਨੇ ਕਿਹਾ ਕਿ ਇਹ ਦੋਵੇਂ ਫਰੈਂਡਲੀ ਮੈਚ ਖੇਡਦੇ ਹਨ। ਇਸ ਦੀ ਮਿਸਾਲ ਹੈ ਕਿ 2012 ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਵੱਲੋਂ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਮਜ਼ੋਰ ਉਮੀਦਵਾਰ ਖੜ੍ਹਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮਜੀਠੀਆ ਨੂੰ ਸੀਬੀਆਈ ਜਾਂਚ ਤੋਂ ਬਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਈ ਗਈ ਸੀ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਬਾਹਰੋਂ ਭਾਵੇਂ ਇੱਕ-ਦੂਜੇ ਵਿਰੁੱਧ ਬਿਆਨ ਦਾਗਦੇ ਹਨ ਪਰ ਅੰਦਰੋਂ ਇਕਮਿਕ ਹਨ। ਸਿੱਧੂ ਨੇ ਖੁਲਾਸਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਨੂੰ ਆਦੇਸ਼ ਦਿੱਤੇ ਸਨ ਕਿ ਪੰਜਾਬ ਵਿੱਚ ਬਾਦਲਾਂ ਲਈ ਚੋਣ ਪ੍ਰਚਾਰ ਕੀਤਾ ਜਾਵੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ ਤੇ ਫਿਰ ਕਿਹਾ ਗਿਆ ਕਿ ਉਹ ਪੰਜਾਬ ਵੱਲ ਮੂੰਹ ਨਾ ਕਰਨ। ਇਸ ਲਈ ਪੰਜਾਬ ਬਚਾਉਣ ਵਾਸਤੇ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ। ਉਂਜ ਇਸ ਦੌਰਾਨ ਸਿੱਧੂ ਭੇਤਭਰੇ ਢੰਗ ਨਾਲ ਭਾਜਪਾ ਤੋਂ ਅਸਤੀਫ਼ਾ ਦੇਣ ਦੇ ਮੁੱਦੇ ‘ਤੇ ਖਾਮੋਸ਼ ਰਹੇ। ਉਨ੍ਹਾਂ ਇਸ ਸਵਾਲ ਦਾ ਜਵਾਬ ਭਾਜਪਾ ਕੋਲੋਂ ਲੈਣ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਅਕਾਲੀਆਂ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਲਈ ‘ਵਰਤ’ ਕੇ ਪੰਜਾਬ ਤੋਂ ਨਿਕਾਲਾ ਦੇ ਦਿੱਤਾ ਸੀ।
ਸਿੱਧੂ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਪੰਜਾਬ ਨੂੰ ਬਚਾਉਣ ਲਈ ਗਏ ਸੀ ਪਰ ਉਹ ਵੀ ਉਨ੍ਹਾਂ ਨੂੰ ਭਾਜਪਾ ਵਾਂਗ ‘ਸਾਜ਼ੋ-ਸਾਮਾਨ’ ਬਣਾ ਕੇ ਵਰਤਣਾ ਚਾਹੁੰਦੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਪਰਗਟ ਸਿੰਘ ਅਤੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਤੋਂ ਪ੍ਰੇਰਿਤ ਹੋ ਕੇ ਉਹ ਕੇਜਰੀਵਾਲ ਨਾਲ ਸਾਂਝ ਪਾਉਣ ਲਈ ਤੁਰੇ ਸਨ। ਜਦੋਂ ਕੇਜਰੀਵਾਲ ਨੇ ਉਨ੍ਹਾਂ ਨੂੰ ਸਿਰਫ਼ ‘ਆਪ’ ਦਾ ਪ੍ਰਚਾਰ ਕਰਨ ਤੇ ਉਨ੍ਹਾਂ ਦੀ ਪਤਨੀ ਡਾ. ਸਿੱਧੂ ਨੂੰ ਚੋਣ ਲੜਾ ਕੇ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਤਾਂ ਸਪੱਸ਼ਟ ਹੋ ਗਿਆ ਕਿ ‘ਆਪ’ ਵੀ ਉਨ੍ਹਾਂ ਨੂੰ ਚੋਣਾਂ ਲਈ ਵਰਤਣਾ ਚਾਹੁੰਦੀ ਹੈ। ਉਨ੍ਹਾਂ ਸਪੱਸ਼ਟ ઠਕੀਤਾ ਕਿ ਉਹ ‘ਆਪ’ઠਵਿੱਚ ਬਿਨਾਂ ਸ਼ਰਤ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਕੇਜਰੀਵਾਲ ਨੂੰ ਸਿਰਫ਼ ‘ਯੈੱਸਮੈਨ’ ਹੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨ ਬੰਦੇ 3 ਕਰੋੜ ਪੰਜਾਬੀਆਂ ਨੂੰ ਚਲਾਉਣਾ ਚਾਹੁੰਦੇ ਹਨ ਅਤੇ ਸੈਂਟਰਲ ਇੰਡੀਆ ਕੰਪਨੀ ਵਾਂਗ ਪੰਜਾਬ ਆਏ ਹਨ। ਸਿੱਧੂ ਨੇ ਖੁਲਾਸਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਕੋਲ 35-40 ਜਣੇ ਭੇਜ ਕੇ ਕਾਂਗਰਸ ਵੱਲ ਖਿਚਣ ਦਾ ਯਤਨ ਕੀਤਾ ਸੀ।
ਇਸ ਮੌਕੇ ਸਾਬਕਾ ਅਕਾਲੀ ਆਗੂ ਤੇ ਵਿਧਾਇਕ ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਜਿਨ੍ਹਾਂ ਨੂੰ ਆਪਣੇ ਨਾਲ ਰਲਾਉਂਦੇ ਹਨ, ਉਸ ਦੀਆਂ ਹੀ ਜੜ੍ਹਾਂ ਵੱਢ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਂ ਬਾਦਲਾਂ ਤੋਂ ਵੀ ਅੱਗੇ ਨਿਕਲ ਚੁੱਕੇ ਹਨ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਤੋਂ ਬਾਅਦ ਹੁਣ ਜੰਗਲ ਰਾਜ ਚੱਲ ਰਿਹਾ ਹੈ। ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ‘ਹੰਕਾਰ’ ਦਾ ਕਿਲ੍ਹਾ ਤੋੜਣ ਲਈ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੁਰਸੀ ਧੰਦਾ ਬਣ ਜਾਵੇ ਤਾਂ ਲੋਕ ਆਵਾਜ਼ ਉੱਠਣੀ ਸੁਭਾਵਕ ਹੀ ਹੈ।
ਹਰ ਪਾਰਟੀ ‘ਤੇ ਸਿੱਧੂ ਦਾ ਹਮਲਾ
ਆਮ ਆਦਮੀ ਪਾਰਟੀ : ”ਭੋਲੀ ਸੂਰਤ, ਦਿਲ ਕੇ ਖੋਟੇ, ਨਾਮ ਬੜੇ ਔਰ ਦਰਸ਼ਨ ਛੋਟੇ।” ਉਹ ਵੀ ਮੈਨੂੰ ਸ਼ੋਅਪੀਸ ਬਣਾ ਕੇ ਰੱਖਣਾ ਚਾਹੁੰਦੇ ਸਨ।
ਸ਼੍ਰੋਮਣੀ ਅਕਾਲੀ ਦਲ : ”ਯੇ ਜੋ ਕਾਲੇ ਬਾਦਲ ਮੰਡਰਾ ਰਹੇਂ ਹੈਂ, ਇਨ ਬਾਦਲੋਂ ਕੋ ਚੀਰ ਕਰ ਅਬ ਸੂਰਜ ਨਿਕਲਨਾ ਚਾਹੀਏ।”
ਕਾਂਗਰਸ : ਦਿਨ ਵਿਚ ਇਕ-ਦੂਜੇ ਦਲਾਂ ਨੂੰ ਕੋਸਦੇ ਹਨ। ਰਾਤਾਂ ਨੂੰ ਫਾਰਮ ਹਾਊਸ ‘ਚ ਜਾ ਕੇ ਗਲੇ ਮਿਲਦੇ ਹਨ।
ਭਾਜਪਾ : ਰੈਲੀਆਂ ਕਰਨ ਲਈ ਚਲੋ ਸਿੱਧੂ ਬੇਟਾ, ਫਿਰ ਦੁੱਧ ‘ਚੋਂ ਮੱਖੀ ਵਾਂਗ ਬਾਹਰ। ਮੈਂ ਤਾਂ ਉਨ੍ਹਾਂ ਲਈ ਸ਼ੋਅਪੀਸ ਸੀ।
ਬਾਦਲਾਂ ਲਈ ਨਹੀਂ ਕਰ ਸਕਦਾ ਚੋਣ ਪ੍ਰਚਾਰ
ਰਾਜ ਸਭਾ ਤੋਂ ਅਸਤੀਫ਼ਾ ਦੇਣ ਦਾ ਰਾਜ ਖੋਲ੍ਹਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਸਤੀਫ਼ਾ ਕੇਜਰੀਵਾਲ ਕਾਰਨ ਨਹੀਂ ਦਿੱਤਾ ਬਲਕਿ ਅਮਿਤ ਸ਼ਾਹ ਨੇ ਮੈਨੂੰ ਬਾਦਲਾਂ ਲਈ ਚੋਣ ਪ੍ਰਚਾਰ ਕਰਨ ਲਈ ਕਿਹਾ ਤੇ ਮੈਂ ਮਨ੍ਹਾਂ ਕਰ ਦਿੱਤਾ। ਕੇਜਰੀਵਾਲ ਤਾਂ 2 ਸਾਲ ਦਾ ਮੇਰੇ ਪਿੱਛੇ ਪਿਆ ਹੈ, 40 ਲੋਕ ਮਿਲ ਕੇ ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …