23.7 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਸਿਆਸੀ ਚਾਲ : ਆਪਣੀਆਂ ਪਾਰਟੀਆਂ ਛੱਡ ਕੇ ਆਏ ਦਲ ਬਦਲੂ ਆਗੂਆਂ ਦੀ...

ਸਿਆਸੀ ਚਾਲ : ਆਪਣੀਆਂ ਪਾਰਟੀਆਂ ਛੱਡ ਕੇ ਆਏ ਦਲ ਬਦਲੂ ਆਗੂਆਂ ਦੀ ਭਾਜਪਾ ਸਰਕਾਰ ਨੇ ਬਣਾਈ ਟੌਹਰ

ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਨੂੰ ਮਿਲੀ ‘ਵਾਈ’ ਸੁਰੱਖਿਆ
ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਚੁੱਕਿਆ ਗਿਆ ਇਹ ਕਦਮ
ਚੰਡੀਗੜ੍ਹ : ਸੁਰੱਖਿਆ ਮੁਲਾਜ਼ਮ ਰੱਖਣਾ ਸਿਆਸੀ ਆਗੂਆਂ ਦੀ ਪਹਿਲੀ ਪਸੰਦ ਹੁੰਦੀ ਹੈ। ਲੋਕ ਵੀ ਉਸ ਵਿਅਕਤੀ ਨੂੰ ਵੱਡਾ ਨੇਤਾ ਮੰਨਦੇ ਹਨ, ਜਿਸ ਕੋਲ ਵੱਡਾ ਸੁਰੱਖਿਆ ਘੇਰਾ ਹੋਵੇ। ਹਾਲਾਂਕਿ ਸਿਆਸੀ ਆਗੂਆਂ ਨੂੰ ਗੰਨਮੈਨ ਦੇਣ ਦਾ ਮਾਮਲਾ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਪਰ ਦਿਲਚਸਪ ਗੱਲ ਹੈ ਕਿ ਪੰਜਾਬ ਦੇ ਜਿਹੜੇ ਆਗੂਆਂ ਨੂੰ ਕਦੇ ਇਕ ਗੰਨਮੈਨ ਨਹੀਂ ਮਿਲਿਆ ਜਾਂ ਜਿਨ੍ਹਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਵਾਪਸ ਲੈ ਲਈ ਜਾਂ ਘਟਾ ਦਿੱਤੀ ਸੀ, ਉਨ੍ਹਾਂ ਵਿਚੋਂ ਜ਼ਿਆਦਾਤਰ ਆਗੂਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਵਾਈ’ ਸ਼੍ਰੇਣੀ ਸੁਰੱਖਿਆ ਕਵਚ ਨਾਲ ਨਿਵਾਜ਼ਿਆ ਹੈ। ਯਾਨੀ ਕਾਂਗਰਸ ਤੇ ਪੰਜਾਬ ਲੋਕ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਅੱਜ ਕੱਲ੍ਹ ਪੂਰੀ ਟੌਹਰ ਬਣੀ ਹੋਈ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਾਲਾ ਹੈ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਕਰਮੀ ਹਾਲਾਤ ਦੇ ਖਤਰੇ ਨੂੰ ਧਿਆਨ ਵਿਚ ਰੱਖ ਕੇ ਮੁਹੱਈਆ ਕਰਵਾਏ ਜਾਂਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਪਾਰਲੀਮੈਂਟ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਚੰਦ ਕੌਰ, ਰਾਜਿੰਦਰ ਸਿੰਘ ਠੇਕੇਦਾਰ, ਪ੍ਰੇਮ ਮਿੱਤਲ ਅਤੇ ਕਮਲਦੀਪ ਸੈਣੀ ਨੂੰ ਹਾਲ ਹੀ ਵਿਚ ਕੇਂਦਰ ਸਰਕਾਰ ਨੇ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਫਤਹਿਜੰਗ ਸਿੰਘ ਬਾਜਵਾ ਸਮੇਤ ਭਾਜਪਾ ਦੇ ਕਈ ਹੋਰ ਆਗੂਆਂ ਨੂੰ ਵੀ ‘ਵਾਈ’ ਸ਼੍ਰੇਣੀ ਤਹਿਤ ਸੁਰੱਖਿਆ ਦਿੱਤੀ ਗਈ।ਸਾਬਕਾ ਵਿਧਾਇਕ ਹਰਚੰਦ ਕੌਰ ਨੇ ‘ਵਾਈ’ ਸ਼੍ਰੇਣੀ ਤਹਿਤ ਸੁਰੱਖਿਆ ਗਾਰਡ ਮਿਲਣ ‘ਤੇ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਵਧੀਆ ਨਹੀਂ ਹਨ ਤੇ ਉਨ੍ਹਾਂ ਦਾ ਹਲਕਾ ਵੀ ਦਿਹਾਤੀ ਹੈ। ਹਰਚੰਦ ਕੌਰ ਅਨੁਸਾਰ ਜਦੋਂ ਪੰਜਾਬ ਵਿਚ ਮਾਹੌਲ ਠੀਕ ਨਹੀਂ ਸੀ ਤਾਂ ਉਨ੍ਹਾਂ ਦੇ ਜੇਠ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਨ੍ਹਾਂ ਦੇ ਬੇਟੇ ਨੂੰ ਅਗਵਾ ਕਰਨ ਦਾ ਯਤਨ ਕੀਤਾ ਗਿਆ ਸੀ। ਕੁਝ ਆਗੂ ਇਸ ਸੁਰੱਖਿਆ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਹਿਮ ਤੇ ਜ਼ਰੂਰੀ ਕਦਮ ਮੰਨ ਰਹੇ ਹਨ।
ਹੋਰਨਾਂ ਨੂੰ ਉਤਸ਼ਾਹਤ ਕਰਨ ਦੀ ਹੋ ਰਹੀ ਹੈ ਕੋਸ਼ਿਸ਼
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਕੇਂਦਰੀ ਸੁਰੱਖਿਆ ਦੇਣ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬਚਣ ਲਈ ਭਾਜਪਾ ਵਿਚ ਸ਼ਰਨ ਲੈਣ ਵਾਲੇ ਲੋਕਾਂ ਨੂੰ ‘ਵਾਈ’ ਤੇ ‘ਵਾਈ ਪਲੱਸ’ ਸੁਰੱਖਿਆ ਕਵਰ ਰਾਹੀਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਦਲ ਬਦਲੂਆਂ ਨੂੰ ਸੁਰੱਖਿਆ ਦੇ ਕੇ ਪੂਰੇ ਪੰਜਾਬ ਨੂੰ ਆਪਣੇ ਨਾਲ ਲਗਾ ਸਕਦੀ ਹੈ। ਪਰ ਭਾਜਪਾ ਦੀਆਂ ਅਜਿਹੀਆਂ ਚਾਲਾਂ ਪੰਜਾਬ ‘ਚ ਕੰਮ ਨਹੀਂ ਆਉਣਗੀਆਂ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਈ ਦਲ ਬਦਲੂਆਂ ਤੇ ਬਾਹਰੀ ਲੋਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਭਾਜਪਾ ਦੇ ਹੀ ਨੇਤਾਵਾਂ ‘ਚ ਅਸੰਤੁਸ਼ਟਤਾ ਫੈਲ ਗਈ ਹੈ। ਇਸਦੇ ਮੱਦੇਨਜ਼ਰ ਪਾਰਟੀ ਹੁਣ ਇਨ੍ਹਾਂ ਨੂੰ ਕੁਝ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਹ ਇਨ੍ਹਾਂ ਨੂੰ ਹੋਰ ਕੁਝ ਨਹੀਂ ਦੇ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕੋਲ ਇਨਾਂ ਦਲ ਬਦਲੂਆਂ ਨੂੰ ਦੇਣ ਲਈ ਕੁਝ ਨਹੀਂ ਹੈ ਅਤੇ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦੇ ਕੇ ਇਨ੍ਹਾਂ ਆਗੂਆਂ ਨੂੰ ਸੰਤੁਸ਼ਟ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS